ਪਰਮਪ੍ਰੀਤ ਸਿੰਘ ਗੁਰਾਇਆ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ ) – ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਪਿੰਡਾਂ/ਸ਼ਹਿਰਾਂ ਵਿੱਚ ਜਾ ਕੇ ਲੋਕ ਮਸਲਿਆਂ ਦਾ ਹੱਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਬ-ਤਹਿਸੀਲ ਦੋਰਾਂਗਲਾ ਦੇ ਮਕੌੜਾ ਪੱਤਣ ਦੇ ਰਾਵੀ ਦਰਿਆ ਤੋਂ ਪਾਰ ਸਰਹੱਦ ਨਾਲ ਪੈਂਦੇ ਪਿੰਡ ਭਰਿਆਲ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸ. ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ, ਦੀਨਾਨਗਰ ਵਾਧੂ ਚਾਰਜ ਉਪ ਮੰਡਲ ਮੈਜਿਸਟਰੇਟ, ਦੀਨਾਨਗਰ ਸਮੇਤ ਹੋਰ ਅਧਿਕਾਰੀਆਂ ਨੇ ਹਾਜ਼ਰੀ ਭਰੀ।
ਕੈਂਪ ਦੌਰਾਨ ਅਧਿਕਾਰੀਆਂ ਨੇ ਰਾਵੀ ਦਰਿਆ ਦੇ ਪਾਰ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੈਂਪ ਵਿੱਚ ਸ਼ਾਮਲ ਹੋਏ ਸਥਾਨਕ ਵਸਨੀਕਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ।
ਤਹਿਸੀਲਦਾਰ ਸ. ਪਰਮਪ੍ਰੀਤ ਸਿੰਘ ਗੁਰਾਇਆ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕੈਂਪ ਲਗਾਏ ਜਾ ਰਹੇ ਹਨ ਜਿਸ ਦਾ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਭਰਿਆਲ ਵਿਖੇ ਲੱਗੇ ਅੱਜ ਦੇ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲੈ ਕੇ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਉਠਾਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਜਾਰੀ ਰਹਿਣਗੇ।