ਲਿਬਰੇਸ਼ਨ ਵੱਲੋਂ ਚੀਫ਼ ਜਸਟਿਸ ਗਵੱਈ ਦੇ ਅਪਮਾਨ ਅਤੇ ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਪਿੱਛੇ ਕੰਮ ਕਰ ਰਹੀ ਉੱਚ ਜਾਤੀਵਾਦੀ ਘ੍ਰਿਣਾ ਦੀ ਸਖ਼ਤ ਨਿੰਦਾ

ਮਾਲਵਾ

ਇਸ ਵਰਤਾਰੇ ਖਿਲਾਫ਼ ਅਗਲੀ ਕਾਰਵਾਈ ਹਮਖਿਆਲ ਤਾਕਤਾਂ ਨਾਲ ਮਸ਼ਵਰੇ ਤੋਂ ਬਾਅਦ

ਮਾਨਸਾ, ਗੁਰਦਾਸਪੁਰ, 10 ਅਕਤੂਬਰ  (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਅਦਾਲਤ ਵਿੱਚ ਬੈਠੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵੱਈ ਵੱਲ ਹਿੰਦੂਤਵੀ ਵਿਚਾਰਧਾਰਾ ਦੇ ਇਕ ਕੱਟੜਪੰਥੀ ਵਕੀਲ ਵਲੋਂ ਜੁੱਤਾ ਸੁੱਟਣ, ਹਰਿਆਣਾ ਪੁਲਿਸ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਵਲੋਂ ਡੀਜੀਪੀ ਤੇ ਹੋਰ ਸੀਨੀਅਰ ਪੁਲਿਸ ਅਫਸਰਾਂ ਵਲੋਂ ਉਸ ਨੂੰ ਲਗਾਤਾਰ ਜਾਤੀ ਆਧਾਰ ‘ਤੇ ਪ੍ਰੇਸ਼ਾਨ ਤੇ ਅਪਮਾਨਤ ਕਰਨ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲੈਣ ਅਤੇ ਰਾਏ ਬਰੇਲੀ ਵਿੱਚ ਹਰੀ ਓਮ ਨਾਮਕ ਇੱਕ ਦਲਿਤ ਨੌਜਵਾਨ ਨੂੰ ਭੀੜ ਵਲੋਂ ਮਾਰ ਕੁੱਟ ਕੇ ਕਤਲ ਕਰ ਦੇਣ ਨੂੰ ਬੇਹੱਦ ਗੰਭੀਰ ਮਾਮਲੇ ਕਰਾਰ ਦਿੰਦਿਆਂ ਅਤੇ ਇੰਨਾਂ ਵਾਰਦਾਤਾਂ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਹ ਘਟਨਾਵਾਂ ਸੰਘ ਬੀਜੇਪੀ ਦੀ ਦਲਿਤ ਵਿਰੋਧੀ ਉੱਚ ਜਾਤੀ ਮਾਨਸਿਕਤਾ ਨੂੰ ਸਰਪ੍ਰਸਤੀ ਦੇਣ ਦਾ ਨਤੀਜਾ ਹਨ ਅਤੇ ਦੇਸ਼ ਦੇ ਸਮੁੱਚੇ ਇਨਸਾਫ਼ ਪਸੰਦ ਤੇ ਜਮਹੂਰੀ ਲੋਕਾਂ ਵਲੋਂ ਅਜਿਹੀਆਂ ਘਟਨਾਵਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਣਾ ਚਾਹੀਦਾ ਹੈ।

ਲਿਬਰੇਸ਼ਨ ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਜਾਤੀ ਤੌਰ ‘ਤੇ ਅਪਮਾਨਤ ਕਰਨ ਵਾਲੇ ਉਸ ਦੋਸ਼ੀ ਵਕੀਲ ਨੂੰ ਖਿਲਾਫ ਕੋਈ ਕਾਰਵਾਈ ਨਾ ਕਰਕੇ ਖੁੱਲਮ ਖੁੱਲਾ ਦਲਿਤ ਵਰਗ ਦੇ ਲੋਕਾਂ ਦਾ ਅਪਮਾਨ ਦੀ – ਬੇਸ਼ਕ ਉਹ ਕਿੰਨੇ ਵੀ ਉੱਚੇ ਸੰਵਿਧਾਨਕ ਅਹੁਦੇ ਉਤੇ ਕਿਉਂ ਨਾ ਹੋਣ – ਖੁੱਲੀ ਛੁੱਟੀ ਦੇ ਰਹੀ ਹੈ। ਜੇਕਰ ਬੀਜੇਪੀ ਤੇ ਮੋਦੀ ਦੇ ਰਾਜ ਵਿੱਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਪੁਲਿਸ ਦੇ ਏਡੀਜੀਪੀ ਵਰਗੇ ਉੱਚੇ ਅਹੁਦਿਆਂ ਉਤੇ ਪਹੁੰਚੇ ਦਲਿਤ ਦਾ ਸਨਮਾਨ ਤੇ ਜਾਨ ਸੁਰਖਿਅਤ ਨਹੀਂ, ਤਾਂ ਕਿਸੇ ਹਰੀ ਓਮ ਵਰਗੇ ਕਤਲ ਕਰ ਦਿੱਤੇ ਗਏ ਗਰੀਬ ਦਲਿਤ ਦੇ ਪਰਿਵਾਰ ਨੂੰ ਇਨਸਾਫ ਮਿਲਣ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? ਬਿਆਨ ਵਿੱਚ ਮੋਦੀ ਸਰਕਾਰ ਵਿੱਚ ਵਜ਼ੀਰ ਚਿਰਾਗ ਪਾਸਵਾਨ ਅਤੇ ਬੀਐਸਪੀ ਦੀ ਮੁੱਖੀ ਮਾਇਆਵਤੀ ਵਰਗੇ ਦਲਿਤ ਨੇਤਾਵਾਂ ਵਲੋਂ ਮਹਿਜ਼ ਦਲਿਤ ਹੋਣ ਦੇ ਨਾਤੇ ਗਵੱਈ ਤੇ ਪੂਰਨ ਕੁਮਾਰ ਵਰਗੇ ਪ੍ਰਮੁੱਖ ਲੋਕਾਂ ਨਾਲ ਹੋਏ ਸਲੂਕ ਬਾਰੇ ਇਕ ਸ਼ਬਦ ਤੱਕ ਨਾ ਬੋਲਣ ਦੀ ਵੀ ਨਿੰਦਾ ਕੀਤੀ ਗਈ ਹੈ।

ਲਿਬਰੇਸ਼ਨ ਆਗੂ ਦਾ ਕਹਿਣਾ ਹੈ ਕਿ ਦਲਿਤ ਵਰਗਾਂ ਵਿਚੋਂ ਜੋ ਲੋਕ ਛੋਟੇ ਵੱਡੇ ਅਹੁਦਿਆਂ ਦੇ ਲਾਲਚ ਵਿੱਚ ਬੀਜੇਪੀ ਵਿੱਚ ਜਾ ਰਹੇ ਹਨ, ਇੰਨਾਂ ਘਟਨਾਵਾਂ ਸਦਕਾ ਉਨ੍ਹਾਂ ਦੀਆਂ ਵੀ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਪੀਆਈ ਐਮ ਐਲ ਲਿਬਰੇਸ਼ਨ ਵਲੋਂ ਹਮਖਿਆਲ ਤਾਕਤਾਂ ਨਾਲ ਵਿਚਾਰ ਵਟਾਂਦਰਾ ਕਰਕੇ ਮੋਦੀ ਸਰਕਾਰ ਵਲੋਂ ਦਲਿਤਾਂ ਖ਼ਿਲਾਫ਼ ਪੈਦਾ ਕੀਤੇ ਇਸ ਅਪਮਾਨਜਨਕ ਮਾਹੌਲ ਖਿਲਾਫ ਜਨਤਕ ਲਾਮਬੰਦੀ ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ ਜਾਵੇਗਾ।

Leave a Reply

Your email address will not be published. Required fields are marked *