ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮਾਗਮ ਦੌਰਾਨ ਹਾਜ਼ਰੀ ਭਰਕੇ ਸ਼ਹੀਦਾਂ ਨੂੰ ਕੀਤਾ ਸਿਜਦਾ
ਗੁਰਦਾਸਪੁਰ, 15 ਜਨਵਰੀ (ਸਰਬਜੀਤ ਸਿੰਘ) – ਜ਼ਿਲ੍ਹਾ ਹੈਰੀਟੇਜ ਸੁਸਾਇਟੀ ਅਤੇ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਛੰਬ ਵਿਖੇ ਚਾਲੀ ਮੁਕਤਿਆਂ ਅਤੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਪੂਰੀ ਸ਼ਰਧਾ-ਭਾਵਨਾ ਨਾਲ ਕਰਵਾਇਆ ਗਿਆ। ਮਾਘੀ ਦਿਹਾੜੇ ਸਬੰਧੀ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਉਪਰੰਤ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਣੀ ਦਾ ਗਾਇਨ ਕੀਤਾ ਗਿਆ। ਇਸ ਮੌਕੇ ਚਾਲੀ ਮੁਕਤਿਆਂ ਤੇ ਹੋਰ ਸ਼ਹੀਦਾਂ ਅਤੇ ਗੁਰ-ਇਤਿਹਾਸ ਬਾਰੇ ਕਥਾ-ਵਿਚਾਰ ਕੀਤੀ ਗਈ।
ਇਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਜਨਰਲ ਸਕੱਤਰ ਸ. ਤਜਿੰਦਰ ਪਾਲ ਸਿੰਘ ਸੰਧੂ (ਰਿਟਾ: ਏ.ਡੀ.ਸੀ), ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ, ਸ੍ਰੀਮਤੀ ਅਮਰਜੀਤ ਕੌਰ ਸੇਖਵਾਂ, ਸ੍ਰੀਮਤੀ ਬਹਾਰਪ੍ਰੀਤ ਕੌਰ ਸੇਖਵਾਂ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਜ਼ਿਲ੍ਹਾ ਬਾਗਬਾਨੀ ਅਫ਼ਸਰ ਸ. ਤਜਿੰਦਰ ਸਿੰਘ ਬਾਜਵਾ, ਹਰਚਰਨ ਸਿੰਘ ਕੰਗ ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾਂ, ਜਾਇੰਟ ਸਕੱਤਰ ਹਰਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਸਾਡਾ ਇਤਿਹਾਸ ਬਹੁਤ ਗੌਰਵਮਈ ਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਮਾਘੀ ਦੇ ਦਿਹਾੜੇ ਮੌਕੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਸਾਡਾ ਗੌਰਵ ਹੈ ਅਤੇ ਇਹ ਸਾਨੂੰ ਹਮੇਸ਼ਾਂ ਹੱਕ ਤੇ ਸੱਚ ’ਤੇ ਪਹਿਰਾ ਦੇਣ ਲਈ ਪ੍ਰੇਰਦਾ ਰਹੇਗਾ।
ਇਸ ਮੌਕੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਜਨਰਲ ਸਕੱਤਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋ ਰਾਜ ਕੁਮਾਰ ਸ਼ਰਮਾਂ ਨੇ ਚਾਲੀ ਮੁਕਤਿਆਂ ਅਤੇ ਛੋਟੇ ਘੱਲੂਘਾਰੇ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਅਰਦਾਸ ਉਪਰੰਤ ਸਮਾਗਮ ਦੇ ਅਖੀਰ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।



