ਇਕ ਐਸਾ ਕਮਿਉਨਿਸਟ, ਜੋ ਬਿਨਾਂ ਹਿਚਕ ਕਿਸੇ ਦੂਜੇ ਦੀ ਜਗ੍ਹਾ ਵੀ ਜੇਲ੍ਹ ਜਾ ਸਕਦਾ ਸੀ
ਕਾਮਰੇਡ ਹਰਦੇਵ ਸਿੰਘ ਖਿਆਲਾ
ਮਾਨਸਾ,ਗੁਰਦਾਸਪੁਰ, 15 ਫਰਵਰੀ (ਸਰਬਜੀਤ ਸਿੰਘ)– ਕੈਂਸਰ ਰੋਗ ਕਾਰਨ 6 ਫਰਵਰੀ 2024 ਨੂੰ ਸਦਾ ਲਈ ਵਿਛੜ ਗਏ ਕਾਮਰੇਡ ਹਰਦੇਵ ਸਿੰਘ ਦਾ ਜਨਮ ਜਨਵਰੀ 1953 ਵਿਚ ਮਾਨਸਾ ਜਿਲੇ ਦੇ ਇਕ ਵੱਡੇ ਪਿੰਡ ਖਿਆਲਾ ਕਲਾਂ ਦੇ ਇਕ ਬੇਜ਼ਮੀਨੇ ਮਜ਼ਦੂਰ ਪਰਿਵਾਰ ਵਿਚ ਹੋਇਆ। ਉਨਾਂ ਦੇ ਪਿਤਾ ਕਾਮਰੇਡ ਲਾਲ ਸਿੰਘ ਇਕ ਸਰਗਰਮ ਕਮਿਉਨਿਸਟ ਕਾਰਕੁੰਨ ਸਨ। ਜਿੰਨਾਂ ਦਾ ਘਰ ਪਿੰਡ ਦੇ ਮਜ਼ਦੂਰ ਵਿਹੜੇ ਦੇ ਚੌਕ ਵਿਚ ਸਥਿਤ ਸੀ। ਜਿਸ ਕਰਕੇ ਪਿੰਡ ਆਉਣ ਵਾਲੇ ਕਮਿਉਨਿਸਟ ਆਗੂ ਉਨਾਂ ਦੇ ਘਰ ਅਕਸਰ ਆਉਂਦੇ ਰਹਿੰਦਾ ਸਨ। ਪਰਿਵਾਰ ਦੇ ਅਜਿਹੇ ਸਿਆਸੀ ਮਾਹੌਲ ਕਾਰਨ ਹਰਦੇਵ ਸਿੰਘ ਬਚਪਨ ਤੋਂ ਹੀ ਕਮਿਉਨਿਸਟ ਵਿਚਾਰਾਂ ਵੱਲ ਖਿੱਚੇ ਗਏ। ਹਾਲਾਂ ਕਿ ਉਨਾਂ ਨੂੰ ਰਸਮੀ ਸਕੂਲੀ ਪੜਾਈ ਕਰਨ ਦਾ ਬਹੁਤਾ ਮੌਕਾ ਨਹੀਂ ਮਿਲਿਆ, ਪਰ ਬਾਦ ਵਿਚ ਉਨਾਂ ਅਪਣੀ ਲਗਨ ਤੇ ਮਿਹਨਤ ਨਾਲ ਵਧੀਆ ਪੜ੍ਹਨਾ ਲਿਖਣਾ ਸਿੱਖ ਲਿਆ ਸੀ।
ਜਵਾਨੀ ਵਿਚ ਪੈਰ ਧਰਦਿਆਂ ਹੀ 1975-76 ਵਿਚ ਉਹ ਕਮਿਉਨਿਸਟ ਪਾਰਟੀ ਦੇ ਮੈਂਬਰ ਬਣ ਗਏ। ਮਾਨਸਾ ਤਹਿਸੀਲ ਪੈਪਸੂ ਮੁਜ਼ਾਰਾ ਅੰਦੋਲਨ ਦਾ ਮੁੱਖ ਕੇਂਦਰ ਰਹੀ ਹੋਣ ਕਾਰਨ ਉਦੋਂ ਕਮਿਉਨਿਸਟ ਲਹਿਰ ਦਾ ਗੜ੍ਹ ਸੀ। ਉਸ ਦੌਰ ਵਿਚ ਇਸ ਖੇਤਰ ਵਿਚੋਂ ਕਈ ਕਮਿਉਨਿਸਟ ਆਗੂ ਵਿਧਾਇਕ ਅਤੇ ਸੰਸਦ ਮੈਂਬਰ ਜਿੱਤਦੇ ਰਹੇ। ਇਸ ਲਈ ਲਗਾਤਾਰ ਪਾਰਟੀ ਦੀ ਕੋਈ ਨਾ ਕੋਈ ਸਰਗਰਮੀ ਚੱਲਦੀ ਰਹਿੰਦੀ ਸੀ। ਕਾਮਰੇਡ ਹਰਦੇਵ ਤੇ ਉਨਾਂ ਦਾ ਪੱਕਾ ਸਾਥੀ ਕਾਮਰੇਡ ਹਾਕਮ ਸਿੰਘ ਹੋਰ ਸਾਥੀਆਂ ਨਾਲ ਮਿਲ ਕੇ ਜਲਸੇ ਡਰਾਮੇ ਕਰਵਾਉਣ ਲਈ ਪਿੰਡ ਵਿਚ ਬੋਰੀ ਫੜ ਕੇ ਦਾਣੇ ਤੇ ਚੰਦਾ ਇਕੱਠਾ ਕਰਨ ਜਾਂ ਪਾਰਟੀ ਕਾਨਫਰੰਸਾਂ- ਮੁਜ਼ਾਹਰਿਆਂ ਵਿਚ ਜਾਣ ਵਰਗੀਆਂ ਪਾਰਟੀ ਸਰਗਰਮੀਆਂ ਵਿਚ ਸਦਾ ਉਤਸ਼ਾਹ ਨਾਲ ਸ਼ਾਮਲ ਹੁੰਦੇ। ਸੀਪੀਆਈ ‘ਚ ਰਹਿੰਦਿਆਂ ਜਨਤਕ ਅੰਦੋਲਨਾਂ ਵਿਚ ਗ੍ਰਿਫ਼ਤਾਰੀ ਦੇ ਕੇ ਉਨ੍ਹਾਂ ਦੋ ਤਿੰਨ ਵਾਰ ਜੇਲ੍ਹ ਯਾਤਰਾ ਵੀ ਕੀਤੀ।
ਪਰ 1986-95 ਵਿਚ ਇਸ ਖੇਤਰ ਵਿਚ ਦਹਿਸ਼ਤੀ ਧੜਿਆਂ ਦੀ ਵਧੀ ਸਰਗਰਮੀ ਕਾਰਨ ਪੇਂਡੂ ਖੇਤਰ ਵਿਚ ਸੀਪੀਆਈ ਦੀ ਸਰਗਰਮੀ ਵੱਡੀ ਹੱਦ ਤੀਕ ਘੱਟ ਗਈ ਸੀ। ਜਿਸ ਕਰਕੇ ਪਿੰਡਾਂ ਦੇ ਅਨੇਕਾਂ ਕਮਿਉਨਿਸਟ ਵਰਕਰ ਨਿਰਾਸ਼ਾ ਮਹਿਸੂਸ ਕਰਨ ਲੱਗੇ। ਉਦੋਂ ਰੁਜ਼ਗਾਰ ਵਜੋਂ ਕਾਮਰੇਡ ਹਰਦੇਵ ਸਿਹਤ ਵਿਭਾਗ ਵਲੋਂ ਮਲੇਰੀਏ ਦੀ ਰੋਕਥਾਮ ਲਈ ਘਰਾਂ ਵਿਚ ਮੱਛਰ ਮਾਰਨ ਦਵਾਈ ਦੀ ਸਪਰੇਅ ਕਰਨ ਦੀ ਸਕੀਮ ਵਿਚ ਦਿਹਾੜੀਦਾਰ ਵਰਕਰ ਵਜੋਂ ਕੰਮ ਕਰਦੇ ਸਨ। ਇਸ ਮੁਹਿੰਮ ਵਿਚ ਕੰਮ ਕਰਦੇ ਸੈਂਕੜੇ ਗੈਰ ਜਥੇਬੰਦ ਵਰਕਰਾਂ ਦੀ ਉਸ ਵਕਤ ਵਿਭਾਗ ਦੇ ਅਧਿਕਾਰੀਆਂ ਵਲੋਂ ਮਨਮਾਨੀ ਲੁੱਟ ਕੀਤੀ ਜਾਂਦੀ ਸੀ। ਇਸ ਲੁੱਟ ਤੇ ਮਨਮਾਨੀ ਦੇ ਟਾਕਰੇ ਲਈ 1990-91 ਵਿਚ ਜਦੋਂ ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਵਿਚ ‘ਐਂਟੀ ਮਲੇਰੀਆ ਫੀਲਡ ਵਰਕਰਜ਼ ਯੂਨੀਅਨ ਪੰਜਾਬ’ ਜਥੇਬੰਦ ਕੀਤੀ ਗਈ, ਤਾਂ ਕਾਮਰੇਡ ਹਰਦੇਵ ਸਾਥੀਆਂ ਸਮੇਤ ਇਸ ਜਥੇਬੰਦੀ ਵਿਚ ਸਰਗਰਮ ਹੋ ਗਏ । ਇੰਝ ਹੌਲੀ ਹੌਲੀ ਉਹ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕਰੀਬ ਆ ਗਏ। ਲਿਬਰੇਸ਼ਨ ਵਲੋਂ ਜ਼ਿਲੇ ਵਿਚ ਪੇਂਡੂ ਗਰੀਬਾਂ ਤੇ ਬੇਜ਼ਮੀਨੇ ਮਜ਼ਦੂਰਾਂ ਦੇ ਮਾਣ ਸਨਮਾਨ ਤੇ ਸਮਾਜਿਕ ਆਰਥਿਕ ਮੁੱਦਿਆਂ ਨੂੰ ਲੈ ਕੇ ਲੜੇ ਜਾ ਰਹੇ ਜੁਝਾਰੂ ਸੰਘਰਸ਼ਾਂ ਤੋਂ ਪ੍ਰਭਾਵਿਤ ਹੋ ਕੇ 1995 ਵਿਚ ਉਹ ਆਪਣੇ ਪਿੰਡ ਦੇ ਕਰੀਬ ਸਾਰੇ ਮਜ਼ਦੂਰ ਪਾਰਟੀ ਮੈਂਬਰਾਂ
ਸਮੇਤ ਸੀਪੀਆਈ (ਐਮ ਐਲ) ਵਿਚ ਸ਼ਾਮਲ ਹੋ ਗਏ । ਉਨਾਂ ਪਿੰਡ ਵਿਚ ਮਜ਼ਦੂਰ ਮੁਕਤੀ ਮੋਰਚੇ ਦੀ ਇਕ ਮਜ਼ਬੂਤ ਇਕਾਈ ਜਥੇਬੰਦ ਕੀਤੀ ਅਤੇ ਨੇੜਲੇ ਪਿੰਡਾਂ ਦੇ ਮਜ਼ਦੂਰਾਂ ਨੂੰ ਵੀ ਜਥੇਬੰਦ ਕੀਤਾ। ਜਿਸ ਕਰਕੇ ਹੌਲੀ ਹੌਲੀ ਉਹ ਮਜ਼ਦੂਰ ਮੁਕਤੀ ਮੋਰਚਾ ਦੀ ਜ਼ਿਲਾ ਕਮੇਟੀ ਅਤੇ ਪਾਰਟੀ ਦੀ ਮਾਨਸਾ ਤਹਿਸੀਲ ਕਮੇਟੀ ਦੇ ਆਗੂ ਵਜੋਂ ਉਭਰ ਕੇ ਸਾਹਮਣੇ ਆਏ। ਉਹ ਪਿੰਡ ਦੀ ਪਾਰਟੀ ਬਰਾਂਚ ਦੇ ਸਕੱਤਰ ਵੀ ਸਨ। ਉਹ ਪਿੰਡ ਦੀ ਪਾਰਟੀ ਮੈਂਬਰਸ਼ਿਪ, ਲੇਵੀ, ਫੰਡ ਤੇ ਖਰਚੇ, ਜਥੇਬੰਦਕ ਸਰਗਰਮੀਆਂ ਵਿਚ ਪਿੰਡ ਦੀ ਹਿੱਸੇਦਾਰੀ ਦਾ ਪੂਰਾ ਲਿਖਤੀ ਰਿਕਾਰਡ ਰੱਖਦੇ।ਸਰਕਾਰ ਵਲੋ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਵੀ ਪੂਰਾ ਲੇਖਾ ਜੋਖਾ ਰੱਖਦੇ। ਪਾਰਟੀ ਦੀ ਚੋਣ ਮੁਹਿੰਮ ਚਲਾਉਣ ਤੇ ਪੋਲਿੰਗ ਬੂਥ ਲਾਉਣ ਆਦਿ ਦਾ ਸੁਚੱਜਾ ਪ੍ਰਬੰਧ ਕਰਦੇ। ਜਿਸ ਕਰਕੇ ਜ਼ਿਲਾ ਪਾਰਟੀ ਵਿਚ ਉਨ੍ਹਾਂ ਨੂੰ ਇਕ ਮਿਸਾਲੀ ਬ੍ਰਾਂਚ ਸਕੱਤਰ ਮੰਨਿਆ ਜਾਂਦਾ ਸੀ।
ਮਈ 2009 ਵਿਚ ਸੀਪੀਆਈ (ਐਮ ਐਲ) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਮਾਨਸਾ ਜਿਲੇ ਦੇ ਬੇਜ਼ਮੀਨੇ ਪੇਂਡੂ ਗਰੀਬਾਂ ਦਾ ਰਿਹਾਇਸ਼ੀ ਪਲਾਟਾਂ ਖਾਤਰ ਦਲਿਤ ਵਰਗ ਲਈ ਰਾਖਵੀਂਆਂ ਪੰਚਾਇਤੀ ਜ਼ਮੀਨਾਂ ਉਪਰ ਘਰ ਬਣਾਉਣ ਲਈ ਕਬਜ਼ੇ ਦਾ ਇਕ ਵੱਡਾ ਅੰਦੋਲਨ ਉਭਰਿਆ। ਕਾਮਰੇਡ ਹਰਦੇਵ ਅਤੇ ਹੋਰ ਸਰਗਰਮ ਮਜ਼ਦੂਰ ਦੀ ਅਗਵਾਈ ਹੇਠ ਪਿੰਡ ਖਿਆਲਾ ਇਸ ਅੰਦੋਲਨ ਦਾ ਇਕ ਅਹਿਮ ਕੇਂਦਰ ਬਣਿਆ। ਉਸ ਵਕਤ ਹੋਈਆਂ ਗ੍ਰਿਫਤਾਰੀਆਂ ਵਿਚ ਪਿੰਡ ਦੇ 156 ਮਜ਼ਦੂਰ ਮਰਦ ਔਰਤਾਂ ਤੇ ਨੌਜਵਾਨ ਗੁਰਦਾਸਪੁਰ, ਸੰਗਰੂਰ ਜਲੰਧਰ ਤੇ ਫਰੀਦਕੋਟ ਦੀਆਂ ਦੂਰ ਦੁਰੇਡੀਆਂ ਜੇਲਾਂ ਵਿਚ ਬੰਦ ਰਹੇ। ਕਾਮਰੇਡ ਹਰਦੇਵ ਸਿੰਘ ਹੁਰੀਂ ਵੀ ਉਦੋਂ ਦੋ ਹਫਤੇ ਸੰਗਰੂਰ ਸੈਂਟਰਲ ਜੇਲ੍ਹ ‘ਚ ਬੰਦ ਰਹੇ।
ਇਕ ਬੜਾ ਦਿਲਚਸਪ ਕਿੱਸਾ ਉਨਾਂ ਵਲੋਂ ਕਿਸਾਨ ਅੰਦੋਲਨ ਵਿਚ ਕਿਸੇ ਹੋਰ ਦੀ ਥਾਂ ‘ਤੇ ਜੇਲ੍ਹ ਜਾਣ ਦਾ ਵੀ ਹੈ। ਹੋਇਆ ਇਹ ਕਿ ਬਾਦਲ ਸਰਕਾਰ ਵਲੋਂ ਮਾਨਸਾ ਜ਼ਿਲੇ ਦੇ ਪਿੰਡ ਗੋਬਿੰਦਪੁਰਾ ਥਰਮਲ ਲਈ ਜ਼ਮੀਨ ਐਕੁਆਇਰ ਕਰਨ ਖਿਲਾਫ ਅਕਤੂਬਰ 2011 ਵਿਚ ਉਠੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਰੇਲ ਲਾਈਨਾਂ ਜਾਮ ਕਰਨ ਦਾ ਸੱਦਾ ਸੀ, ਪਰ ਸਰਕਾਰ ਵਲੋਂ ਪੁਲਸ ਪ੍ਰਸ਼ਾਸਨ ਨੂੰ ਸਖ਼ਤ ਹਿਦਾਇਤ ਸੀ ਕਿ ਕਿਸੇ ਵੀ ਹਾਲਤ ਵਿਚ ਰੇਲਾਂ ਰੁਕਣ ਨਹੀਂ ਦੇਣੀਆਂ। ਨਤੀਜਾ ਪੁਲਸ ਨੇ ਕਿਸਾਨਾਂ ਨੂੰ ਰੇਲ ਲਾਈਨਾਂ ਦੇ ਨੇੜੇ ਨਾ ਫਟਕਣ ਦੇਣ ਦੇ ਤਕੜੇ ਪ੍ਰਬੰਧ ਕੀਤੇ ਹੋਏ ਸਨ, ਪਰ ਕਾਮਰੇਡ ਰਾਜਵਿੰਦਰ ਰਾਣਾ ਦੀ ਬਣਾਈ ਖੁਫੀਆ ਸਕੀਮ ਤਹਿਤ ਪੰਜਾਬ ਕਿਸਾਨ ਯੂਨੀਅਨ ਦੇ ਵਰਕਰ ਪੁਲਸ ਦੇ ਅੱਖੀਂ ਘੱਟਾ ਪਾ ਕੇ ਮਾਨਸਾ ਸ਼ਹਿਰ ਦੀਆਂ ਤੰਗ ਗਲੀਆਂ ਰਾਹੀਂ ਰੇਲ ਲਾਈਨਾਂ ਤੱਕ ਅਪੜਣ ਵਿਚ ਕਾਮਯਾਬ ਰਹੇ। ਇਹ ਵੇਖ ਕੇ ਬੁਖਲਾਈ ਪੁਲਸ ਉਨਾਂ ਅੰਦੋਲਨਕਾਰੀ ਕਿਸਾਨਾਂ ਉਤੇ ਟੁੱਟ ਪਈ। ਲਾਠੀਚਾਰਜ ਦੇ ਨਾਲ ਉਨਾਂ ਗ੍ਰਿਫਤਾਰੀਆਂ ਵੀ ਕੀਤੀਆਂ। ਕਾਮਰੇਡ ਰਾਣੇ ਸਮੇਤ ਗ੍ਰਿਫਤਾਰ ਕੀਤੇ ਦਰਜਨਾਂ ਅੰਦੋਲਨਕਾਰੀਆਂ ਨੂੰ ਮਾਨਸਾ ਸਿਟੀ ਥਾਣੇ ਵਿਚ ਡੱਕਿਆ ਗਿਆ। ਨਾਂ ਪਤੇ ਸਹਿਤ ਉਨਾਂ ਦੀ ਸੂਚੀ ਬਣਾ ਕੇ ਜੇਲ ਭੇਜਣ ਲਈ ਮੈਜਿਸਟਰੇਟ ਤੋਂ ਵਾਰੰਟ ਵੀ ਬਣਵਾ ਲਏ। ਪਰ ਜੇਲ ਭੇਜਣ ਦੀ ਤਿਆਰੀ ਵੇਖ ਕੇ ਇਕ ਡਰੂ ਕਿਸਾਨ ਮੌਕਾ ਤਾੜ ਕੇ ਥਾਣੇ ਵਿਚੋਂ ਖਿਸਕ ਗਿਆ। ਇਸ ਦਾ ਪਤਾ ਪੁਲਸ ਮੁਲਾਜ਼ਮਾਂ ਨੂੰ ਕਾਫੀ ਸਮੇਂ ਬਾਦ ਉਦੋਂ ਲੱਗਿਆ, ਜਦੋਂ ਜੇਲ ਲਈ ਰਵਾਨਾ ਕਰਨ ਤੋਂ ਪਹਿਲਾਂ ਉਨਾਂ ਨੇ ਹਿਰਾਸਤ ਵਿਚਲੇ ਅੰਦੋਲਨਕਾਰੀਆਂ ਦੀ ਮੁੜ ਹਾਜ਼ਰੀ ਲਾਈ। ਇਕ ਬੰਦਾ ਘਟਿਆ ਵੇਖ ਕੇ ਸਬੰਧਤ ਹੇਠਲੇ ਪੁਲਸ ਮੁਲਾਜ਼ਮਾਂ ਦੇ ਭਾਅ ਦੀ ਬਣ ਗਈ ਕਿ ਹੁਣ ਅਸੀਂ ਟੰਗੇ ਜਾਵਾਂਗੇ। ਕੋਈ ਹੋਰ ਚਾਰਾ ਨਾ ਵੇਖ ਕੇ ਉਨਾਂ ਇਸ ਬਾਰੇ ਕਾਮਰੇਡ ਰਾਣਾ ਨੂੰ ਦਸਿਆ ਅਤੇ ਲੱਗੇ ਤਰਲੇ ਕਰਨ ਕਿ ਉਪਰਲਿਆਂ ਨੂੰ ਪਤਾ ਲੱਗਣ ‘ਤੇ ਉਹ ਸਾਨੂੰ ਹੁਣੇ ਸਸਪੈਂਡ ਕਰ ਦੇਣਗੇ, ਕਾਮਰੇਡ ਕਿਵੇਂ ਨਾ ਕਿਵੇਂ ਸਾਡਾ ਬਚਾਅ ਕਰੋ। ਕਾਮਰੇਡ ਰਾਣਾ ਨੇ ਕਿਹਾ ਕਿ ਤੁਹਾਡਾ ਬਚਾਅ ਤਾਂ ਗਿਣਤੀ ਪੂਰੀ ਹੋਣ ਨਾਲ ਹੀ ਹੋਵੇਗਾ ਤੇ ਉਸ ਦੇ ਲਈ ਮੈਨੂੰ ਬਾਹਰ ਜਾ ਕੇ ਉਹ ਜਾਂ ਉਸ ਦੀ ਜਗ੍ਹਾ ਕੋਈ ਹੋਰ ਬੰਦਾ ਲੱਭਣਾ ਪਵੇਗਾ, ਵੇਖ ਲਓ ਜੇਕਰ ਇਹ ਕਰ ਸਕਦੇ ਹੋ? ਇਹ ਸੁਣ ਕੇ ਪਹਿਲਾਂ ਤਾਂ ਉਹ ਪੁਲਸ ਵਾਲੇ ਬਹੁਤ ਘਬਰਾਏ ਕਿ ਜੇਕਰ ਆਪੇ ਭੇਜਿਆ ਕਾਮਰੇਡ ਰਾਣਾ ਵੀ ਨਾ ਮੁੜਿਆ, ਤਾਂ ਹੋਰ ਵੱਡਾ ਪੰਗਾ ਖੜ੍ਹਾ ਹੋ ਜਾਵੇਗਾ। ਪਰ ਕੋਈ ਹੋਰ ਚਾਰਾ ਵੀ ਨਹੀਂ ਸੀ, ਸੋ ਉਨਾਂ ਨੇ ਇਕ ਕਮਿਉਨਿਸਟ ਦੇ ਕਹੇ ਉਤੇ ਯਕੀਨ ਕਰਦਿਆਂ ਰਾਣਾ ਨੂੰ ਬਾਹਰ ਤੋਰ ਦਿੱਤਾ। ਬਾਜ਼ਾਰ ਵਿਚ ਘੁੰਮਦਿਆਂ ਸਾਥੀ ਰਾਣਾ ਨੂੰ ਅਚਾਨਕ ਘਰ ਦਾ ਸੌਦਾ ਪੱਤਾ ਲੈਣ ਸ਼ਹਿਰ ਆਇਆ ਕਾਮਰੇਡ ਹਰਦੇਵ ਸਿੰਘ ਮਿਲ ਪਿਆ। ਲਾਲ ਸਲਾਮ ਬੁਲਾ ਕੇ ਕਾਮਰੇਡ ਹਰਦੇਵ ਨੇ ਸਾਥੀ ਰਾਣਾ ਨੂੰ ਪੁੱਛਿਆ – ਕਾਮਰੇਡ ਜੀ ਤੁਸੀਂ ਕਿਧਰ? ਤਾਂ ਸਾਥੀ ਰਾਣਾ ਨੇ ਉਨਾਂ ਨੂੰ ਸਾਰੀ ਸਮਸਿਆ ਦਸੀ। ਸੁਣ ਕੇ ਕਾਮਰੇਡ ਹਰਦੇਵ ਨੇ ਅਪਣੇ ਸੁਭਾਅ ਮੁਤਾਬਿਕ ਸਰਸਰੀ ਕਿਹਾ – ‘ਫੇਰ ਇਹ ਕਿੱਡਾ ਕੁ ਕੰਮ ਐਂ! ਮੈਂ ਚੱਲਦਾ ਥੋਡੇ ਨਾਲ, ਪੁਲਸ ਜਿਥੇ ਮਰਜੀ ਭੇਜ ਦੇਵੇ।’ ਉਨ੍ਹਾਂ ਨੇ ਅਪਣਾ ਘਰੇਲੂ ਸੌਦੇ ਪੱਤੇ ਵਾਲਾ ਥੈਲਾ ਨਾਲ ਆਏ ਬੰਦੇ ਨੂੰ ਘਰ ਲਈ ਫੜਾਉਂਦਿਆਂ ਕਿਹਾ – ‘ਇਹ ਸਾਡੇ ਘਰੇ ਫੜਾ ਦੇਣੀ ਤੇ ਨਾਲ ਦਸ ਦੇਈਂ ਕਿ ਮੈਂ ਜਥੇਬੰਦੀ ਦੇ ਕੰਮ ਜਾ ਰਿਹਾ ਹਾਂ, ਮੁੜਨ ਨੂੰ ਕਈ ਦਿਨ ਲੱਗ ਜਾਣਗੇ।’ ਜਦੋਂ ਉਹ ਤੇ ਕਾਮਰੇਡ ਰਾਣਾ ਵਾਪਸ ਥਾਣੇ ਆਏ, ਤਾਂ ਪੁਲਸ ਵਾਲਿਆਂ ਦੇ ਸਾਹ ‘ਚ ਸਾਹ ਆਏ। ਇੰਝ ਹਰਦੇਵ ਸਿੰਘ ਕਿਸੇ ਹੋਰ ਦੀ ਥਾਂ ‘ਤੇ ਤਾਮਕੋਟ ਜੇਲ ਜਾ ਪਹੁੰਚੇ ਤੇ ਸਰਕਾਰ ਵਲੋਂ ਸਾਰੇ ਅੰਦੋਲਨਕਾਰੀਆਂ ਨੂੰ ਰਿਹਾਅ ਕਰਨ ਤੱਕ ਕਿਸਾਨਾਂ ਨਾਲ ਜੇਲ ਕੱਟੀ। ਇੰਝ ਉਨਾਂ ਅਮਲ ਵਿਚ ਮਜ਼ਦੂਰਾਂ ਕਿਸਾਨਾਂ ਦੀ ਜਮਾਤੀ ਸਾਂਝ ਦਾ ਨਮੂਨਾ ਪੇਸ਼ ਕੀਤਾ।
ਉਨਾਂ ਦੇ ਦੋ ਬੇਟੇ ਤੇ ਇਕ ਬੇਟੀ ਹੈ ਤਿੰਨੇ ਸ਼ਾਦੀਸ਼ੁਦਾ ਹਨ। ਇਹ ਸਾਹਮਣੇ ਆਉਣ ਤੋਂ ਬਾਦ ਕਿ ਕਾਮਰੇਡ ਕੈਂਸਰ ਦੀ ਨਾ-ਮੁਰਾਦ ਬੀਮਾਰੀ ਦੀ ਪਕੜ ਵਿਚ ਆ ਗਏ ਹਨ, ਪਰਿਵਾਰ, ਪਾਰਟੀ ਅਤੇ ਪਿੰਡ ਦੇ ਸਾਥੀਆਂ ਨੇ ਉਨਾਂ ਦੇ ਇਲਾਜ ਲਈ ਹਰ ਸੰਭਵ ਯਤਨ ਕੀਤਾ। ਕਾਮਰੇਡ ਖੁਦ ਵੀ ਅੰਤ ਤੱਕ ਪੂਰੇ ਹੌਂਸਲੇ ਵਿਚ ਰਿਹਾ। ਬੀਮਾਰੀ ਦੀ ਬਾਵਜੂਦ ਅਪਣੀ ਮਜ਼ਬੂਤ ਮਾਨਸਿਕਤਾ ਦਾ ਸਬੂਤ ਦਿੰਦਿਆਂ ਉਹ 28 ਅਗਸਤ 2023 ਨੂੰ ਮਾਨਸਾ ਵਿਖੇ ਹੋਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਇਕ ਵਿਸ਼ਾਲ ਰੈਲੀ ਵਿਚ ਸ਼ਾਮਲ ਹੋਏ ਰੈਲੀ ਨੂੰ ਸੰਬੋਧਨ ਵੀ ਕੀਤਾ ਅਤੇ ਇਨਕਲਾਬੀ ਗੀਤ ਵੀ ਸੁਣਾਏ।
ਅਪਣੇ ਅਜਿਹੇ ਸੂਝਵਾਨ ਜਥੇਬੰਦਕ ਅਤੇ ਅਡੋਲ ਇਨਕਲਾਬੀ ਮਜ਼ਦੂਰ ਆਗੂ ਤੋਂ ਮਜ਼ਦੂਰ ਜਮਾਤ ਅਤੇ ਸੀਪੀਆਈ (ਐਮ ਐਲ) ਸਦਾ ਪ੍ਰੇਰਨਾ ਲੈਂਦੇ ਰਹਿਣਗੇ।


