ਹਰਭਗਵਾਨ ਭੀਖੀ ਵੱਲੋਂ ਸੰਪਾਦਿਤ ਪੁਸਤਕ ਗਾਥਾ ਇੱਕ ਸੂਰਮੇ ਦੀ ਪੰਜਾਬ ਦੀਆਂ ਇਤਿਹਾਸਕ ਘਟਨਾਵਾਂ ਨੂੰ ਸਾਂਭਣ ਦਾ ਬੇਹੱਦ ਸ਼ਲਾਘਾਯੋਗ ਉਪਰਾਲਾ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 26 ਫਰਵਰੀ (ਸਰਬਜੀਤ ਸਿੰਘ)– ਹਰਭਗਵਾਨ ਵੱਲੋਂ ਸੰਪਾਦਿਤ ਪੁਸਤਕ ਗਾਥਾ ਇੱਕ ਸੂਰਮੇ ਦੀ ਪੰਜਾਬ ਦੀਆਂ ਇਤਿਹਾਸਕ ਘਟਨਾਵਾਂ ਨੂੰ ਸਾਂਭਣ ਦਾ ਬੇਹੱਦ ਸ਼ਲਾਘਾਯੋਗ ਕਦਮ ਹੈ।ਆਪਣੀਆਂ ਸੀਮਤਾਈਆਂ ਦੇ ਬਾਵਜੂਦ ਇਹ ਪੁਸਤਕ ਇਸ ਦੌਰ ਦੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਵਿਸ਼ਲੇਸ਼ਣ ਲਈ ਹਵਾਲਾ ਪੁਸਤਕ ਦਾ ਕੰਮ ਕਰੇਗੀ।ਇਹ ਪੁਸਤਕ ਕਾ. ਬਲਦੇਵ ਮਾਨ ਦੇ ਵਿਅਕਤੀਤਵ ਦੇ ਹਰ ਪੱਖ ਨੂੰ ਉਜਾਗਰ ਕਰਨ ‘ਚ ਕਾਮਯਾਬ ਰਹੀ ਹੈ। ਉਹ ਕਮਿਊਨਿਸਟ ਲਹਿਰ ਦਾ ਇੱਕ ਪ੍ਰਤੀਬੱਧ ਇਨਕਲਾਬੀ ਨੌਜਵਾਨ ਸੀ। ਉਸ ਦੀ ਸ਼ਹਾਦਤ ਨੇ ਬਿਨਾਂ ਸ਼ੱਕ ਇਸ ਤੱਥ ਦੀ ਪੁਸ਼ਟੀ ਕੀਤੀ ਹੈ। ਬਲਦੇਵ ਮਾਨ ਤੋਂ ਬਾਅਦ ਕਿੰਨੇ ਹੀ ਹੋਰ ਨੌਜਵਾਨਾਂ ਨੇ ਆਪਣੀਆਂ ਜਿੰਦਗੀਆਂ ਇਸੇ ਰਸਤੇ ਤੇ ਚਲਦਿਆਂ ਵਾਰ ਦਿੱਤੀਆਂ।ਜਿੰਨ੍ਹਾਂ ਦਾ ਕਮਿਊਨਿਸਟ ਲਹਿਰ ਨੂੰ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ। ਬਲਦੇਵ ਮਾਨ ਦੇ ਸਮੇਂ ਦੇ ਸਾਰੇ ਘਟਨਾਕ੍ਰਮ ਨੂੰ ਵਾਚਦਿਆਂ ਕਈ ਸੁਆਲ ਇਨਕਲਾਬੀ ਲਹਿਰ ਨਾਲ ਵਾਸਤਾ ਰੱਖਣ ਵਾਲੇ ਹਰ ਇਨਸਾਨ ਦੇ ਮਨ ਵਿੱਚ ਉਠਦੇ ਹਨ। ਕੀ ਇੰਨ੍ਹਾਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਸੀ? ਕੀ ਭਾਰਤ ਖਾਸ ਕਰਕੇ ਪੰਜਾਬ ਦੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਪੰਜਾਬ ਮਸਲੇ ਬਾਰੇ ਅਪਣਾਈ ਗਈ ਪਹੁੰਚ ਸਹੀ ਸੀ? ਆਖਰਕਾਰ ਇਹ ਮਸਲਾ ਉਪਜਿਆ ਹੀ ਕਿਉਂ ਅਤੇ ਇਸ ਹੱਦ ਤੱਕ ਪਹੁੰਚਣ ਦੇ ਕੀ ਕਾਰਨ ਸਨ? ਆਦਿ ।ਇਨ੍ਹਾਂ ਸੁਆਲਾਂ ਦੇ ਜੁਆਬ ਲੱਭਣ ਲਈ ਸਾਨੂੰ ਭਾਰਤ ਦੇ ਰਾਜਨੀਤਿਕ ਪਿਛੋਕੜ ਅਤੇ ਇਸ ਦੇ ਪ੍ਰਸੰਗ ਵਿੱਚ ਭਾਰਤ ਵਿੱਚ ਕਮਿਊਨਿਸਟ ਲਹਿਰ ਦੇ ਇਤਿਹਾਸ ਤੇ ਸੰਖੇਪ ਝਾਤ ਮਾਰਨੀ ਹੋਵੇਗੀ।
ਰੂਸ ਦੇ 1917 ਦੇ ਅਕਤੂਬਰ ਇਨਕਲਾਬ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੇ ਅੰਦਰ ਅਤੇ ਭਾਰਤ ਤੋਂ ਬਾਹਰ ਵਸਦੇ ਭਾਰਤੀਆਂ ਨੇ ਵੱਖ ਵੱਖ ਕਮਿਊਨਿਸਟ ਗਰੁੱਪ ਬਣਾਉਣੇ ਸ਼ੁਰੂ ਕੀਤੇ ਅਤੇ 1920 ਵਿੱਚ ਤੀਜੀ ਕੌਮਾਂਤਰੀ ਦੀ ਤਾਸਕੰਦ ਵਿਖੇ ਹੋਈ ਦੂਜੀ ਕਾਂਗਰਸ ਤੋਂ ਫੌਰੀ ਬਾਅਦ ਐਮ.ਐਨ ਰਾਇ ਦੀ ਅਗਵਾਈ ਵਿੱਚ ਉਥੇ ਹੀ ਇੱਕ ਕਮਿਊਨਿਸਟ ਪਾਰਟੀ ਦਾ ਗਠਨ ਵੀ ਕਰ ਲਿਆ ਗਿਆ ਸੀ।ਭਾਰਤ ਅੰਦਰ ਸਤੰਬਰ 1924 ‘ਚ ਕਾਨਪੁਰ ਦੇ ਇੱਕ ਪੱਤਰਕਾਰ ਨੇ ਕਾਨੂੰਨੀ ਕਮਿਊਨਿਸਟ ਪਾਰਟੀ ਦੀ ਸਥਾਪਤੀ ਦਾ ਐਲਾਨ ਕੀਤਾ ਅਤੇ ਵੱਖ ਵੱਖ ਕਮਿਊਨਿਸਟ ਗਰੁੱਪਾਂ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ।ਇਸ ਮਕਸਦ ਲਈ ਹਸਰਤ ਮੋਹਾਨੀ ਦੀ ਅਗਵਾਈ ਹੇਠ ਇੱਕ ਜਥੇਬੰਦਕ ਕਮੇਟੀ ਕਾਇਮ ਕੀਤੀ ਗਈ।ਇਸ ਸਭ ਕਾਸੇ ਦੇ ਸਿੱਟੇ ਵਜੋਂ ਬਰਤਾਨਵੀ ਬਸਤੀਵਾਦੀਆਂ ਖਿਲਾਫ ਚੱਲ ਰਹੇ ਸੰਘਰਸ਼ ਦੇ ਮਹੌਲ ਵਿੱਚ 28 ਤੋਂ 30 ਦਸੰਬਰ ਤੱਕ 1925 ਵਿੱਚ ਕਾਨਪੁਰ ਵਿਖੇ ਭਾਰਤੀ ਕਮਿਊਨਿਸਟਾਂ ਦੀ ਪਹਿਲੀ ਕਾਨਫਰੰਸ ਹੋਈ ਜਿਸ ਦੀ ਪ੍ਰਧਾਨਗੀ ਮਦਰਾਸ ਦੇ ਕਮਿਊਨਿਸਟ ਮ.ਸ਼ਿੰਗਾਰਵੇਲੂ ਚੈਟੀਅਰ ਨੇ ਕੀਤੀ। ਇਸ ਕਾਨਫਰੰਸ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਤੀ ਸੰਬੰਧੀ ਪ੍ਰਸਤਾਵ ਪ੍ਰਵਾਨ ਕੀਤਾ ਗਿਆ।ਇੱਕ ਕੇਂਦਰੀ ਕਾਰਜਕਾਰੀ ਕਮੇਟੀ ਚੁਣੀ ਗਈ ਜਿਸ ਦੇ ਸਕੱਤਰ ਜ.ਪ.ਬਾਗੇਹਰਟਾ ਅਤੇ ਸ.ਵ.ਘਾਟੇ ਨੂੰ ਨਿਯੁੱਕਤ ਕੀਤਾ ਗਿਆ।ਇਸ ਵਿੱਚ ਸਾਰੇ ਮੁੱਖ ਕਮਿਊਨਿਸਟ ਗਰੁੱਪਾਂ ਦੇ ਪ੍ਰਤੀਨਿਧ ਸ਼ਾਮਿਲ ਸਨ।ਕੌਮਾਂਤਰੀ ਦੇ ਅੰਦਰ ਵੀ ਹੋਰਾਂ ਤੋਂ ਇਲਾਵਾ ਐਮ.ਐਨ. ਰਾਇ ਨੇ ਵੀ ਭਾਰਤ ਦੇ ਕਮਿਊਨਿਸਟਾਂ ਦੀ ਹਮਾਇਤ ਜੁਟਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ।1925ਤੋਂ1928 ਦੇ ਸਮੇਂ ਦਰਮਿਆਨ ਬਰਤਾਨਵੀ ਕਮਿਉਨਿਸਟਾਂ ਦੇ ਪ੍ਰਤੀਨਿਧ ਮੰਡਲ ਵੀ ਭਾਰਤ ਅਉਂਦੇ ਰਹੇ। ਸਿੱਟੇ ਵਜੋਂ ਭਾਰਤ ਅੰਦਰ ਕਮਿਊਨਿਸਟ ਵਿਚਾਰਾਂ ਦਾ ਬੇਹੱਦ ਪ੍ਰਚਾਰ ਪ੍ਰਸਾਰ ਹੋਇਆ।ਵੱਡੀ ਪੱਧਰ ਤੇ ਕਿਸਾਨਾਂ , ਮਜਦੂਰਾਂ ,ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ‘ਚ ਕਮਿਊਨਿਸਟਾਂ ਦਾ ਪ੍ਰਭਾਵ ਵਧਿਆ। ਵੱਖ ਵੱਖ ਤਰਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਬਰਤਾਨਵੀ ਸਰਕਾਰ ਵੱਲੋਂ ਵੱਖ ਤਰਾਂ ਦੇ ਸਾਜਿਸ਼ ਕੇਸਾਂ ਤਹਿਤ ਕਮਿਊਨਿਸਟਾਂ ਨੂੰ ਜੇਲ੍ਹਾਂ ‘ਚ ਸੱੁਟਿਆ, ਸਜਾਵਾਂ ਦਿੱਤੀਆਂ ਕਮਿਊਨਿਸਟ ਪਾਰਟੀ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਨ ਤੱਕ ਦੇ ਕਦਮ ਚੁੱਕੇ। ਅਨੇਕਾਂ ਉਤਰਾਵਾਂ ਚੜ੍ਹਾਵਾਂ ਅਤੇ ਕੁਰਬਾਨੀਆਂ ਦੇ ਬਾਵਜੂਦ ਸਾਮਰਾਜੀ ਜਬਰ ਤਾਂ ਕਮਿਉਨਿਸਟ ਪਾਰਟੀ ਨੂੰ ਖਤਮ ਨਾ ਕਰ ਸਕਿਆ ਪਰੰਤੂ ਭਾਰਤ ਦੇ ਕਮਿਊਨਿਸਟ ਖੁਦ ਆਪਣੇ ਦੇਸ਼ ਦੀਆਂ ਠੋਸ ਹਾਲਤਾਂ ਦਾ ਠੋਸ ਵਿਸ਼ਲੇਸ਼ਣ ਕਰਨ ‘ਚ ਮਾਰ ਖਾ ਗਏੇ। ਦੂਜੇ ਵਿਸ਼ਵ ਯੁੱਧ ਸਮੇਂ 1942 ‘ਚ ਲੁਟੇਰੀਆਂ ਜਮਾਤਾਂ ਦੀ ਨੁਮਾਇੰਦਾ ਕਾਂਗਰਸ ਨਾਹਰੇ ਲਗਾ ਰਹੀ ਸੀ “ਭਾਰਤ ਛੱਡੋ”ਅਤੇ “ਕਰੋ ਜਾਂ ਮਰੋ” ਠੀਕ ਉਸੇ ਸਮੇਂ ਭਾਰਤ ਦੀ ਕਮਿਊਨਿਸਟ ਪਾਰਟੀ ਬਰਤਾਨਵੀ ਸਾਮਰਾਜੀਆਂ ਦੀ ਪੂਰੀ ਹਮਾਇਤ ਕਰ ਰਹੀ ਸੀ ।ਇਸ ਪਿੱਛੇ ਤਰਕ ਇਹ ਸੀ ਕਿ ਫਾਸ਼ੀਵਾਦੀ ਤਾਕਤਾਂ ਖਿਲਾਫ਼ ਵਿਸ਼ਵ ਪੱਧਰ ਤੇ ਸੋਵੀਅਤ ਸੰਘ ਦਾ ਇੰਗਲੈਂਡ ਨਾਲ ਸਾਂਝਾ ਮੁਹਾਜ ਬਣਿਆ ਹੋਇਆ ਸੀ।ਆਪਣੇ ਦੇਸ਼ ਦੀ ਹਾਲਤ ਅਨੁਸਾਰ,ਵਿਸ਼ਵ ਯੁੱਧ ਦੀ ਕਸੂਤੀ ਸਥਿਤੀ ‘ਚ ਫਸੇ ਮੁੱਖ ਦੁਸ਼ਮਣ ਅੰਗਰੇਜ਼ ਸਾਮਰਾਜੀਆਂ ਖਿਲਾਫ਼, ਸੰਘਰਸ਼ ਤੇਜ ਕਰਨ ਦੇ ਸ਼ਾਨਦਾਰ ਮੌਕੇ ਨੂੰ ਪਿੱਠ ਦੇ ਕੇ ਸੀ ਪੀ ਆਈ ਸੋਵੀਅਤ ਸੰਘ ਦੀ ਬਾਲਸ਼ਵਿਕ ਪਾਰਟੀ ਦੀ ਪਿਛਲੱਗ ਸੇਵਾਦਾਰ ਬਣ ਕੇ ਰਹਿ ਗਈ। ਹਾਲਾਤ ਦਾ ਤਕਾਜਾ ਦੇਖੋ ਬਰਤਾਨਵੀ ਸਾਮਰਾਜੀਆਂ ਵੱਲੋਂ ਕਾਂਗਰਸ ਨੂੰ ਗੈਰਕਾਨੂੰਨੀ ਕਰਾਰ ਦੇ ਦਿਤਾ ਅਤੇ ਕਮਿਉਨਿਸਟ ਪਾਰਟੀ ਜੋ ਪਹਿਲਾਂ ਗੈਰ ਕਾਨੂੰਨੀ ਐਲਾਨੀ ਹੋਈ ਸੀ ਉਸ ਤੋਂ ਪਾਬੰਦੀ ਹਟਾ ਲਈ ਗਈ।ਨਤੀਜਾ ਕੀ ਹੋਇਆ? ਕਾਂਗਰਸੀ ਨੇਤਾ ਲੋਕਾਂ ਦੇ ਹੀਰੋ ਬਣ ਗਏ ਅਤੇ ਕਮਿਉਨਿਸਟਾਂ ਨੂੰ ਗਦਾਰ ਤੱਕ ਕਿਹਾ ਗਿਆ।1947 ਦੀ ਸਤ੍ਹਾ ਤਬਦੀਲੀ ਦਾ ਸਮਝੌਤਾ ਇਸ ਦੀਆਂ ਸਾਰੀਆਂ ਸ਼ਰਤਾਂ ਸਮੇਤ ਕਾਂਗਰਸ ,ਮੁਸਲਿਮ ਲੀਗ ਅਤੇ ਅੰਗਰੇਜਾਂ ਵਿਚਕਾਰ ਤਹਿ ਹੋਇਆ ।ਕਮਿਊਨਿਸਟ ਕਿਸੇ ਗਿਣਤੀ ‘ਚ ਨਾ ਰਹੇ।ਅਜਿਹੇ ਮੌਕਾ-ਮੇਲ ਇਤਹਾਸ ‘ਚ ਵਾਰ ਵਾਰ ਨਹੀਂ ਆਉਂਦੇ ਜਿੰਨ੍ਹਾਂ ਦੌਰਾਨ ਸਦੀਆਂ ਦਾ ਕੰਮ ਕੁੱਝ ਦਿਨਾਂ ਵਿੱਚ ਹੋ ਜਾਂਦਾ ਹੈ।ਅਜਿਹੀਆਂ ਗਲਤੀਆਂ ਨਾਲ ਹੋਣ ਵਾਲੇ ਨੁਕਸਾਨ ਦੀ ਕੋਈ ਭਰਪਾਈ ਨਹੀਂ ਹੁੰਦੀ।ਆਊਣ ਵਾਲੇ ਸਮੇਂ ‘ਚ ਤਿਲੰਗਾਨਾ ਵਰਗੇ ਸੰਘਰਸ਼ਾਂ ਦੀ ਸਫਲਤਾ ਪੂਰਵਕ ਅਗਵਾਈ ਕਰਨ ਦੀ ਥਾਂ ਕਮਿਊਨਿਸਟ ਪਾਰਟੀ ਕਾਂਗਰਸ ਦੀ ਪਿੱਛਲੱਗ ਬਣ ਕੇ ਰਹਿ ਗਈ ।ਕਮਿਊਨਿਸਟਾਂ ਦੇ ਇੱਕ ਹਿੱਸੇ ਨੇ 1964 ਵਿੱਚ ਬਗਾਵਤ ਕਰਕੇ ਇਸ ਦੀਆਂ ਨੀਤੀਆਂ ਖਿਲਾਫ ਬਗਾਵਤ ਕਰਕੇ ਨਵੀਂ ਪਾਰਟੀ ਸੀ.ਪੀ. ਆਈ (ਐਮ) ਬਣਾ ਲਈ।ਪਰੰਤੂ ਜਲਦੀ ਹੀ ਇਹ ਵੀ ਇਨਕਲਾਬ ਦਾ ਰਸਤਾ ਤਿਆਗ ਕੇ ਨਿਰੋਲ ਪਾਰਲੀਮਾਨੀ ਸਿਆਸਤ ਦੇ ਲੜ ਲੱਗ ਗਈ।1967 ‘ਚ ਨਕਸਲਬਾੜੀ ਦੇ ਖਾੜਕੂ ਕਿਸਾਨ ਸੰਘਰਸ਼ ਨੇ ਇੱਕ ਨਿਖੇੜੇ ਦੀ ਲਾਈਨ ਖਿੱਚ ਦਿੱਤੀ। ਜੋ ਇਸ ਦੇ ਹੱਕ ਵਿੱਚ ਸਨ ਉਹਨਾਂ ਨੇ ਸੀ.ਪੀ. ਆਈ (ਐਮ) ਦੀ ਲੀਡਰਸ਼ਿੱਪ ਤੋਂ ਬਾਗੀ ਹੋ ਕੇ ਕਿਸਾਨਾਂ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੱਤੀ ਜਿੰਨ੍ਹਾਂ ਦਾ ਮੁੱਖ ਆਗੂ ਚਾਰੂ ਮਜੂਮਦਾਰ ਸੀ।ਜਲਦੀ ਹੀ ਇਹ ਅੰਦੋਲਨ ਮੁਲਕ ਦੇ ਇੱਕ ਦਰਜਨ ਤੋਂ ਵੱਧ ਪਰਾਂਤਾਂ ਵਿੱਚ ਫੈਲ ਗਿਆ।ਨਵੰਬਰ 1967 ‘ਚ ਇਨ੍ਹਾਂ ਪ੍ਰਾਂਤਾਂ ਦੇ ਬਾਗੀ ਕਮਿਊਨਿਸਟਾਂ ਨੇ ਇੱਕ ਮੁਲਕ ਪੱਧਰੀ ਤਾਲਮੇਲ ਕਮੇਟੀ ਏ. ਆਈ .ਸੀ.ਸੀ.ਸੀ.ਆਰ ਕਾਇਮ ਕਰ ਲਈ ਅਤੇ ਟੀ .ਨਾਗੀਰੈਡੀ ਸਮੇਤ ਕੁੱਝ ਮੱਤਭੇਦ ਰੱਖਣ ਵਾਲੇ ਆਗੂਆਂ ਨੂੰ ਛੱਡ ਕੇ ਬਾਕੀਆਂ ਨੇ ਚਾਰੂ ਮਜੂਮਦਾਰ ਦੀ ਅਗਵਾਈ ‘ਚ 22 ਅਪ੍ਰੈਲ 1969 ਨੂੰ ਨਵੀਂ ਕਮਿਊਨਿਸਟ ਪਾਰਟੀ ਸੀ.ਪੀ.ਆਈ.(ਮ.ਲ.) ਬਣਾਉਣ ਦਾ ਐਲਾਨ ਕਰ ਦਿੱਤਾ।ਪਰੰਤੂ 1967 ਤੋਂ ਨਕਸਲਬਾੜੀ ਅੰਦੋਲਨ ਦੀ ਅਗਵਾਈ ਕਰ ਰਹੇ ਇਨ੍ਹਾਂ ਕਮਿਊਨਿਸਟ ਇਨਕਲਾਬੀਆਂ ਨੇ ਜਗੀਰਦਾਰਾਂ ਖਿਲਾਫ ਜਿਹੜਾ ਹਥਿਆਰਬੰਦ ਘੋਲ ਦਾ ਰਸਤਾ ਅਪਣਾਇਆ ਉਹ ਸੀ ਗੁਰੀਲਾ ਐਕਸ਼ਨਾਂ ਰਾਹੀਂ ਰਵਾਇਤੀ ਹਥਿਆਰਾਂ ਨਾਲ ਜਮਾਤੀ ਦੁਸ਼ਮਣਾ ਦਾ ਸਫਾਇਆ ਕਰਨਾ ਜਿਨ੍ਹਾਂ ‘ਚ ਮੁੱਖ ਤੌਰ ਤੇ ਜਗੀਰਦਾਰ,ਪੁਲਿਸ ਵਾਲੇ ਅਤੇ ਸ਼ੂਦਖੋਰ ਆਦਿ ਸ਼ਾਮਿਲ ਸਨ।ਗੁਰੀਲਾ ਐਕਸ਼ਨਾਂ ਨੂੰ ਹਥਿਆਰਬੰਦ ਘੋਲ ਦਾ ਇੱਕੋ ਇੱਕ ਸਹੀ ਰੂਪ ਮੰਨਿਆ ਗਿਆ।ਜਨਤਕ ਜਥੇਬੰਦੀਆਂ ਨੂੰ ਇਨਕਲਾਬ ਦੇ ਰਾਹ ਵਿੱਚ ਰੋੜਾ ਸਮਝਦਿਆਂ ਤੋੜ ਦਿੱਤਾ ਗਿਆ।ਅਜਿਹਾ ਕਰਦਿਆਂ ਜੋ ਨਾਹਰੇ ਬੁਲੰਦ ਕੀਤੇ ਗਏ ਉਨ੍ਹਾਂ ‘ਚ “ਚੀਨ ਦਾ ਰਾਹ ,ਸਾਡਾ ਰਾਹ” “ਚੀਨ ਦਾ ਚੇਅਰਮੈਨ ਸਾਡਾ ਚੇਅਰਮੈਨ” “ਚੇਅਰਮੈਨ ਮਾਓ ,ਅਮਰ ਰਹੇ” ਆਦਿ ਪ੍ਰਮੁੱਖ ਤੌਰ ਤੇ ਸ਼ਾਮਿਲ ਸਨ।ਵਕਤੀ ਤੌਰ ਤੇ ਵੱਡੀ ਪੱਧਰ ਤੇ ਜਗੀਰਦਾਰ ਕਤਲ ਕਰ ਦਿੱਤੇ ਗਏ ਜਾਂ ਇਲਾਕਾ ਛੱਡ ਕੇ ਫਰਾਰ ਹੋ ਗਏ ਉਨ੍ਹਾਂ ਦੀਆਂ ਜਮੀਨਾਂ ਤੇ ਕਿਸਾਨਾ ਨੇ ਕਬਜੇ ਕਰ ਲਏ ਅਤੇ ਉਨ੍ਹਾਂ ਦੇ ਅਨਾਜ ਦੇ ਭੰਡਾਰ ਲੁੱਟ ਲਏ।ਪਰੰਤੂ ਮੋੜਵੇਂ ਰੂਪ ‘ਚ ਜਦੋਂ ਸਰਕਾਰੀ ਜਬਰ ਹੋਇਆ ਤਾਂ ਬੇਮੇਲ ਰਾਜ ਮਸ਼ੀਨਰੀ ਅੱਗੇ ਕਮਿਊਨਿਸਟ ਗੁਰੀਲੇ ਆਪਣੇ ਪੈਰ ਜਮਾ ਕੇ ਨਾ ਰੱਖ ਸਕੇ।ਵੱਡੀ ਪੱਧਰ ਤੇ ਗਿ੍ਰਫਤਾਰੀਆਂ ਹੋਈਆਂ,ਜੇਲਾਂ ‘ਚ ਸੁੱਟ ਦਿੱਤੇ ਗਏ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ।ਸਮੇਂ ਸਮੇਂ ਤੇ ਬਣਨ ਵਾਲੀਆਂ ਸੀ ਪੀ ਆਈ (ਐਮ) ਦੀ ਸ਼ਾਮੂਲੀਅਤ ਵਾਲੀਆਂ ਸਰਕਾਰਾਂ ਵੀ ਹਕੂਮਤੀ ਜਬਰ ਵਿੱਚ ਪਿੱਛੇ ਨਹੀਂ ਰਹੀਆਂ। ਵਿਅਕਤੀਗਤ ਕਤਲਾਂ ਦੀ ਮੁਹਿੰਮ ਨੇ ਕਮਿਊਨਿਸਟ ਇਨਕਲਾਬੀਆਂ ਨੂੰ ਜਨਤਾ ਚੋਂ ਨਿਖੇੜ ਕੇ ਰੱਖ ਦਿੱਤਾ।ਇਸ ਘੋਲ ਦੁਰਾਨ ਵੱਖ ਵੱਖ ਸਮਿਆਂ ਤੇ ਤਿੰਨ ਡੈਲੀਗੇਸ਼ਨ ਚੀਨ ਗਏ ਜਿੰਨ੍ਹਾਂ ਵਿੱਚੋਂ ਇੱਕ ਚਾਰ ਮੈਂਬਰੀ ਡੈਲੀਗੇਸ਼ਨ ਕਾ.ਕਾਨੂ ਸਨਿਆਲ ਦੀ ਅਗਵਾਈ ਵਿੱਚ ਵੀ ਗਿਆ ਸੀ।ਇਹ ਡੈਲੀਗੇਸ਼ਨ ਤਿੰਨ ਮਹੀਨੇ ਚੀਨ ਰਿਹਾ ਅਤੇ ਇਸ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਨੁਮਾਇੰਦਿਆਂ ਅਤੇ ਫੌਜੀ ਮਾਹਰਾਂ ਤੋਂ ਭਾਰਤੀ ਇਨਕਲਾਬ ਸੰਬੰਧੀ ਹਰ ਕਿਸਮ ਦੀ ਸਿਖਲਾਈ ਪ੍ਰਾਪਤ ਕੀਤੀ।ਚੇਅਰਮੈਨ ਮਾਓ ਅਤੇ ਚਾਓ ਐਨ ਲਾਈ ਸਮੇਤ ਚੀਨ ਦੀ ਕਮਿਊਨਿਸਟ ਪਾਰਟੀ ਦੇ ਆਗੂਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਸੁਝਾਅ ਲਏ ।ਪਰੰਤੂ ਬਦਕਿਸਮਤੀ ਨਾਲ ਕਿਸੇ ਵੀ ਸੂਝਾਅ ਉੱਤੇ ਕੋਈ ਅਮਲ ਨਾ ਕੀਤਾ ਗਿਆ।ਪਾਰਟੀ ਦੀ ਆਗੂ ਟੀਮ ਵਿੱਚ ਵੱਡੀ ਪੱਧਰ ਤੇ ਮੱਤਭੇਦ ਉੱਭਰ ਆਏ ਅਤੇ ਗੁੱਟਬੰਦੀਆਂ ਸ਼ੁਰੂ ਹੋ ਗਈਆਂ।28 ਜੁਲਾਈ 1972 ਨੂੰ ਚਾਰੂ ਮਜੂਮਦਾਰ ਦੀ ਪੁਲਿਸ ਹਿਰਾਸਤ ਵਿੱਚ ਹੋਈ ਸ਼ਹਾਦਤ ਤੋਂ ਬਾਅਦ ਪਾਰਟੀ ਬੁਰੀ ਤਰਾਂ ਟੁੱਟਾਂ ਫੁੱਟਾਂ ਅਤੇ ਖਿੰਡਾਅ ਦਾ ਸ਼ਿਕਾਰ ਹੋ ਗਈ।ਬਾਕੀ ਬਚੇ ਕੇਂਦਰੀ ਕਮੇਟੀ ਮੈਂਬਰਾਂ ਨੇ ਵੱਖ ਵੱਖ ਗਰੁੱਪ ਬਣਾ ਲਏ।ਜਿਨ੍ਹਾਂ ‘ਚ ਅੱਗੇ ਫਿਰ ਜੋੜਾਂ ਤੋੜਾਂ ਦਾ ਸਿਲਸਿਲਾ ਚਲਦਾ ਰਿਹਾ ਜੋ ਅੱਜ ਤੱਕ ਵੀ ਜਾਰੀ ਹੈ।ਦੂਸਰੇ ਪਾਸੇ ਸੀ.ਪੀ.ਆਈ.(ਮ.ਲ.) ਬਣਨ ਸਮੇਂ ਆਪਣਾ ਵਖਰੇਵਾਂ ਰੱਖ ਕੇ ਸ਼ਾਮਿਲ ਨਾ ਹੋਣ ਵਾਲੇ ਟੀ ਨਾਗੀ ਰੈਡੀ ਅਤੇ ਕੁੱਝ ਹੋਰ ਆਗੂਆਂ ਨੇ ਜਨਤਕ ਜਥੇਬੰਦੀਆਂ ਬਣਾ ਕੇ ਸ਼ੰਘਰਸ਼ਾਂ ਚੋਂ ਕਮਿਊਨਿਸਟ ਪਾਰਟੀ ਉਸਾਰਨ ਦੀ ਲੀਹ ਅਖਤਿਆਰ ਕੀਤੀ।ਉਨ੍ਹਾਂ ਨੇ ਜਨਤਕ ਜਥੇਬੰਦੀਆਂ ਉਸਾਰਨ ਅਤੇ ਉਨ੍ਹਾਂ ਨੂੰ ਸਮੇਂ ਸਮੇਂ ਤੇ ਸੰਘਰਸ਼ਾਂ ਵਿਚ ਪਾਉਣ ‘ਚ ਤਾਂ ਕਾਫੀ ਹੱਦ ਤੱਕ ਕਾਮਜਾਬੀ ਹਾਸਲ ਕੀਤੀ ਪਰੰਤੂ ਉਹ ਵੀ ਅੱਜ ਤੱਕ ਇੱਕ ਕਮਿਊਨਸਟ ਪਾਰਟੀ ਦੀ ਉਸਾਰੀ ਕਰਨ ‘ਚ ਬੁਰੀ ਤਰਾਂ ਨਾਕਾਮ ਰਹੇ ਹਨ ਸਗੋਂ ਲਗਾਤਾਰ ਫੁੱਟ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਵੱਲੋਂ ਉਸਾਰੀਆਂ ਜਨਤਕ ਜਥੇਬੰਦੀਆਂ ਵੀ ਆਪਣਾ ਪਹਿਲਾਂ ਵਾਲਾ ਅਧਾਰ ਅਤੇ ਜਲੌਅ ਬਚਾ ਕੇ ਨਹੀਂ ਰੱਖ ਸਕੀਆਂ।ਪਾਰਲੀਮਾਨੀ ਚੋਣਾਂ ਨੂੰ ਦਾਅਪੇਚਕ ਤੌਰ ਤੇ ਪ੍ਰਯੋਗ ਕਰਨ ਵਾਲੇ ਗਰੁੱਪ ਵੀ ਕੋਈ ਨੋਟ ਕਰਨ ਯੋਗ ਪ੍ਰਾਪਤੀ ਨਹੀਂ ਕਰ ਸਕੇ।
ਕਮਿਊਨਿਸਟਾਂ ਦੀਆਂ ਇਨ੍ਹਾਂ ਅਸਫਲਤਾਵਾਂ ਨੇ ਨਿੱਤ ਦਿਨ ਸੰਕਟਾਂ ‘ਚ ਘਿਰੇ ਲੁਟੇਰੇ ਰਾਜ ਪ੍ਰਬੰਧ ਦੀ ਉਮਰ ਹੋਰ ਲੰਬੀ ਕਰ ਦਿੱਤੀ।ਖੂਨ ਪੀਣੀਆਂ ਹਾਕਮ ਜਮਾਤਾਂ ਦੀਆਂ ਨੁਮਾਇੰਦਾ ਸਰਕਾਰਾਂ ਨੇ ਮਿਹਨਤਕਸ਼ ਜਨਤਾ ਨੂੰ ਲੁੱਟਣ ਤੇ ਕੁੱਟਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ।ਉਨ੍ਹਾਂ ਵੱਲੋਂ ਆਪਣੇ ਹੱਥਾਂ ‘ਚ ਹੋਰ ਵਧੇਰੇ ਸ਼ਕਤੀਆਂ ਦਾ ਕੇਂਦਰੀਕਰਨ ਕੀਤਾ ਗਿਆ ਅਤੇ ਲੋਕਾਂ ਦੀਆਂ ਸ਼ਹਿਰੀ ਅਜ਼ਾਦੀਆਂ ਤੇ ਡਾਕਾ ਮਾਰਨ ਵਾਲੇ ਨਵੇਂ ਨਵੇਂ ਕਾਲੇ ਕਾਨੂੰਨ ਲਿਆਂਦੇ ਗਏ ਜਿੰਨਾ੍ਹ ਤਹਿਤ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੁੱਟਿਆ ਗਿਆ ਅਤੇ ਹੁਣ ਇਹੀ ਕੰਮ ਉਨ੍ਹਾਂ ਨੂੰ ਸ਼ਹਿਰੀ ਮਾਓਵਾਦੀ ਕਹਿ ਕੇ ਕੀਤਾ ਜਾ ਰਿਹਾ ਹੈ।ਵੱਖ ਵੱਖ ਕੌਮੀਅਤਾਂ ਜਿਵੇਂ ਕਸ਼ਮੀਰੀ,ਨਾਗੇ,ਕੁੱਕੀ,ਆਦਿਵਾਸੀਆਂ ,ਧਾਰਮਿਕ ਘੱਟ ਗਿਣਤੀਆਂ ਸਿੱਖ,ਮੁਸਲਿਮ,ਇਸਾਈ ਆਦਿਕ ਨਾਲ 1947 ਤੋਂ ਹੀ ਹਰ ਤਰਾਂ ਦਾ ਵਿਤਕਰਾ ਅਤੇ ਧੱਕਾ ਕੀਤਾ ਜਾ ਰਿਹਾ ਹੈ।ਖਾਸ ਕਰਕੇ ਉਨ੍ਹਾਂ ਦੇ ਸੱਭਿਆਚਾਰ ਅਤੇ ਬੋਲੀ ਨੂੰ ਖਤਮ ਕੀਤਾ ਜਾ ਰਿਹਾ ਹੈ।ਪਹਿਲਾਂ ਕਾਂਗਰਸ ਪਾਰਟੀ ਅਤੇ ਹੁਣ ਬੀਜੇਪੀ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਹਿਤ ਜਦੋਂ ਜੀ ਚਾਹੁਣ ਇਨ੍ਹਾਂ ਘੱਟ ਗਿਣਤੀਆਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਬਲੀ ਦੇ ਬੱਕਰੇ ਬਣਾ ਛੱਡਦੀਆਂ ਹਨ।ਹਰੀ ਕਰਾਂਤੀ ਦੌਰਾਨ ਅਨਾਜ ਦੇ ਬੇਥਾਹ ਭੰਡਾਰ ਪੈਦਾ ਕਰਨ ਵਾਲਾ ਭਾਰਤ ਦਾ, ਖਾਸ ਕਰਕੇ ਪੰਜਾਬ ਦਾ, ਕਿਸਾਨ ਅਤੇ ਖੇਤ ਮਜ਼ਦੂਰ ਖੁਦਕਸ਼ੀਆਂ ਦੇ ਰਾਹ ਪੈ ਚੁੱਕਾ ਹੈ। ਪਰ ਕਾਰਪੋਰੇਟ ਘਰਾਣਿਆਂ ਨੂੰ ਕੁਦਰਤੀ ਵਾਤਾਵਰਣ ਦਾ ਘਾਣ ਕਰਦਿਆਂ ਕੁਦਰਤੀ ਸ੍ਰੋਤਾਂ ਦੀ ਅੰਨ੍ਹੀ ਲੁੱਟ ਕਰਕੇ ਆਪਣੇ ਮੁਨਾਫੇ ਕਮਾਉਣ ਦੀ ਪੂਰੀ ਖੁੱਲ ਹੈ ਅਤੇ ਉਨ੍ਹਾਂ ਦੇ ਹਿੱਤ ਪੂਰੀ ਤਰਾਂ ਸੁਰੱਖਿਅਤ ਹਨ।ਹਰ ਕਿਸਮ ਦੇ ਕੁਦਰਤੀ ਖਜਾਨਿਆਂ ਨਾਲ ਮਾਲਾ ਮਾਲ ਇਸ ਧਰਤੀ ਨੂੰ ਇਨ੍ਹਾਂ ਲੁਟੇਰਿਆਂ ਨੇ ਨਰਕ ਬਣਾ ਛੱਡਿਆ ਹੈ।ਹਰ ਕੋਈ ਇੱਥੋਂ ਖਹਿੜਾ ਛੁਡਾ ਕੇ ਭੱਜ ਜਾਣਾ ਚਹੁੰਦਾ ਹੈ। ਪੜ੍ਹਿਆ ਲਿਖਿਆ ਨੌਜਵਾਨ ਵਰਗ ਮੌਜੂਦਾ ਪ੍ਰਬੰਧ ਤੋਂ ਪੂਰੀ ਤਰਾਂ ਉਪਰਾਮ ਹੋ ਚੁੱਕਾ ਹੈ ।ਬੇਰੁਜਗਾਰੀ ਅਤੇ ਬੇਭਰੋਸਗੀ ਦੀ ਹਾਲਤ ‘ਚ ਉਸ ਨੇ ਬਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਲਈਆਂ ਹਨ।ਹਾਲਾਤ ਦੇ ਇੱਥੋਂ ਤੱਕ ਪਹੁੰਚਣ ਲਈ ਕਮਿਊਨਿਸਟ ਇਨਕਲਾਬੀ ਸਿੱਧੇ ਤੌਰ ਤੇ ਜੁਆਬ ਦੇਹ ਬਣਦੇ ਹਨ ।ਜਿੱਥੇ ਇੱਕ ਪਾਸੇ ਉਹ ਜਮਾਤੀ ਜਦੋਜਹਿਦ ਦੇ ਮੁਹਾਜ ਤੇ ਬੁਰੀ ਤਰਾਂ੍ਹ ਫੇਲ ਹੋਏ ਉਥੇ ਦੂਸਰੇ ਪਾਸੇ ਦੱਬੀਆਂ ਕੁਚਲੀਆਂ ਕੌਮੀਅਤਾਂ,ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤ ਸ਼੍ਰੇਣੀਆਂ ਦੇ ਮਸਲਿਆਂ ਨੂੰ ਵਿਗਿਆਨਕ ਨਜ਼ਰੀਏ ਤੋਂ ਸਮਝਣ ‘ਚ ਵੀ ਅਸਫਲ ਰਹੇ ਪਹਿਲ ਕਦਮੀਂ ਨਾਲ ਇਨ੍ਹਾਂ ਮਸਲਿਆਂ ਨੂੰ ਆਪਣੇ ਹੱਥ ਲੈ ਕੇ ਆਗੂ ਰੋਲ ਅਦਾ ਕਰਨਾ ਤਾਂ ਦੂਰ ਦੀ ਗੱਲ।ਸਿੱਟੇ ਵਜੋਂ ਦਲਿਤ ਭਾਈਚਾਰੇ ਦਾ ਵਿਸ਼ਵਾਸ ਇਨ੍ਹਾਂ ਤੋਂ ਜਾਂਦਾ ਰਿਹਾ ਅਤੇ ਉਨ੍ਹਾਂ ਨੂੰ ਇੱਕ ਮੋੜ ਤੇ ਆਕੇ ਆਪਣਾ ਸਿਆਸੀ ਭਵਿੱਖ ਕਮਿਊਨਿਸਟਾਂ ਨਾਲੋਂ ਬੀ ਐਸ ਪੀ ਵਰਗੀਆਂ ਪਾਰਟੀਆਂ ‘ਚ ਨਜ਼ਰ ਆਉਣ ਲੱਗਿਆਂ।ਵੱਖ ਵੱਖ ਕੌਮੀਅਤਾਂ ਇਲਾਕਾਈ ਪਾਰਟੀਆਂ ਦੇ ਪ੍ਰਭਾਵ ਥੱਲੇ ਵੱਖ ਵੱਖ ਸਰਗਰਮੀਆਂ ਕਰਦੀਆਂ ਰਹੀਆਂ।ਖੱਬੇ ਪੱਖੀ ਤਾਕਤਾਂ ਦੀ ਅਸਫਲਤਾ ਨੇ ਪੈਦਾ ਕੀਤੇ ਰਾਜਨੀਤਕ ਖਲਾਅ ਦੀ ਹਾਲਤ ‘ਚ ਸਿੱਖਾਂ ਵਰਗੀਆਂ ਧਾਰਮਿਕ ਘੱਟ ਗਿਣਤੀਆਂ ਨੇ ਵੀ ਕੱਟੜਤਾ ਦਾ ਫਿਰਕੂ ਰੁੱਖ ਅਖਤਿਆਰ ਕਰ ਲਿਆ।
ਧਰਮ ਦੇ ਅਧਾਰ ਤੇ ਸਿੱਖਾਂ ਲਈ ਖਾਲਿਸਤਾਨ ਦੀ ਸਿਰਜਨਾ ਕਰਨ ਦੇ ਮਨਸ਼ੇ ਤਹਿਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਬੱਬਰ ਖਾਲਸਾ ਆਦਿ ਗਰੁੱਪਾਂ ਵੱਲੋਂ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਮੋਰਚੇਬੰਦੀ ਕੀਤੀ ਗਈ ਅਤੇ ਇਸ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਲਿਆ।ਇਸ ਪਿੱਛੇ ਉਨ੍ਹਾਂ ਦੀ ਇਹ ਗੈਰਹਕੀਕੀ ਸਮਝ ਕੰਮ ਕਰਦੀ ਸੀ ਕਿ ਭਾਰਤੀ ਸਰਕਾਰ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਕਿਸੇ ਕਿਸਮ ਦੀ ਫੌਜੀ ਕਾਰਵਾਈ ਨਹੀਂ ਕਰੇਗੀ।ਹਾਲਾਤ ਦੇ ਇਸ ਪੜਾਅ ਤੇ ਪਹੁੰਚਣ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਕੁੱਝ ਮਹੱਤਵ ਪੂਰਨ ਘਟਨਾਵਾਂ ਵਾਪਰ ਚੁੱਕੀਆਂ ਸਨ । ਸਾਰੇ ਭਾਰਤ ‘ਚ ਭਾਸ਼ਾ ਦੇ ਅਧਾਰ ਤੇ ਸੂਬੇ ਬਣਾਉਣ ਦੇ ਬਾਵਜੂਦ ਪੰਜਾਬ ਦਾ ਭਾਸ਼ਾ ਦਾ ਅਧਾਰ ਤੇ ਪੁਨਰਗਠਨ ਕਰਨ ਨੂੰ ਲਮਕਾਇਆ ਗਿਆ ਅਤੇ ਜਦੋਂ ਕਾਫੀ ਲੰਬੀ ਐਜੀਟੇਸ਼ਨ ਹੋਣ ਤੇ ਬਣਾਇਆ ਵੀ ਗਿਆ ਤਾਂ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਛੱਡ ਦਿੱਤੇ ਗਏ,ਇਸ ਦੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਇਲਾਕਾ ਘੋਸ਼ਿਤ ਕਰ ਦਿੱਤਾ ਗਿਆ। ਪੰਜਾਬ ਨੂੰ ਆਪਣੀ ਹੀ ਰਾਜਧਾਨੀ ਚੰਡੀਗੜ ਤੋਂ ਵਾਂਝਿਆਂ ਕਰ ਦਿੱਤਾ,ਪੰਜਾਬ ਨੂੰ ਦਰਿਆਵਾਂ ਦੇ ਪਾਣੀਆਂ ਚੋਂ ਇਸਦਾ ਬਣਦਾ ਹੱਕ ਨਹੀਂ ਦਿੱਤਾ ਗਿਆ।ਇਸ ਵਿਤਕਰੇ ਵਿਰੁੱਧ ਇੱਕ ਪ੍ਰਤੀਕਰਮ ਦੇ ਰੂਪ ‘ਚ 1973 ‘ਚ ਆਨੰਦਪੁਰ ਦਾ ਮਤਾ ਪਾਸ ਹੋਇਆ ਜਿਸ ਨੂੰ 1978 ‘ਚ ਕੁੱਝ ਸੋਧਾਂ ਕਰਕੇ ਸ਼੍ਰੋਮਣੀ ਅਕਾਲੀਦਲ ਵੱਲੋਂ ਲੁਧਿਆਣਾ ਵਿਖੇ ਆਪਣੀ ਕਾਨਫਰੰਸ ਵਿੱਚ ਪਾਸ ਕਰ ਦਿੱਤਾ ਅਤੇ ਇਸ ਅਧਾਰ ਤੇ ਕੇਂਦਰ ਸਰਕਾਰ ਖਿਲਾਫ ਮੋਰਚਾ ਲਾਉਣ ਦਾ ਐਲਾਨ ਕੀਤਾ।ਇਹ ਮਤਾ ਅਸਲ ‘ਚ ਬੁਨਿਆਦੀ ਤੌਰ ਤੇ ਦੇਸ਼ ਵਿੱਚ ਫੈਡਰਲ ਢਾਂਚੇ ਦੀ ਮੰਗ ਦੇ ਅਨੁਸਾਰ ਸੀ ਜੋ ਹੋਰ ਵੀ ਕਈ ਸੂਬਿਆਂ ਵੱਲੋਂ ਉਠਾਈ ਗਈ ਸੀ।1978 ‘ਚ ਅੰਮਿ੍ਰਤਸਰ ਵਿਖੇ ਨਿਰੰਕਾਰੀਆਂ ਵੱਲੋਂ 13 ਨਿਹੰਗ ਸਿੰਘਾਂ ਨੂੰ ਕਤਲ ਕਰ ਦਿੱਤਾ ਇਸ ਦੇ ਪ੍ਰਤੀਕਰਮ ਵਜੋਂ 24 ਅਪ੍ਰੈਲ ਨੂੰ ਨਿਰੰਕਾਰੀ ਮੁਖੀ ਬਾਬਾ ਗੁਰਬਚਨ ਸਿੰਘ ਦੀ ਰਣਜੀਤ ਸਿੰਘ ਵੱਲੋਂ ਹੱਤਿਆ ਕਰ ਦਿੱਤੀ ਗਈ (ਜੋ ਇਸ ਕੇਸ ਤਹਿਤ 13 ਸਾਲ ਤਿਹਾੜ ਜੇਲ੍ਹ ਵਿੱਚ ਰਿਹਾ। ਇਸੇ ਸਮੇਂ ਹੀ ਉਸ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ ਸੀ)। ਢਾਈ ਸਾਲ ਦੇ ਵਕਫੇ ਬਾਅਦ ਜਦ ਕੇਂਦਰ ‘ਚ ਕਾਂਗਰਸ ਮੁੜ ਸਤ੍ਹਾ ਵਿੱਚ ਆਈ ਤਾਂ ਉਸ ਨੇ ਪੰਜਾਬ ਲਈ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੇ ਪੰਜਾਬ ਵਿੱਚ ਆਪਣੇ ਮੁੱਖ ਵਿਰੋਧੀ ਸ਼ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨ ਦੇ ਮਕਸਦ ਨਾਲ ਅੱਸੀਵਿਆਂ ਦੇ ਸ਼ੁਰੂ ਤੱਕ ਉਸ ਦੇ ਮੁਕਾਬਲੇ ਤੇ ਖਾਲਿਸਤਾਨ ਪੱਖੀ ਸਰਗਰਮੀਆਂ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕੀੱਤਾ ਅਤੇ ਪਨਪਣ ਦਿੱਤਾ ।ਅਸਲ ਵਿੱਚ ਇਹੀ ਉਸ ਦਾ ਰਾਜਨੀਤਿਕ ਮਕਸਦ ਸੀ। ਦੂਸਰੇ ਪਾਸੇ ਪਾਕਿਸਤਾਨ ਨੇ ਵੀ ਇਸ ਸਥਿਤੀ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕੀਤੀ।ਪਰੰਤੂ ਇੱਥੇ ਇਹ ਗੱਲ ਵੀ ਸਾਫ ਕਰਨੀ ਬਣਦੀ ਹੈ ਕਿ ਪੰਜਾਬ ਦੀ ਇਹ ਸਥਿਤੀ ਕਿਸੇ ਕਾਂਗਰਸ ਦੇ ਪਾਲੇ ਹੋਏ ਸਿੱਖ ਏਜੰਟ ਜਾਂ ਪਾਕਿਸਤਾਨ ਦੀ ਸਾਜਿਸ਼ ਦੀ ਉਪਜ ਨਹੀਂ ਸੀ। ਬਲਕਿ ਇਸ ਦੇ ਬੀਜ ਲੰਬੇ ਸਮੇਂ ਤੋਂ ਸਾਡੇ ਦੇਸ਼ ਦੀ ਰਾਜਨੀਤਕ ਵਿਵਸਥਾ ਵਿੱਚ ਮੌਜੂਦ ਸਨ।ਇਹ ਮੁੱਖ ਤੌਰ ਤੇ ਦੋ ਵੱਡੇ ਕਾਰਕਾਂ ਦੀ ਪੈਦਾਇਸ਼ ਸੀ । ਪਹਿਲਾ ਸੀ ਮਿਹਨਤਕਸ਼ਾਂ ਦੀ ਲੁੱਟ ਤੇ ਅਧਾਰਤ ਭਾਰਤ ਦੀ ਸਮਾਜਿਕ ਰਾਜਨੀਤਿਕ ਵਿਵਸਥਾ ਜਿਸ ਦਾ ਲਗਾਤਾਰ ਕੇਂਦਰੀਕਰਨ ਕੀਤਾ ਜਾਣਾ ਅਤੇ ਸੰਵਿਧਾਨਕ ਪੱਖੋਂ ਵੱਧ ਤੋਂ ਵੱਧ ਇਕਾਤਮਕ ਬਣਾਇਆ ਜਾਣਾ ਅਤੇ ਦੂਸਰਾ ਸੀ, ਜਿਵੇਂ ਕਿ ਪਹਿਲਾਂ ਨੋਟ ਕੀਤਾ ਜ ਚੁੱਕਿਆ ਹੈ, ਕਮਿਊਸਿਟ ਲਹਿਰ ਦੀ ਅਸਫਲਤਾ।ਦੂਸਰੇ ਵਿਸ਼ਵ ਯੁੱਧ ‘ਚ ਬੁਰੀ ਤਰਾਂ੍ਹ ਕਮਜੋਰ ਹੋਏ ਅੰਗਰੇਜ਼ 1947 ‘ਚ ਭਾਰਤ ਨੂੰ ਦੋ ਹਿੱਸਿਆਂ ‘ਚ ਵੰਡ ਕੇ, ਫਿਰਕਾ ਪ੍ਰਸਤੀ ਦੇ ਭਾਂਬੜ ਬਾਲ ਕੇ ,ਸਾਡੇ ਦੇਸ਼ ਦੀ ਵਾਗਡੋਰ ਲੁਟੇਰੀਆਂ ਜਮਾਤਾਂ ਦੀ ਨੁਮਾਇੰਦਾ ਕਾਂਗਰਸ ਪਾਰਟੀ ਦੇ ਹੱਥ ਸੌਂਪ ਕੇ ਚਲੇ ਗਏ।ਇੱਕ ਅਜਿਹੇ ਦੇਸ਼ ਦੀ ਵਾਗਡੋਰ ਜਿਸ ਵਿੱਚ ਕਈ ਦਰਜਨ ਕੌਮੀਅਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਸਿਰ ਨਰੜ ਕਰਕੇ ਆਪਣੀ ਸਹੂਲਤ ਲਈ ਅੰਗਰੇਜ਼ਾਾਂ ਨੇ ਇੱਕ ਰਾਜਨੀਤਿਕ ਇਕਾਈ ਵਿੱਚ ਬੰਨ੍ਹ ਦਿੱਤਾ ਸੀ ਜਿਨ੍ਹਾਂ ਦੀ ਆਪਸੀ ਸਾਂਝ ਦਾ ਮਜਬੂਤ ਅਧਾਰ ਇਹ ਸੀ ਕਿ ਉਨ੍ਹਾਂ ਦਾ ਦੁਸ਼ਮਣ ਸਾਂਝਾ ਸੀ ਅਤੇ ਇਸੇ ਸਾਂਝ ਦੇ ਅਧਾਰ ਤੇ ਉਨ੍ਹਾਂ ਇੱਕ ਦੇਸ਼ ਦੇ ਵਾਸੀਆਂ ਦੇ ਅਹਿਸਾਸ ਨਾਲ ਅੰਗਰੇਜ਼ਾ ਖਿਲਾਫ ਅਜ਼ਾਦੀ ਦੀ ਜੰਗ ਲੜੀ ਸੀ।ਸੋ ਅਜਾਦੀ ਤੋਂ 37 ਸਾਲ ਬਾਅਦ ਇਤਿਹਾਸ ਦੇ ਇਸ ਮੋੜ ਤੇ ਇੰਦਰਾ ਗਾਂਧੀ ਦੀ ਸਰਕਾਰ ਨੇ ਹਰਿਮੰਦਰ ਸਾਹਿਬ ਕੰਪਲੈਕਸ ਤੇ ਫੌਜੀ ਹਮਲਾ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਅਤੇ ਉਸ ਦੇ ਸਹਿਯੋਗੀਆਂ ਸਮੇਤ ਅਨੇਕਾਂ ਸਿੱਖ ਸ਼ਰਧਾਲੂਆਂ ਨੂੰ ਵੀ ਲਾਸ਼ਾਂ ਦੇ ਢੇਰ ਵਿੱਚ ਤਬਦੀਲ਼ ਕਰ ਦਿੱਤਾ ਜਿਨ੍ਹਾਂ ਵਿੱਚ ਅਨੇਕਾਂ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਸਨ।ਇਹ ਇੱਕ ਅਜਿਹੀ ਘਟਨਾਂ ਸੀ ਜਿਸ ਨੇ ਸਿੱਖ ਮਾਨਸਿਕਤਾ ਨੂੰ ਹਲੂਣ ਕੇ ਰੱਖ ਦਿੱਤਾ ਅਤੇ ਇੰਦਰਾ ਦੀ ਫੌਜੀ ਜਿੱਤ ਬਹੁਤ ਹੀ ਆਰਜੀ ਅਤੇ ਥੁੜ ਚਿਰੀ ਸਾਬਿਤ ਹੋਈ।ਵੱਡੀ ਗਿਣਤੀ ‘ਚ ਸਿੱਖ ਫੌਜੀਆਂ ਨੇ ਬਗਾਵਤ ਕਰਕੇ ਅੰਮਿ੍ਰਤਸਰ ਵੱਲ ਵਹੀਰਾਂ ਘੱਤ ਦਿੱਤੀਆਂ। ਆਪਣੀ ਸਿੱਖ ਮਾਨਸਿਕਤਾ ਨੂੰ ਲੱਗੇ ਗਹਿਰੇ ਜਖਮਾਂ ਦੀ ਬਦੌਲਤ ਇੰਦਰਾ ਗਾਂਧੀ ਦੇ ਸਿੱਖ ਬਾਡੀਗਾਰਡਾਂ ਨੇ ਹੀ 31 ਅਕਤੂਬਰ ਨੂੰ ਉਸ ਦੀ ਹੱਤਿਆ ਕਰ ਦਿੱਤੀ।ਇਸ ਤੋਂ ਬਾਅਦ ਰਾਜੀਵ ਗਾਂਧੀ ਦੀ ਸਰਕਾਰ ਤਹਿਤ ਯੋਜਨਾਬੱਧ ਢੰਗ ਨਾਲ ਦਿੱਲੀ ਅਤੇ ਹੋਰ ਸ਼ਹਿਰਾਂ ‘ਚ ਆਮ ਸਿੱਖਾਂ ਦਾ ਕਤਲੇਆਮ ਕੀਤਾ ਗਿਆਂ ਔਰਤਾਂ ਅਤੇ ਬੱਚਿਆਂ ਤੱਕ ਨੂੰ ਨਾ ਬਖਸ਼ਿਆ ਗਿਆ।ਸਿੱਖਾਂ ਦੀਆਂ ਜਾਇਦਾਦਾਂ ਲੱੁਟੀਆਂ ਗਈਆਂ,ਘਰ ਸਾੜ ਦਿੱਤੇ ਗਏ ਅਨੇਕਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ। ਦਿੱਲੀ ਦੇ ਸਿੱਖਾਂ ਦੇ ਕਤਲੇਆਮ ਚੋਂ ਬਚ ਕੇ ਨਿਕਲੇ ਕਈ ਨੌਜਵਾਨ ਖਾਲਿਸਤਾਨੀ ਸੰਗਠਨਾਂ ‘ਚ ਭਰਤੀ ਹੋ ਗਏ।ਮਈ1985 ਤੋਂ ਮਈ 1986 ਤੱਕ ਮੈਂ ਪੀ.ਏ.ਯੂ. ਲੁਧਿਆਣਾ ਦੇ ਡਾਇਰੈਕਟਰ ਕਤਲ ਕੇਸ ਤਹਿਤ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਰਿਹਾ ਸੀ। ਇਸ ਸਮੇਂ ਦੌਰਾਨ ਮੈਨੂੰ ਵੱਖ ਵੱਖ ਖਾਲਿਸਤਾਨ ਪੱਖੀ ਨੌਜਵਾਨਾਂ ਅਤੇ ਫੌਜ ਚੋਂ ਬਗਾਵਤ ਕਰਨ ਵਾਲੇ ਸਿੱਖ ਫੌਜੀਆਂ ਨੂੰ ਮਿਲਣ ਦਾ , ਉਨ੍ਹਾਂ ਨਾਲ ਸੰਵਾਦ ਕਰਨ ਦਾ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਣ ਦਾ ਮੌਕਾ ਮਿਲਿਆ।ਇੱਕ ਦਿਨ ਅਜੇਹੇ ਹੀ ਇੱਕ ਸਿੱਖ ਨੌਜਵਾਨ ਜਿਸਦਾ ਨਾਮ ਸ਼ਾਇਦ ਅਨੋਖ ਸਿੰਘ ਸੀ ਦੀ ਹੱਡਬੀਤੀ ਸੁਣਨ ਦਾ ਮੌਕਾ ਮਿਲਿਆ। ਮੇਰੇ ਵੱਲੋਂ ਇਹ ਪੱੁਛੇ ਜਾਣ ਤੇ ਕਿ ਉਸਨੇ ਇਹ ਰਾਹ ਕਿਉਂ ਚੁਣਿਆ,ਉਸ ਨੇ ਦੱਸਿਆਂ ਕਿ ਦਿੱਲੀ ਕਤਲੇਆਮ ਸਮੇਂ ਉਸ ਨੂੰ ਕੁਝ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਵੱਢ ਟੁੱਕ ਕੇ ਮਰਨ ਲਈ ਸੁੱਟ ਦਿੱਤਾ ਸੀ।ਉਸ ਨੂੰ ਝੌਂਪੜੀਆਂ ਵਿੱਚ ਰਹਿਣ ਵਾਲੇ ਕੁੱਝ ਸਿਕਲੀਗਰਾਂ ਨੇ ਚੁੱਕ ਲਿਆ ਅਤੇ ਹਲਦੀ ਵਗੈਰਾ ਨਾਲ ਉਸਦੇ ਜਖਮਾਂ ਤੇ ਪੱਟੀਆਂ ਬੰਨੀਆਂ ਅਤੇ ਉਸ ਦੀ ਜਾਨ ਬਚਾ ਲਈ।ਉਸਨੇ ਆਪਣੇ ਸ਼ਰੀਰ ਤੇ ਤੇਜ ਧਾਰ ਹਥਿਆਰਾਂ ਦੇ ਜਖ਼ਮਾਂ ਦੇ ਦਾਗ ਵੀ ਦਿਖਾਏ।ਉਸ ਨੇ ਅੱਗੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਮਾਰਿਆ ਜਾ ਚੁੱਕਾ ਸੀ ਅਤੇ ਜਦੋਂ ਉਹ ਠੀਕ ਹੋ ਗਿਆ ਤਾਂ ਦਿੱਲੀ ਤੋਂ ਟਰੇਨ ਤੇ ਸਵਾਰ ਹੋ ਕੇ ਸਿੱਧਾ ਅੰਮਿ੍ਰਤਸਰ ਪਹੁੰਚਿਆ , ਖਾਲਿਸਤਾਨ ਪੱਖੀ ਨੌਜਵਾਨਾ ਨਾਲ ਤਾਲਮੇਲ ਕੀਤਾ ਅਤੇ ਹਥਿਆਰ ਚੁੱਕ ਲਏ।ਫਿਰ ਇਸੇ ਸਮੇਂ ਦੁਰਾਨ ਇੱਕ ਐਕਸ਼ਨ ਦੁਰਾਨ ਉਹ ਪੁਲਿਸ ਦੀ ਗਰਿਫਤ ਵਿੱਚ ਆ ਗਿਆ।ਇਸ ਤਰਾਂ ਦੇ ਹੋਰ ਕਿੰਨੇ ਹੀ ਨੌਜਵਾਨ ਅਜਿਹੀ ਹਾਲਤ ‘ਚ ਇਸ ਰਸਤੇ ਤੇ ਚੱਲੇ ਹੋਣਗੇ।ਸਿੱਖ ਫੌਜੀਆਂ ਦੇ ਦੱਸਣ ਅਨੁਸਾਰ ਅਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਦੂਸਰੇ ਰਾਜਾਂ ਦੇ ਆਮ ਫੌਜੀ ਇਹ ਖਬਰ ਸੁਣਾਉਂਦੇ ਸਨ ਕਿ ਉਨ੍ਹਾਂ ਦਾ ਸੰਤ ਭਿੰਡਰਾਂ ਵਾਲਾ ਮਾਰਿਆ ਗਿਆ ਅਤੇ ਅਕਾਲ ਤਖਤ ਢਾਹ ਦਿੱਤਾ ਗਿਆ ਹੈ ਤਾਂ ਉਨ੍ਹਾਂ ਨੂੰ ਇਹ ਸਿੱਧਾ ਆਪਣਾ ਅਪਮਾਨ ਲੱਗਿਆ ਅਤੇ ਉਨ੍ਹਾਂ ਨੇ ਬਗਾਵਤ ਦਾ ਝੰਡਾ ਚੁਕਿਆ ਹਥਿਆਰਾਂ ਦੇ ਸਟੋਰ ਲੁੱਟੇ ਕੋਈ ਵੀ ਅਫਸਰ ਰੁਕਾਵਟ ਬਣਿਆ ਉਸ ਨੂੰ ਕਤਲ ਕਰ ਦਿੱਤਾ ਅਤੇ ਹਥਿਆਰਾਂ ਸਮੇਤ ਅੰਮਿ੍ਰਤਸਰ ਵੱਲ ਨੂੰ ਕੂਚ ਕਰ ਦਿੱਤਾ।ਉਨ੍ਹਾਂ ਤੋਂ ਉਨ੍ਹਾਂ ਦਾ ਪਿਛੋਕੜ ਜਾਨਣ ਦੇ ਪਤਾ ਲੱਗਿਆ ਕਿ ਉਨ੍ਹਾਂ ਚੋਂ ਬਹੁਤੇ ਗਰੀਬ ਕਿਸਾਨ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਚੋਂ ਸਨ।
ਇਸ ਤੋਂ ਬਾਅਦ ਪੰਜਾਬ ਵਿੱਚ ਕੱਟੜਪੰਥੀ ਸਿੱਖਾਂ ਦੇ ਗੁੱਟਾਂ ਵੱਲੋਂ ਆਮ ਨਾਗਰਿਕਾਂ ਦੇ ਕਤਲਾਂ ਦੇ ਸਿਲਸਿਲੇ ਵਿੱਚ ਹੋਰ ਤੇਜੀ ਆ ਗਈ।ਗੱਲ ਕੀ ਸ਼ਾਮ ਦੇ 5 ਵਜੇ ਤੋਂ ਬਾਅਦ ਕੋਈ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦਾ ਸੀ।ਬਹੁਤ ਸਾਰੇ ਹਿੰਦੂ ਪਰਿਵਾਰ ਸ਼ਹਿਰਾਂ ਜਾਂ ਗੁਆਂਢੀ ਸੂਬਿਆਂ ਨੂੰ ਪਲਾਇਨ ਕਰ ਗਏ।ਅਜਿਹੀ ਹਾਲਤ ‘ਚ ਕਮਿਊਨਿਸਟ ਇਨਕਲਾਬੀ ਪਹਿਲਾਂ ਦੀ ਤਰਾਂ ਕੋਈ ਸਹੀ ਨੀਤੀ ਜਾਂ ਕਾਰਜ ਯੋਜਨਾ ਅੱਗੇ ਨਹੀਂ ਲਿਆ ਸਕੇ ।ਉਨ੍ਹਾਂ ਨੇ ਸਰਕਾਰੀ ਅਤੇ ਫਿਰਕੂ ਜਬਰ ਦੋਵਾਂ ਦਾ ਇੱਕੋ ਸਮੇਂ ਵਿਰੋਧ ਕਰਨ ਦਾ ਸਿਧਾਂਤਕ ਪੈਂਤੜਾ ਤਾਂ ਲਿਆ ਪਰ ਅਮਲੀ ਰੂਪ ‘ਚ ਉਨਾਂ ਦਾ ਵੱਡਾ ਹਿੱਸਾ ਗੈਰਸਰਮੀ ਦੀ ਹਾਲਤ ‘ਚ ਚਲਾ ਗਿਆ। ਜੋ ਹਿੱਸਾ ਸਰਗਰਮ ਰਿਹਾ ਉਹ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰਭਾਵਸ਼ਾਲੀ ਅਗਵਾਈ ਦੇਣ ਦੀ ਹਾਲਤ ਵਿੱਚ ਨਹੀਂ ਸੀ ਬਲਕਿ ਅਸਿੱਧੇ ਰੂਪ ‘ਚ ਸਰਕਾਰ ਦੇ ਹੱਕ ‘ਚ ਭੁਗਤ ਗਿਆ।ਕਈ ਲੰਬਾ ਸਮਾਂ ਕਮਿਊਨਿਸਟ ਲਹਿਰ ਦਾ ਹਿੱਸਾ ਰਹੇ ਕਾਰਕੁਨ ਖਾਲਿਸਤਾਨ ਲਹਿਰ ਵੱਲ ਮੋੜਾ ਕੱਟ ਗਏ।ਤਲਵੰਡੀ ਸਾਬੋ ਨੇੜੇ ਜਗਾ ਰਾਮਤੀਰਥ ਵਿਖੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਬੱਬਰ ਖਾਲਸਾ ਦੇ ਬਲਦੀਪ ਪੰਡਿਤ ਨੇ ਐਂਮਰਜੈਂਸੀ ਤੋਂ ਬਾਅਦ ਸਾਡੇ ਨਾਲ ਪੀ ਐਸ ਯੂ ‘ਚ ਸਰਗਰਮ ਹੋ ਕੇ ਸੂਬਾ ਕਮੇਟੀ ਮੈਂਬਰ ਬਣਨ ਤੱਕ ਦਾ ਸਫਰ ਤਹਿ ਕੀਤਾ ਸੀ।ਮਾਨਸਾ ਜਿਲ੍ਹੇ ‘ਚ ਰਾਇਪੁਰ ਪਿੰਡ ਨੇੜੇ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਬੱਬਰ ਖਾਲਸਾ ਦਾ ਖੇਮ ਸਿੰਘ ਬਾਲਦ ਕਲਾਂ ਉਰਫ ‘ਫੌਜੀ’ ਲੰਬਾ ਸਮਾਂ ਸਾਡੇ ਹੀ ਕਾਫਲੇ ਦਾ ਅੰਗ ਰਿਹਾ ਸੀ ਅਤੇ ਨੌਜਵਾਨ ਭਾਰਤ ਸਭਾ ਦਾ ਸੂਬਾ ਪੱਧਰ ਦਾ ਆਗੂ ਰਹਿ ਚੱਕਾ ਸੀ।ਪੁਲਿਸ ਵੱਲੋਂ ਕਤਲ ਕੀਤਾ ਗਿਆ ਕੁਲਵਿੰਦਰ ਧੂਰੀ ਵੀ ਕਿਸੇ ਸਮੇਂ ਪੀ ਐਸ ਯੂ ਦਾ ਸਰਗਰਮ ਕਾਰਕੁਨ ਰਿਹਾ ਸੀ। ਧਰਮ ਦੇ ਮਸਲਿਆਂ ਤੇ ਅਜਿਹੀ ਸਮਝ ਦਾ ਪ੍ਰਚਾਰ ਕੀਤਾ ਗਿਆ ਜੋ ਆਮ ਲੋਕਾਂ ਨੂੰ ਧਾਰਮਿਕ ਤੌਰ ਤੇ ਹੋਰ ਕੱਟੜ ਬਣਾਉਣ ਦਾ ਕੰਮ ਕਰਦੀ ਹੈ।ਮੈਨੂੰ ਯਾਦ ਹੈ ਕਿ ਅਸੀਂ ਉਨ੍ਹਾਂ ਦਿਨਾਂ ‘ਚ 1985 ‘ਚ ਇੱਕ ਪੋਸਟਰ ਕੱਢਿਆ ਸੀ ਜਿਸ ਦਾ ਸਿਰਲੇਖ ਸੀ “ਮੈ ਨਾਸਤਿਕ ਕਿਉਂ ਹਾਂ” ।ਮੇਰੇ ਨਾਂ ਤੇ ਕਮਿਊਨਿਸਟ ਯੂਥ ਲੀਗ ਵੱਲੋਂ ਪ੍ਰਕਾਸ਼ਿਤ ਇਹ ਪੋਸਟਰ ਸਾਰੇ ਪੰਜਾਬ ਵਿੱਚ ਲਗਾਇਆ ਗਿਆ ਸੀ ਅਤੇ ਗੁਰਸ਼ਰਨ ਭਾਅ ਜੀ ਦੇ ਪੇਪਰ ‘ਸਮਤਾ’ ‘ਚ ਇੱਕ ਲੇਖ “ਧਰਮ ਰੱਬ ਅਤੇ ਨਾਸਤਿਕਤਾ ਬਾਰੇ ਸਾਡਾ ਦਿ੍ਰਸ਼ਟੀਕੋਣ” ਮੇਰੇ ਨਾਂ ਤੇ ਕਮਿਊਨਿਸਟ ਯੂਥ ਲੀਗ ਵੱਲੋਂ ਛਾਪਿਆ ਗਿਆ ਸੀ ਅਤੇ ਇਸ ਲਿਖਤ ਦੀਆਂ ਵੱਖਰੀਆਂ ਕਾਪੀਆਂ ਛਪਵਾਕੇ ਵੀ ਪੰਜਾਬ ਵਿੱਚ ਵੱਡੀ ਪੱਧਰ ਤੇ ਵੰਡੀਆਂ ਗਈਆਂ ਸਨ।ਜਾਣੀ ਕਿ ੳਪੁਰੋਕਤ ਹਾਲਾਤਾਂ ‘ਚ ਸਾਡਾ ਮੁੱਖ ਜੋਰ ਆਮ ਲੋਕਾਂ ਨੂੰ ਨਾਸਤਿਕ ਬਣਾਉਣ ਤੇ ਲੱਗਾ ਹੋਇਆ ਸੀ।ਆਸਤਿਕਤਾ ਨਾਸਤਿਕਤਾ ਦੇ ਸੁਆਲਾਂ ਤੇ ਵਿਚਾਰ ਵਟਾਂਦਰਾ ਅੱਗੇ ਵਧੂ ਕਾਰਕੁਨਾਂ ਅਤੇ ਬੁਧੀਜੀਵੀਆਂ ‘ਚ ਕਰਨਾ ਚਾਹੀਂਦਾ ਹੈ ਪਰੰਤੂ ਆਮ ਲੋਕਾਂ ਨਾਲ ਅਜਿਹੇ ਸੰਵਾਦ ਰਚਾਉਣ ਦੇ ਜਤਨ ਉਨ੍ਹਾਂ ਨੂੰ ਧਾਰਮਿਕ ਤੌਰ ਤੇ ਹੋਰ ਵੱਧ ਕੱਟੜ ਬਣਾਉਣ ਦਾ ਹੀ ਕੰਮ ਕਰਦੇ ਹਨ।ਮੌਜੂਦਾ ਪ੍ਰਬੰਧ ਦੀਆਂ ਕਾਨੂੰਨੀ ਸੰਵਿਧਾਨਕ ਵਿਵਸਥਾਵਾਂ ਦਾ ਪ੍ਰਯੋਗ ਕਰਨਾ ਕੋਈ ਕਮਿਊਨਿਸਟ ਵਿਰੋਧੀ ਕਾਰਵਾਈ ਨਹੀਂ ਪਰ ਇਸ ਤੇ ਮੁੱਖ ਟੇਕ ਨਹੀਂ ਰੱਖੀ ਜਾ ਸਕਦੀ।ਉਦਾਹਰਣ ਦੇ ਤੌਰ ਤੇ ਕਮਿਊਨਿਸਟਾਂ ਵੱਲੋਂ ਲਾਇਸੰਸੀ ਹਥਿਆਰ ਲਏ ਗਏ ਕੋਈ ਗਲਤ ਨਹੀਂ ਸੀ ਪਰੰਤੂ ਗਲਤ ਸੀ ਆਪਣੇ ਵੱਲੋਂ ਕੋਈ ਬਦਲਵਾਂ ਪ੍ਰਬੰਧ ਨਾ ਕਰਨਾ ,ਬੱਸ ਇੰਨ੍ਹਾ ਤੇ ਹੀ ਨਿਰਭਰ ਹੋਣਾ।ਦੂਸਰਾ ਉਨ੍ਹਾਂ ਦੇ ਮੁਕਾਬਲੇ ਵਿਰੋਧੀਆਂ ਕੋਲ ਕਿਸ ਪੱਧਰ ਦੀ ਤਕਨੀਕ ਦੇ ਹਥਿਆਰ ਹਨ ਇਸ ਦਾ ਕੋਈ ਮੁਲੰਕਣ ਨਾ ਕਰਨਾ।ਲੜਾਈਆਂ ਲਈ ਹੌਸਲਾ ਅਤੇ ਆਤਮ ਵਿਸ਼ਵਾਸ਼ ਜਰੂਰੀ ਹੁੰਦਾ ਪਰ ਇਹ ਨਿਰਾ ਪੁਰਾ ਭਾਵੁਕਤਾ ਨਾਲ ਨਹੀਂ ਜਿੱਤੀਆਂ ਜਾਂਦੀਆਂ।ਤਾਕਤਾਂ ਦਾ ਤੋਲ ਪਤਾ ਹੁੰਦਿਆਂ ਵੀ ਆਪਣੇ ਜਾਂਬਾਜਾਂ ਨੂੰ ਵਰ੍ਹਦੀ ਅੱਗ ਵਿੱਚ ਝੋਕ ਦੇਣਾ ਕੋਈ ਸਿਆਣਪ ਨਹੀਂ ਹੁੰਦੀ।ਕਿਸੇ ਜੰਗ ਦੀ ਅੰਤਿਮ ਜਿਤ ਤੱਕ ਪਹੁੰਚਣ ਲਈ ਕਈ ਵਾਰ ਪਿਛੇ ਹਟਣਾ ਵੀ ਪੈ ਸਕਦਾ ਹੈ ।ਇਹ ਕੋਈ ਬੁਜਦਿਲੀ ਨੀ ਹੁੰਦੀ।ਬਲਦੇਵ ਮਾਨ ਵਰਗੇ ਆਗੂ ਤਿਆਰ ਹੋਣ ‘ਚ ਲੰਬਾ ਸਮਾਂ ਲਗਦਾ ਹੈ।ਮੇਰੇ ਖਿਆਲ ‘ਚ ਉਸ ਨੂੰ ਕਿਸੇ ਹੋਰ ਇਲਾਕੇ ‘ਚ ਸ਼ਿਫਟ ਕਰਨ ਦਾ ਫੈਸਲਾ ਕੋਈ ਗਲਤ ਫੈਸਲਾ ਨਹੀਂ ਸੀ ਅਗਰ ਇਸ ਤੇ ਸਮੇਂ ਸਿਰ ਅਮਲ ਕੀਤਾ ਜਾਂਦਾ।ਅਜਿਹੇ ਹੀ ਕਦਮ ਆਗੂ ਟੀਮ ਦੇ ਦੂਸਰੇ ਮੈਂਬਰਾਂ ਬਾਰੇ ਵੀ ਚੁੱਕੇ ਜਾ ਸਕਦੇ ਸਨ।1970 ਵਿਆਂ ‘ਚ ਸ਼ਹੀਦ ਹੋਏ ਪੰਜਾਬ ਦੇ 83 ਕਾਮਰੇਡਾਂ ਦੀ ਲੰਬੀ ਲਿਸਟ ਸਾਡੇ ਪਾਸ ਉਪਲਬਧ ਹੈ ਜਿਸ ਦਾ ਕਮਿਊਨਿਸਟ ਲਹਿਰ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਸੀ।ਇਸ ਖੱਪੇ ਨੂੰ ਐਮਰਜੈਂਸੀ ਤੋਂ ਫੌਰੀ ਬਾਅਦ ਦੇ ਕੁੱਝ ਸਾਲਾਂ ‘ਚ ਪੂਰਨ ਦੇ ਜੋ ਯਤਨ ਹੋਏ ਸਨ ਉਨ੍ਹਾਂ ਦੀ ਪ੍ਰਾਪਤੀ ਅਸੀਂ ਬਲਦੇਵ ਮਾਨ ਦੇ ਸਮਿਆਂ ‘ਚ ਗੁਆ ਬੈਠੇ। ਕਮਿਊਨਿਸਟ ਪਾਰਟੀ ਹੋਂਦ ‘ਚ ਆਉਣ ਦੀ ਘਟਨਾਂ ਤੋਂ ਬਾਅਦ ਇੱਕ ਸਦੀ ਬੀਤ ਚੁੱਕੀ ਹੈ।100 ਸਾਲਾਂ ਦਾ ਸਮਾਂ ਕੋਈ ਥੋੜ੍ਹਾ ਨਹੀਂ ਹੁੰਦਾ।ਇੰਨੇ ਲੰਬੇ ਅਰਸੇ ਤੋਂ ਬਾਅਦ ਅਸੀਂ ਕਿੱਥੇ ਖੜ੍ਹੇ ਹਾਂ ਕੋਈ ਦੱਸਣ ਦੀ ਲੋੜ ਨਹੀਂ।ਗਲਤੀਆਂ ਉਸੇ ਤੋਂ ਹੁੰਦੀਆਂ ਹਨ ਜੋ ਕੁਝ ਕਰਦਾ ਹੈ ਪਰੰਤੂ ਆਪਣੀਆਂ ਗਲਤੀਆਂ ਤੋਂ ਮੁਨਕਰ ਹੋਣਾ ਅਤੇ ਉਨ੍ਹਾਂ ਤੋਂ ਸਬਕ ਸਿੱਖਦਿਆਂ ਉਨ੍ਹਾਂ ਨੂੰ ਦੂਰ ਕਰਨ ਦੇ ਰਾਹ ਨਾ ਪੈਣਾ ਕੋਈ ਸਿਆਣਪ ਨਹੀਂ ਹੁੰਦੀ।ਬਾਹਰਮੁਖੀ ਸਚਾਈ ਹਮੇਸ਼ਾਂ ਇੱਕ ਹੁੰਦੀ ਹੈ।ਇੰਟਰਨੱੈਟ ਤੇ 3ਦਰਜਨ ਦੇ ਕਰੀਬ ਕਮਿਊਨਿਸਟ ਗਰੁੱਪਾਂ ਦੀ ਲੰਬੀ ਲਿਸਟ ਉਪਲਬਧ ਹੈ।ਸਾਰੇ ਹੀ ਆਪਣੇ ਪਾਸ ਸਚਾਈ ਅਤੇ ਸਹੀ ਰਸਤੇ ਦਾ ਗਿਆਨ ਹੋਣ ਦਾ ਲਿਖਤੀ ਦਾਅਵਾ ਕਰਦੇ ਹਨ ਅਤੇ ਆਪਣਾ ਸਟੈਂਡ ਛੱਡਣ ਤੋਂ ਇਨਕਾਰੀ ਹਨ।ਸਚਾਈ ਦੀਆਂ ਇੰਨੀਆਂ ਕਿਸਮਾਂ ਤਾਂ ਨਹੀਂ ਹੋ ਸਕਦੀਆਂ।ਇਸ ਤੇ ਮੁੜ ਵਿਚਾਰਨ ਦੀ ਜਰੂਰਤ ਹੈ।ਇੱਕ ਕਮਿਊਨਿਸਟ ਪਾਰਟੀ ਬਣਾਉਣ ਲਈ ਏਕਤਾ ਦਾ ਸਾਜਗਾਰ ਅਧਾਰ ਤਿਆਰ ਕਰਨ ਲਈ ਘੱਟੋ ਘੱਟ ਇੱਕ ਸਾਂਝਾ ਪੇਪਰ ਤਾਂ ਕੱਢਿਆ ਹੀ ਜਾ ਸਕਦਾ ਹੈ ।ਇਸ ਪੇਪਰ ਵਿੱਚ ਇਨਕਲਾਬ ਦੀ ਲੀਹ ਦੇ ਮਹੱਤਵਪੂਰਨ ਮੁੱਦਿਆਂ ਤੇ ਬਹਿਸ ਵਿਚਾਰ ਦਾ ਮੁਲਕ ਪੱਧਰ ਤੇ ਸਿਲਸਿਲਾ ਚਲਾਇਆ ਜਾ ਸਕਦਾ ਹੈ।ਭਰਾਤਰੀ ਕਮਿਊਨਿਸਟ ਪਾਰਟੀਆਂ ਦੁਆਰਾ ਆਪਣੇ ਆਪਣੇ ਦੇਸ਼ਾਂ ਦੀ ਸਥਿਤੀ ਅਨੁਸਾਰ ਤਹਿ ਕੀਤੇ ਇਨਲਕਾਬ ਦੇ ਰਸਤਿਆਂ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ ਪਰੰਤੂ ਕਿਸੇ ਵੀ ਦੇਸ਼ ਦੇ ਰਸਤੇ ਨੂੰ ਨਕਲ ਕਰਕੇ ਭਾਰਤੀ ਸਥਿਤੀ ‘ਚ ਇੰਨ ਬਿੰਨ ਲਾਗੂ ਕਰਨ ਦੀ ਕੋਸ਼ਿਸ਼ ਕੋਈ ਸਾਰਥਿਕ ਸਿੱਟੇ ਨਹੀਂ ਕੱਢਦੀ ਇਹ ਸਾਡੇ ਬੀਤੇ ਸਮੇਂ ਦੇ ਤਜਰਬੇ ਦੁਰਾਨ ਭਾਰੀ ਕੀਮਤ ਚੁਕਾ ਕੇ ਹਾਸਲ ਕੀਤਾ ਮਹੱਤਵਪੂਰਨ ਸਬਕ ਹੈ ਜੋ ਫੋਰੀ ਮੁੜ ਵਿਚਾਰ ਦੀ ਮੰਗ ਕਰਦਾ ਹੈ। ਜੇਕਰ ਕਮਿਊਨਿਸਟ ਜਿੰਦਗੀ ਵਰਗੀ ਸਭ ਤੋਂ ਕੀਮਤੀ ਚੀਜ ਲੋਕਾਂ ਲਈ ਨਿਸ਼ਾਵਰ ਕਰਨ ਤੋਂ ਨਹੀਂ ਝਿਜਕਦੇ ਤਾਂ ਉਪਰੋਕਤ ਦੀ ਰੌਸ਼ਨੀ ‘ਚ ਗਰੁੱਪ ਮਾਨਸਿਕਤਾ ਦਾ ਤਿਆਗ ਤਾਂ ਮਾਮੂਲੀ ਗੱਲ ਹੈ।
ਅੰਤ ‘ਚ ਦੋ ਸ਼ਬਦ ਬੱਸ ਕਿਰਾਇਆ ਘੋਲ ਬਾਰੇ ।ਪੁਸਤਕ ‘ਚ ਬਹੁਤ ਸਾਰੇ ਸਾਥੀਆਂ ਵੱਲੋਂ ਬੱਸ ਕਿਰਾਇਆ ਘੋਲਦੇ ਵੇਰਵੇ ਦਿੱਤੇ ਗਏ ਹਨ ਪਰ ਉਨ੍ਹਾਂ ਚੋਂ ਕਿਸੇ ‘ਚ ਵੀ ਦਸੂਹਾ ਦੀ ਘਟਨਾ ਦਾ ਜਿਕਰ ਨਹੀਂ ਹੈ ਜਿਸ ਦਾ ਮੈਂ ਖੁਦ ਚਸ਼ਮਦੀਦ ਗਵਾਹ ਹਾਂ । 20 ਨਵੰਬਰ1980 ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ‘ਚ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਪੀ.ਐਸ.ਯੂ. ਦੇ ਸੂਬਾ ਕਮੇਟੀ ਮੈਂਬਰ ਬਚਿੱਤਰ ਸਿੰਘ ਦੀ ਗਿ੍ਰਫਤਾਰੀ ਅਤੇ ਬੱਸਾਂ ਦੇ ਕਿਰਾਏ’ਚ ਕੀਤੇ 43% ਵਾਧੇ ਖਿਲਾਫ ਪੁਰਅਮਨ ਰੋਸ ਮੁਜਾਹਰਾ ਕਰ ਰਹੇ ਸਨ ਕਿ ਅਚਾਨਕ ਪੁਲਿਸ ਨੇ ਪਹਿਲਾਂ ਅੰਨੇਵਾਜ ਲਾਠੀਚਾਰਜ ਕੀਤਾ ਅਤੇ ਬਾਅਦ ‘ਚ ਇੱਕ ਡਾਕਟਰ ਦੀ ਕੋਠੀ ਤੇ ਚੜ੍ਹਕੇ ਗੋਲੀਆਂ ਦੀ ਵਾਛੜ ਕਰ ਦਿੱਤੀ ਜਿਸ ‘ਚ 60 ਦੇ ਲੱਗਭੱਗ ਵਿਦਿਆਰਥੀ ਜਖਮੀਂ ਹੋਏ ਸਨ।ਜਿੰਨ੍ਹਾਂ ‘ਚ 12 ਵਿਦਿਆਰਥੀ ਗੰਭੀਰ ਰੂਪ ਵਿੱਚ ਜਖ਼ਮੀ ਸਨ।ਪੀ.ਐਸ.ਯੂ. ਡੀ.ਏ ਵੀ.ਕਾਲਜ ਦੀ ਖਜਾਨਚੀ ਰਮਿੰਦਰ ਕੌਰ ਝਿੰਗੜ ਕਲਾਂ ਦੇ ਪੇਟ ਵਿੱਚੋਂ ਦੀ ਗੋਲੀ ਆਰ ਪਾਰ ਹੋ ਗਈ ਸੀ। ਪੀ.ਜੀ.ਆਈ.ਚੰਡੀਗੜ ਵਿਖੇ ਉਸ ਦਾ ਇਲਾਜ ਹੋਇਆ ਸੀ ਅਤੇ ਇੱਕ ਹੋਰ ਮੈਂਬਰ ਹਰਜੀਤ ਸਿੰਘ ਦਸ਼ਮੇਸ਼ ਨਗਰ ਦਸੂਹਾ ਦੇ ਸਿਰ ਵਿੱਚ ਗੋਲੀ ਲੱਗੀ ਸੀ ਜੋ ਉਮਰ ਭਰ ਲਈ ਅਪੰਗ ਹੋ ਗਿਆ ਸੀ ਅਤੇ ਇਸ ਸਮੇਂ ਬੇਹੱਦ ਆਰਥਿਕ ਤੰਗੀਆਂ ਦਾ ਸ਼ਿਕਾਰ ਹੈ।

Leave a Reply

Your email address will not be published. Required fields are marked *