ਡਿਪਟੀ ਕਮਿਸਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਲਈ ਇੱਕ ਨਵਾਂ ਉਪਰਾਲਾ

ਗੁਰਦਾਸਪੁਰ

ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਦੀ ਸਿਖ਼ਲਾਈ ਦੇਣ ਲਈ ਸ਼ੁਰੂ ਕੀਤਾ ਜਾ ਰਿਹਾ `ਸੁਪਰ-30` ਬੈਚ

`ਸੁਪਰ-30` ਬੈਚ ਵਿੱਚ ਨੌਜਵਾਨਾਂ ਨੂੰ ਲਿਖ਼ਤੀ ਤੇ ਫਿਜੀਕਲ ਟੈਸਟ ਦੀ ਕਰਵਾਈ ਜਾਵੇਗੀ ਮੁਫ਼ਤ ਤਿਆਰੀ

ਗੁਰਦਾਸਪੁਰ, 2 ਜੁਲਾਈ (ਸਰਬਜੀਤ ਸਿੰਘ)–ਡਿਪਟੀ ਕਮਿਸਨਰ ਗੁਰਦਾਸਪੁਰ ਡਾ. ਹਿਮਾਂਸੂ ਅਗਰਵਾਲ ਵੱਲੋਂ ਇੱਕ ਹੋਰ ਨਿਵੇਕਲਾ ਉਪਰਾਲਾ ਕਰਦਿਆਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨਾਂ ਨੂੰ ਪੰਜਾਬ ਪੁਲਿਸ, ਬੀ.ਐੱਸ.ਐੱਫ਼, ਸੀ.ਆਰ.ਪੀ.ਐੱਫ਼ ਅਤੇ ਭਾਰਤੀ ਫ਼ੌਜ ਵਿੱਚ ਭਰਤੀ ਹੋਣ ਲਈ ਲਿਖਤੀ ਪ੍ਰੀਖਿਆ ਅਤੇ ਫ਼ਿਜੀਕਲ ਟ੍ਰੇਨਿੰਗ ਦੇਣ ਲਈ ਜਲਦ ਹੀ `ਸੁਪਰ-30` ਬੈਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ `ਸੁਪਰ-30` ਬੈਚ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ 30 ਨੌਜਵਾਨ ਲੜਕੇ-ਲੜਕੀਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਦੀ ਮੁਫ਼ਤ ਸਿਖ਼ਲਾਈ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇਕ `ਸੁਪਰ-30` ਬੈਚ ਦੇ ਇੱਕ ਬੈਚ ਦਾ ਸਮਾਂ ਤਿੰਨ ਮਹੀਨੇ ਹੋਵੇਗਾ ਅਤੇ ਉਸਤੋਂ ਬਾਅਦ ਅਗਲੇ 30 ਨੌਜਵਾਨ ਲੜਕੇ-ਲੜਕੀਆਂ ਨੂੰ ਇਸ ਬੈਚ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ `ਸੁਪਰ-30` ਬੈਚ ਵਿੱਚ ਸਿਖ਼ਲਾਈ ਬਿਲਕੁਲ ਮੁਫ਼ਤ ਹੋਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨਾਂ ਵਿੱਚ ਸੁਰੱਖਿਆ ਬਲਾਂ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਦਾ ਬਹੁਤ ਜਜ਼ਬਾ ਹੈ। ਪਰ ਕਈ ਵਾਰ ਪੂਰੀ ਜਾਣਕਾਰੀ ਜਾਂ ਤਿਆਰੀ ਨਾ ਹੋਣ ਕਾਰਨ ਨੌਜਵਾਨ ਭਰਤੀ ਹੋਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ `ਸੁਪਰ-30` ਬੈਚ ਵਿੱਚ ਸ਼ਾਮਲ ਨੌਜਵਾਨ ਲੜਕੇ-ਲੜਕੀਆਂ ਨੂੰ ਪੂਰੀ ਤਰਾਂ ਪ੍ਰੋਫੈਸ਼ਨਲ ਤੌਰ `ਤੇ ਲਿਖ਼ਤੀ ਤੇ ਫਿਜੀਕਲ ਟੈਸਟ ਦੀ ਤਿਆਰੀ ਕਰਵਾਈ ਜਾਵੇਗੀ ਤਾਂ ਜੋ ਜਦੋਂ ਵੀ ਪੰਜਾਬ ਪੁਲਿਸ, ਬੀ.ਐੱਸ.ਐੱਫ਼, ਸੀ.ਆਰ.ਪੀ.ਐੱਫ਼ ਅਤੇ ਭਾਰਤੀ ਫ਼ੌਜ ਦੀ ਭਰਤੀ ਆਵੇ ਨੌਜਵਾਨ ਉਸ ਵਿੱਚ ਆਪਣੀ ਤਿਆਰੀ ਦੀ ਬਦੌਲਤ ਭਰਤੀ ਹੋ ਸਕਣ। ਉਨ੍ਹਾਂ ਕਿਹਾ ਕਿ ਸੁਪਰ-30 ਬੈਚ ਦੇ ਸਦਕਾ ਜਿਥੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਧ ਤੋਂ ਵੱਧ ਨੌਜਵਾਨ ਸੁਰੱਖਿਆ ਬਲਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਗੇ ਓਥੇ ਇਸ ਨਾਲ ਬੇਰੁਜ਼ਗਾਰੀ ਵੀ ਘਟੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ ਅਤੇ ਕਾਲਜਾਂ ਦੇ ਪਿ੍ੰਸੀਪਲਾਂ ਨੂੰ ਕਿਹਾ ਹੈ ਕਿ ਉਹ ਆਪਣੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਚੁੱਕੇ ਅਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਸੁਪਰ-30 ਬੈਚ ਬਾਰੇ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਸੁਪਰ-30 ਬੈਚ ਵਿੱਚ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਕਮਰਾ ਨੰਬਰ-217,  ਬਲਾਕ-ਬੀ ,ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਪਹੁੰਚ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।   

Leave a Reply

Your email address will not be published. Required fields are marked *