ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)- ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੂਬਾਈ ਸਕੱਤਰ ਤੇ ਕੇਂਦਰੀ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਦੇਸ਼ ਦੀ ਵੰਡ ਮੌਕੇ ਮਾਰੇ ਗਏ ਲੱਖਾਂ ਨਿਰਦੋਸ਼ ਪੰਜਾਬੀਆਂ ਦੀ ਯਾਦ ਵਿਚ 16 ਅਗਸਤ ਨੂੰ ਸ੍ਰੀ ਆਕਾਲ ਤਖਤ ਸਾਹਿਬ ਉਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਜਾਣ ਅਤੇ ਵਿਸ਼ੇਸ਼ ਅਰਦਾਸ ਕਰਨ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੀਤੇ ਗਏ ਐਲਾਨ ਦਾ ਵਲੋਂ ਸੁਆਗਤ ਕੀਤਾ ਗਿਆ ਹੈ।
ਪਾਰਟੀ ਦੀ ਪੰਜਾਬ ਇਕਾਈ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਦਿੱਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਸਰਹੱਦ ਦੇ ਦੋਵੇਂ ਪਾਸੇ ਅੰਨੇ ਫਿਰਕੂ ਜਨੂੰਨ ਦਾ ਸ਼ਿਕਾਰੁ ਹੋਏ ਤਮਾਮ ਬੇਗੁਨਾਹ ਪੰਜਾਬੀਆਂ ਨੂੰ ਇੰਝ ਸਮੂਹਕ ਰੂਪ ਵਿਚ ਸ਼ਰਧਾਂਜਲੀ ਦੇਣਾ, ਜਿਥੇ ਸਾਡੇ ਵਡੇਰਿਆਂ ਤੋਂ ਅਤੀਤ ਵਿਚ ਹੋਏ ਭਿਆਨਕ ਗੁਨਾਹਾਂ ਦੀ ਖਿਮਾ ਜਾਚਨਾ ਹੈ, ਉਥੇ ਇਹ ਪਸ਼ਚਾਤਾਪ ਸਾਨੂੰ ਭਵਿੱਖ ਵਿਚ ਉਨ੍ਹਾਂ ਸ਼ਕਤੀਆਂ ਖ਼ਿਲਾਫ਼ ਮਿਲ ਕੇ ਲੜਨ ਦੀ ਵੀ ਪ੍ਰੇਰਨਾ ਦੇਵੇਗਾ, ਜਿੰਨਾਂ ਨੂੰ ਆਪਣੀਆਂ 1947 ਦੀਆਂ ਕਰਤੂਤਾਂ ਉਤੇ ਤਾਂ ਕੀ ਸ਼ਰਮ ਹੋਣੀ ਸੀ, ਉਲਟਾ ਉਹ ਭਵਿੱਖ ਵਿਚ ਦੇਸ਼ ਵਿਚ ਧਾਰਮਿਕ ਘੱਟਗਿਣਤੀਆਂ ਖ਼ਿਲਾਫ਼ ਮੁੜ ਉਹੀ ਕਹਿਰ ਦੁਹਰਾਉਣ ਦੀਆਂ ਘਾੜਤਾਂ ਘੜ ਰਹੀਆਂ ਹਨ।
ਬਿਆਨ ਵਿਚ ਹਿੰਦ ਪਾਕ ਦੋਸਤੀ ਮੰਚ, ਫੋਕ ਲੋਰ ਰਿਸਰਚ ਅਕੈਡਮੀ ਅਤੇ ਪੰਜਾਬ ਜਾਗ੍ਰਿਤੀ ਮੰਚ ਵਰਗੀਆਂ ਉਨ੍ਹਾਂ ਲੋਕ ਹਿੱਤੂ ਸੰਸਥਾਵਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ ਹੈ, ਜੋ ਬੀਤੇ 27 ਸਾਲ ਤੋਂ ਹਰ ਸਾਲ 14 ਅਗਸਤ ਨੂੰ ਅਟਾਰੀ-ਵਾਹਗਾ ਬਾਰਡਰ ‘ਤੇ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਿੰਦ-ਪਾਕਿ ਦੋਸਤੀ ਮੇਲੇ ਕਰਵਾਉਂਦੀਆਂ ਆ ਰਹੀਆਂ ਹਨ। ਬਰੇਸ਼ਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਤਣਾਅ ਨੂੰ ਘਟਾਉਣ ਅਤੇ ਲੋਕਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਵਿਚ ਇੰਨਾਂ ਸੰਸਥਾਵਾਂ ਦੀ ਬੜੀ ਅਹਿਮ ਭੂਮਿਕਾ ਹੈ।