ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਰੱਖੀ ਇਕ ਦਿਨ ਦੀ ਸੰਕੇਤਿਕ ਭੁੱਖ ਹੜਤਾਲ

ਗੁਰਦਾਸਪੁਰ

ਗੁਰਦਾਸਪੁਰ, 5 ਮਾਰਚ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੂੰ ਗੁਰਦਾਸਪੁਰ ਧਰਨੇ ਤੇ ਜਾਂਦਿਆਂ ਅੱਜ ਸਵੇਰੇ 8:30 ਵਜੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਪਿੰਡ ਸੋਹਲ ਦੇ ਨੇੜੇ 200 ਤੋਂ ਵਧੇਰੇ ਪੁਲਿਸ ਕਰਮੀਆਂ ਨੇ ਨਾਕਾ ਬੰਦੀ ਕਰਕੇ ਜਬਰੀ ਹਿਰਾਸਤ ਵਿੱਚ ਲਿਆ ਗਿਆ ਅਤੇ ਹਿਮਾਚਲ ਪ੍ਰਦੇਸ਼ ਦੇ ਨੇੜੇ ਬਿਆਨ ਪੁਰ ਪੁਲਿਸ ਚੌਂਕੀ ਰੱਖਿਆ ਗਿਆ।ਜਿਥੋਂ ਕਰੀਬ 12 ਵਜੇ ਪੁਲਿਸ ਅਧਿਕਾਰੀਆਂ ਨੇ ਭੋਜਰਾਜ ਨੂੰ ਰਿਹਾਅ ਕਰਕੇ ਧਰਨੇ ਵਾਲੀ ਥਾਂ ਤੇ ਪਹੁੰਚਾਇਆ।

ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾਂ ਕਰਨ ਦੇ ਰੋਸ ਵਜੋਂ ਅਤੇ ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਕੌਮੀ ਕਨਵੀਨਰਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ 100 ਵੇਂ ਦਿਨ ਅੱਜ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਨਾਲ ਸੰਬੰਧਿਤ ਜਥੇਬੰਦੀਆਂ ਦੇ 100 ਤੋਂ ਵਧੇਰੇ ਕਿਸਾਨਾਂ ਨੇ ਮੋਰਚੇ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਅਤੇ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਵਿੱਚ ਇਕ ਦਿਨ ਦੀ ਸੰਕੇਤਿਕ ਭੁੱਖ ਹੜਤਾਲ ਕੀਤੀ।

 ਇਸ ਮੌਕੇ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਭੋਜਰਾਜ, ਸੁਖਜੀਤ ਸਿੰਘ ਹਰਦੋ ਝੰਡੇ, ਹਰਦੇਵ ਸਿੰਘ ਚਿੱਟੀ, ਗੁਰਪ੍ਰੀਤ ਸਿੰਘ ਛੀਨਾ, ਸ਼ੇਰਾ ਅਠਵਾਲ, ਹਰਪ੍ਰੀਤ ਕਾਹਲੋ ਆਦਿ ਆਗੂਆਂ ਨੇ ਕਿਹਾ ਕਿ ਕਾਰਪੋਰੇਟ ਪੱਖੀ ਸਰਕਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰਨ ਲਈ ਹਰ ਰੋਜਾਨਾ ਨਿੱਤ ਨਵੀਆਂ ਸਾਜਿਸ਼ਾਂ ਘੜ ਰਹੀਆਂ ਹਨ ਅਤੇ ਇਸੇ ਤਰ੍ਹਾਂ ਪਹਿਲਾਂ ਭਾਜਪਾ ਦੀ ਸਰਕਾਰ ਵੱਲੋਂ 2020 ਵਿੱਚ ਕਿਸਾਨੀ ਉੱਤੇ ਹਮਲਾ ਕਰਦੇ ਹੋਏ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ ਅਤੇ ਉਹਨਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਉੱਪਰ 378 ਦਿਨਾਂ ਤੱਕ ਇਤਿਹਾਸਕ ਸ਼ਾਂਤਮਈ ਕਿਸਾਨ ਅੰਦੋਲਨ-01 ਲੜਿਆ ਗਿਆ ਸੀ ਅਤੇ ਕੇਂਦਰ ਸਰਕਾਰ ਵੱਲੋ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਹੋਰ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ 9 ਦਸੰਬਰ 2021 ਨੂੰ ਉਹਨਾਂ ਮੰਨੀਆ ਗਈਆਂ ਮੰਗਾਂ ਨੂੰ ਲਾਗੂ ਕਰਨ ਦੀ ਲਿਖਤ ਵਿੱਚ ਚਿੱਠੀ ਦਿੱਤੀ ਗਈ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਦੇ ਹੋਏ ਉਹਨਾਂ ਮੰਨੀਆਂ ਗਿਆ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ 26 ਮਹੀਨੇ ਬੀਤ ਜਾਣ ਤੋ ਬਾਅਦ ਵੀ ਜਦੋ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਦੋਵੇਂ ਫੋਰਮਾ ਵੱਲੋ 13 ਫਰਵਰੀ 2024 ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਅਤੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋ ਸੜਕਾਂ ਉੱਪਰ ਕੰਧਾਂ ਕਰ, ਟੋਏ ਪੁੱਟ, ਸੜਕਾ ਵਿੱਚ ਕਿਲਾ ਲਗਾ ਕੇ ਦਿੱਲੀ ਨੂੰ ਜਾਣ ਵਾਲੇ ਰਸਤੇ ਬੰਦ ਕਰਕੇ ਕਿਸਾਨਾ ਉੱਪਰ 13, 14 ਅਤੇ 21 ਫਰਵਰੀ ਨੂੰ ਅੱਥਰੂ ਗੈਸ ਦੇ ਗੋਲੇ, ਰਸਾਇਣਕ ਗੈਸਾਂ, ਮੋਰਟਾਰ ਇੰਜੈਕਟਰ, ਐਸ.ਐਲ.ਆਰ. ਦੀਆਂ ਗੋਲੀਆਂ ਕਿਸਾਨਾਂ ਉੱਪਰ ਵਰਤੀਆ ਗਈਆਂ ਅਤੇ ਸਿੱਧੀ ਗੋਲੀ ਮਾਰ ਕੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਨੂੰ ਸ਼ਹੀਦ ਕਰ ਦਿੱਤਾ। ਭਾਜਪਾ ਸਰਕਾਰ ਦੇ ਇਸ ਅੱਤਿਆਚਾਰ ਕਾਰਨ ਚਾਰ ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ 435 ਦੇ ਕਰੀਬ ਕਿਸਾਨ ਜ਼ਖ਼ਮੀ ਹੋ ਗਏ ਅਤੇ ਅਤੇ ਹਰਿਆਣਾ ਸਰਕਾਰ ਦੇ ਇਸ਼ਾਰੇ ਉੱਪਰ ਉੱਥੋਂ ਦੀ ਪੁਲਿਸ ਫੋਰਸ ਵੱਲੋਂ ਪ੍ਰਿਤਪਾਲ ਸਿੰਘ ਨੂੰ ਜ਼ਖਮੀ ਕਰਕੇ ਤੇ ਬੋਰੀ ਵਿਚ ਪਾ ਕੇ ਤਸ਼ੱਦਦ ਆਣ ਮਨੁੱਖੀ ਤਸ਼ੱਦਦ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬੇਰੁੱਖੀ ਅਤੇ ਆਪਣੇ ਲੋਕਾਂ ਉੱਪਰ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਜ਼ੁਲਮ ਨੂੰ ਨਾਂ ਸਹਾਰਦੇ ਹੋਏ ਸ. ਜਗਜੀਤ ਸਿੰਘ ਡੱਲੇਵਾਲ ਨੇ ਹਰ ਦੁੱਖ ਆਪਣੇ ਸਰੀਰ ਉੱਪਰ ਹੰਡਾਉਣ ਦਾ ਫੈਸਲਾ ਲੈਂਦੇ ਹੋਏ ਕਿਹਾ ਕਿ ਮੇਰਾ ਫਰਜ ਬਣਦਾ ਹੈ ਕਿ ਮੈਂ ਫੋਰਮ ਦਾ ਪ੍ਰਧਾਨ ਹਾਂ ਤੇ ਇਸ ਲਈ ਜੇਕਰ ਕੁਰਬਾਨੀ ਦੇਣ ਦੀ ਗੱਲ ਆਈ ਹੈ ਤਾਂ ਫੇਰ ਮੈਂ ਆਪਣੇ ਲੋਕਾਂ ਦੇ ਅੱਗੇ ਲੱਗ ਕੇ ਖੁਦ ਮਰਾਂਗਾ ਅਤੇ ਉਹਨਾਂ 26 ਨਵੰਬਰ 2024 ਨੂੰ ਮਰਨ ਵਰਤ ‘ਤੇ ਬੈਠਣ ਦਾ ਫੈਸਲਾ ਕੀਤਾ, ਜਿਨਾਂ ਨੂੰ ਮਰਨ ਵਰਤ ਉੱਪਰ ਬੈਠਿਆਂ 100 ਦਿਨ ਦੇ ਕਰੀਬ ਹੋ ਚੁੱਕੇ ਸਨ ਅਤੇ  ਉਹਨਾਂ ਦੇ ਹੱਕ ਵਿੱਚ ਹਾਅ ਦਾ ਨਾਰਾ ਮਾਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਦੋਨਾਂ ਫੋਰਮਾਂ ਵੱਲੋਂ 5 ਮਾਰਚ ਨੂੰ ਪੂਰੇ ਦੇਸ਼ ਭਰ ਵਿੱਚ ਹਰ ਇੱਕ ਜ਼ਿਲਾ ਹੈਡਕੁਆਰਟਰ ਦੇ ਅੱਗੇ 100-100 ਕਿਸਾਨਾਂ ਦੇ ਜਥਿਆਂ ਵੱਲੋਂ ਇੱਕ ਦਿਨ ਲਈ ਭੁੱਖ ਹੜਤਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਜਿਸ ਨੂੰ ਕਿਸਾਨਾਂ ਨੇ ਪੂਰੇ ਉਤਸ਼ਾਹ ਨਾਲ ਸਫਲਤਾ ਪੂਰਵਕ ਨੇਪਰੇ ਚਾੜਿਆ ਗਿਆ ਹੈ। ਇਸ ਮੌਕੇ  ਗੁਰਜੀਤ ਸਿੰਘ ਵਡਾਲਾ ਬਾਂਗਰ, ਦਰਸ਼ਨ ਸਿੰਘ ਔਲਖ,ਮੁਖਤਿਆਰ ਸਿੰਘ ਉਗਰੇਵਾਲ,ਨਰਿੰਦਰ ਸਿੰਘ ਕੋਟਲਾ ਬਾਮਾ,ਦੀਦਾਰ ਸਿੰਘ ਕਿਕਲਾਨੌਰ,ਰਣਧੀਰ ਸਿੰਘ ਘੁੰਮਣ,ਜਗੀਰ ਸਿੰਘ,ਪ੍ਰਕਾਸ਼ ਸਿੰਘ,ਗੁਲਾਬ ਸਿੰਘ ਚੰਦੂ ਮਾਜਾ,ਬਖਸ਼ਿਸ਼ ਸਿੰਘ,ਜਸਵਿੰਦਰ ਸਿੰਘ ਬਾਠ,ਕੈਪਟਨ ਹਰਪਾਲ ਸਿੰਘ ਸੁੰਡਲ,ਨਿਰਮਲ ਸਿੰਘ ਦਾਬਾਂਵਾਲਾ,ਸੁਖਜਿੰਦਰ ਸਿੰਘ,ਅਮਰਬੀਰ ਸਿੰਘ ਆਦਿ ਆਗੂ ਸ਼ਾਮਿਲ ਰਹੇ।

Leave a Reply

Your email address will not be published. Required fields are marked *