ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਜ਼ਿਆਦਤੀਆਂ ਵਿਰੁੱਧ ਆਵਾਜ ਬੁਲੰਦ ਕਰਨ ਦੀ ਲੋੜ -ਕਾਮਰੇਡ ਬੱਖਤਪੁਰਾ
ਫਤਿਹਗੜ ਚੂੜੀਆਂ, ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)– ਇੱਥੇ ਸੁਕਾ ਤਲਾ ਫਤਿਹਗੜ ਚੂੜੀਆਂ ਵਿਖੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਵਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਵਿਰੁੱਧ ਰੈਲੀ ਕੀਤੀ ਗਈ।ਇਸ ਸਮੇਂ ਬੋਲਦਿਆਂ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਭੋਲਾ ਮਲਕਵਾਲ, ਸੂਬਾ ਜਾਇਟ ਸਕੱਤਰ ਵਿਜੇ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਬੇਰੁਜ਼ਗਾਰ ਮਜ਼ਦੂਰ ਪਰਿਵਾਰਾਂ ਨੂੰ ਮੋਟੇ ਕਰਜ਼ਾ ਜਾਲ ਵਿਚ ਫਸਾ ਰੱਖਿਆ ਹੈ ਜਿਸ ਕਰਜ਼ੇ ਦੀਆਂ ਕਿਸ਼ਤਾਂ ਦੇਣਾਂ ਇਨ੍ਹਾਂ ਪਰਿਵਾਰਾਂ ਲਈ ਸੰਭਵ ਹੀ ਨਹੀਂ। ਆਗੂਆਂ ਕਿਹਾ ਕਿ ਮੋਦੀ ਅਤੇ ਮਾਨ ਸਰਕਾਰ ਨੂੰ ਗ਼ਰੀਬ ਪਰਿਵਾਰਾਂ ਦਾ ਕਰਜ਼ਾ ਆਪਣੇ ਜੁਮੇਂ ਲੈਣਾ ਚਾਹੀਦਾ ਹੈ। ਉਨ੍ਹਾਂ ਮਾਨ ਸਰਕਾਰ ਉਪਰ ਦੋਸ ਲਾਏ ਕਿ ਸਰਕਾਰ ਨੇ ਔਰਤਾਂ ਨੂੰ 1000ਰੁਪਏ ਸਹਾਇਤਾ ਦੇਣ ਸਮੇਤ,ਕਚੇ ਮਕਾਨਾਂ ਦੀ ਗ੍ਰਾਂਟ ਦੇਣ, ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ 2500ਰੁਪੈ ਕਰਨ ਅਤੇ ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀਆਂ ਗਰੰਟੀਆ ਦਿਤੀਆਂ ਸਨ ਪਰ ਮਾਨ ਸਰਕਾਰ ਇਨ੍ਹਾਂ ਗਰੰਟੀਆ ਪੂਰੀਆ ਕਰਨ ਤੋਂ ਮੁਕਰ ਚੁੱਕੀ ਹੈ। ਜਦੋਂ ਕਿ ਮਾਨ ਸਰਕਾਰ ਗਰੀਬਾਂ ਦੀ ਬਾਂਹ ਫੜਨ ਦੀ ਬਜਾਏ ਕਰੋੜਾਂ ਰੁਪਏ ਦੇ ਇਸ਼ਤਿਹਾਰਾ ਅਤੇ ਹੋਰ ਫਜ਼ੂਲ ਖਰਚੇ ਕਰ ਰਹੀ। ਆਗੂਆਂ ਆ ਰਹੀਆਂ ਲੋਕ ਸਭਾ ਚੋਣਾਂ ਸਮੇਂ ਇਨ੍ਹਾਂ ਹਾਕਮ ਪਾਰਟੀਆਂ ਖ਼ਾਸਕਰ ਭਾਜਪਾ ਸਰਕਾਰ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ ।ਇਸ ਸਮੇਂ ਕੁਲਦੀਪ ਰਾਜੂ, ਰਜਵੰਤ ਕੌਰ ਬਦੋਵਾਲ ਕਲਾਂ, ਬਲਵਿੰਦਰ ਸਿੰਘ ਮਧੂਸਾਗਾ, ਬੂਟਾ ਸਿੰਘ, ਲਖਵਿੰਦਰ ਸਿੰਘ ਅਤੇ ਲਾਡੀ ਹਾਜ਼ਰ ਸਨ