ਵਿਧਾਇਕਾਂ ਵੱਲੋਂ ਕੀਤਾ ਐਲਾਨ ਪੂਰਾ ਨਾ ਕੀਤਾ, ਤਾਂ ਹੋਰ ਤਿੱਖਾ ਐਕਸ਼ਨ ਉਲੀਕਾਂਗੇ – ਨਸ਼ਾ ਵਿਰੋਧੀ ਐਕਸ਼ਨ ਕਮੇਟੀ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)– ਮਾਰੂ ਨਸ਼ਿਆਂ ਦੇ ਕੋਹੜ ਦੇ ਖਾਤਮੇ ਅਤੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਲਈ ਚੱਲ ਰਹੇ ਦਿਨ ਰਾਤ ਦੇ ਮੋਰਚੇ ਦੇ 51ਵੇਂ ਦਿਨ ਬੁਲਾਰਿਆਂ ਨੇ ਸਤਾਧਾਰੀ ਵਿਧਾਇਕਾਂ ਤੇ ਪੁਲਸ ਨੂੰ ਯਾਦ ਕਰਵਾਇਆ ਕਿ ਜੇਕਰ ਉਨਾਂ ਨੇ ਅਪਣੇ ਐਲਾਨ ਮੁਤਾਬਕ ਝੂਠਾ ਕੇਸ ਰੱਦ ਕਰਵਾ ਕੇ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਵਾਲਾ ਵਾਲਾ ਪੂਰਾ ਨਾ ਕੀਤਾ, ਤਾਂ ਉਨ੍ਹਾਂ ਦੇ ਘਰਾਂ ਅੱਗੇ ਪੱਕੇ ਧਰਨੇ ਲਾਉਣ ਦੇ ਨਾਲ ਨਾਲ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਹੋਰ ਵੀ ਤਿੱਖੇ ਐਕਸ਼ਨ ਕਰਨ ਦਾ ਫੈਸਲਾ ਲਵੇਗੀ।

ਅੱਜ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਨਛੱਤਰ ਸਿੰਘ ਖੀਵਾ, ਸੁਖਦਰਸ਼ਨ ਸਿੰਘ ਨੱਤ, ਜਸਵੰਤ ਸਿੰਘ ਜਵਾਹਰਕੇ, ਪਰਵਿੰਦਰ ਝੋਟੇ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਮੁਰਗੀ ਬੱਕਰੀ ਤੱਕ ਮਰੀ ਦਾ ਮੁਆਵਜ਼ਾ ਦੇਣ ਦੇ ਬਿਆਨ ਹੀ ਦਿੱਤੇ ਹਨ, ਪਰ ਹਾਲੇ ਤੱਕ ਹੜ੍ਹਾਂ ਕਾਰਨ ਹੋਏ ਕਿਸਾਨਾਂ ਮਜ਼ਦੂਰਾਂ ਦੇ ਫਸਲਾਂ ਤੇ ਘਰਾਂ ਤੱਕ ਦੇ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਨਸ਼ਿਆਂ ਦੇ ਮਾਰੂ ਕਾਰੋਬਾਰ ਦੇ ਖਾਤਮੇ ਲਈ ਹਾਲੇ ਤੱਕ ਐਲਾਨਾਂ ਤੇ ਬਿਆਨਾਂ ਤੋਂ ਬਿਨਾਂ ਜ਼ਮੀਨੀ ਪੱਧਰ ‘ਤੇ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਪਰ ਜੇਕਰ ਜਨਤਾ ਤਬਦੀਲੀ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਬੇਮਿਸਾਲ ਜਿੱਤ ਦਿਵਾ ਸਕਦੀ ਹੈ, ਤਾਂ ਅਜਿਹੀਆਂ ਨਾਲਾਇਕੀਆਂ ਕਾਰਨ ਪਹਿਲੀਆਂ ਸਤਾਧਾਰੀ ਪਾਰਟੀਆਂ ਵਾਂਗ ਛੇਤੀ ਹੀ ਤੁਹਾਨੂੰ ਵੀ ਰੱਦ ਕਰਕੇ ਕੂੜੇ ਦੇ ਢੇਰ ਉਤੇ ਵਗਾਹ ਮਾਰੇਗੀ। ਉਕਤ ਬੁਲਾਰਿਆਂ ਤੋਂ ਇਲਾਵਾ ਧਰਨੇ ਨੂੰ ਗੁਰਸੇਵਕ ਸਿੰਘ ਮਾਨਬੀਬੀੜੀਆਂ, ਤੇਜ ਸਿੰਘ ਚੁਕੇਰੀਆਂ, ਗੁਰਸੇਵਕ ਸਿੰਘ ਜਵਾਹਰਕੇ, ਮਨਜੀਤ ਸਿੰਘ ਮੀਹਾਂ, ਅਜਮੇਰ ਅਕਲੀਆ, ਭੋਲਾ ਸਿੰਘ ਸਮਾਓਂ, ਗੁਰਮੇਲ ਸਿੰਘ ਫਫੜੇ, ਗੁਰਪ੍ਰੀਤ ਗੋਗੀ, ਗਿਆਨੀ ਦਰਸ਼ਨ ਸਿੰਘ, ਹਰਮੀਤ ਸਿੰਘ, ਗੁਰਮੇਲ ਮਾਨ ਅਸਪਾਲ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *