ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਐਸ ਕੇ ਐਮ, ਸ਼ੈਲਰ ਐਸੋਸੀਏਸ਼ਨ ਅਤੇ ਆੜਤੀ ਐਸੋਸੀਏਸ਼ਨ ਵਲੋਂ 13 ਅਕਤੂਬਰ ਨੂੰ ਝੋਨੇ ਦੀ ਖਰੀਦ ਨਾ ਹੋਣ ਸਬੰਧੀ 12 ਤੋਂ 3 ਵਜੇ ਤੱਕ ਜੀ ਟੀ ਰੋਡ ਬੰਦ ਕਰਨ ਦੀ ਹਮਾਇਤ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪੰਜਾਬ ਸੂਬੇ ਦੀ ਆਰਥਿਕਤਾ ਮੁੱਖ ਤੌਰ ਤੇ ਖੇਤੀ ਅਧਾਰਤ ਹੈ ਅਤੇ 70 ਫੀਸਦੀ ਜਨਤਾ ਖੇਤੀ ਦੇ ਕਿਤੇ ਨਾਲ਼ ਜੁੜ ਕੇ ਆਪਣਾ ਘਰ ਚਲਾ ਰਹੀ ਹੈ ਜੇਕਰ ਬੀਤੇ 6ਮਹੀਨੇ ਦੀ ਝੋਨੇ ਦੀ ਕੀਤੀ ਮਿਹਨਤ ਦਾ ਮੰਡੀ ਵਿੱਚ ਕੋਈ ਖਰੀਦਦਾਰ ਨਹੀਂ ਮਿਲਦਾ ਤਾਂ ਖੇਤੀ ਦੇ ਰੋਜ਼ਗਾਰ ਨਾਲ ਸਬੰਧਤ ਪ੍ਰੀਵਾਰਾਂ ਦੀ ਆਰਥਿਕ ਹਾਲਤ ਭੁਖਮਰੀ ਤੋਂ ਬਿਨਾਂ ਕੀ ਹੋ ਸਕਦੀ ਹੈ ? ਬੱਖਤਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਮਜ਼ਦੂਰਾਂ ਕਿਸਾਨਾਂ ਦੀ ਸਾਰ ਲੈਣ ਦੀ ਹਾਲਤ ਵਿੱਚ ਨਹੀਂ ਹੈ। ਸਰਕਾਰ ਪੰਜਾਬ ਦੇ ਭਖਦੇ ਮਸਲਿਆਂ ਤੇ ਕੋਈ ਗੰਭੀਰ ਹੋਣ ਦੀ ਬਜਾਏ ਆਪਸੀ ਕੁਰਸੀ ਯੁੱਧ ਵਿਚ ਫਸੀ ਨਜ਼ਰ ਆ ਰਹੀ ਹੈ। ਜਿਸ ਕਾਰਨ ਮੋਦੀ ਸਰਕਾਰ ਵੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਸਮਸਿਆ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਹਰ ਕਿਸਮ ਦੇ ਝੋਨੇ ਦੀ ਖਰੀਦ ਬਕਾਇਦਾ ਸ਼ੁਰੂ ਕਰੇ ਤਾਂ ਜੋ ਕਿਸਾਨਾਂ ਦੀ ਬੇਲੋੜੀ ਖਜਲ ਖੁਮਾਰੀ ਖਤਮ ਹੋ ਸਕੇ। ਬੱਖਤਪੁਰਾ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਝੋਨੇ ਦੀ ਖਰੀਦ ਦਾ ਸਹੀ ਹੱਲ ਨਹੀਂ ਕਰਦੀ ਤਾਂ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਚਿਰਮਰਾ ਜਾਵੇਗੀ ਕਿਉਂਕਿ ਕਿਸਾਨੀ ਇਸ ਸਵਾਲ ਉਪਰ ਚੁੱਪ ਨਹੀਂ ਬੈਠੇਗੀ।