ਨਸ਼ਾ ਬੰਦੀ ਲਈ ਹੋਈ ਮਹਾਂ ਰੈਲੀ ਦੌਰਾਨ ਭਾਰੂ ਨਸ਼ਿਆਂ ਦਾ ਕਾਰੋਬਾਰ ਬੰਦ ਹੋਣ ਤੱਕ ਪਿੰਡਾਂ ਮੁਹੱਲਿਆਂ ‘ਚ ਆਉਣ ਵਾਲੇ ਮੰਤਰੀਆਂ ਤੇ ਵਿਧਾਇਕਾਂ ਦੀ ਜੁਆਬ ਤਲਬੀ ਕਰਨ ਦਾ ਐਲਾਨ

ਬਠਿੰਡਾ-ਮਾਨਸਾ

ਐਸ ਐਸ ਪੀ ਮਾਨਸਾ ਵੱਲੋਂ ਰੈੈਲੀ ਵਾਲੇ ਮੰਚ `ਤੇ ਆ ਕੇ ਸਾਰੇ ਮਸਲੇ ਜਲਦੀ ਹੱਲ ਕਰਨ ਦਾ ਭਰੋਸਾ

ਭੀਮ ਸਿੰਘ ਫੌਜੀ ਬੋਲੇ ਮੇਰੇ ਪੁੱਤਰ ਪਰਮਿੰਦਰ ਝੋਟੇ ਨੂੰ ਇਕੱਲੇ ਛੱਡਣ ਦੀ ਲੋੜ ਨਹੀਂ, ਜਿਨ੍ਹਾਂ ਖਿਲਾਫ ਹੋਰ 30 ਪਰਚੇ ਝੂਠੇ ਪਾਏ ਹਨ, ਉਹ ਵੀ ਕਰੋ ਰਿਹਾਅ

ਠਾਠਾਂ ਮਾਰਦੇ ਇਕੱਠ ਨੇ ਕੋਰਟ ਕੰਪਲੈਕਸ ਦੇ ਰਾਹ ਕੀਤੇ ਪੂਰਨ ਬੰਦ

ਮਾਨਸਾ, ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)– ਮਾਰੂ ਨਸ਼ਿਆਂ ਦਾ ਕਾਰੋਬਾਰ ਬੰਦ ਕਰਨ , ਪਰਮਿੰਦਰ ਸਿੰਘ ਝੋਟੇ ਦੀ ਬਿਨ੍ਹਾਂ ਸਰਤ ਰਿਹਾਈ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਮਾਨਸਾ ਦੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ `ਤੇ ਕੀਤੀ ਗਈ ਨਸ਼ਾ ਵਿਰੋਧੀ ਮਹਾਂ ਰੈਲੀ ਦੌਰਾਨ ਪੰਜਾਬ ਭਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਸਮੂਲੀਅਤ ਕੀਤੀ । ਐਸ.ਐਸ.ਪੀ ਨਾਨਕ ਸਿੰਘ ਵੱਲੋਂ ਝੋਟੇ ਨੂੰ ਜਲਦ ਰਿਹਾਅ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਬੰਧੀ ਡਾ. ਨਾਨਕ ਸਿੰਘ ਨੇ ਕਿਹਾ ਕਿ ਦਰਖਾਸਤਕਰਤਾ ਪੰਜਾਬ ਤੋਂ ਬਾਹਰ ਹੈ। 2 ਦਿਨ੍ਹ ਤੱਕ ਮਾਨਸਾ ਆ ਜਾਵੇਗਾ। ਉਸਦੇ ਬਿਆਨ ਲੈ ਕੇ ਇਹ ਮਾਮਲਾ ਹੱਲ ਕੀਤਾ ਜਾਵੇਗਾ।

ਭੀਮ ਸਿੰਘ ਫੌਜੀ ਨੇ ਕਿਹਾ ਕਿ ਮੇਰੇ ਪੁੱਤਰ ਪਰਮਿੰਦਰ ਝੋਟੇ ਨੂੰ ਇਕੱਲੇ ਛੱਡਣ ਦੀ ਲੋੜ ਨਹੀਂ, ਜਿਨ੍ਹਾਂ ਖਿਲਾਫ ਹੋਰ 30 ਪਰਚੇ ਝੂਠੇ ਪਾਏ ਹਨ, ਉਹ ਵੀ ਕਰੋ ਰਿਹਾਅ। ਵੱਡੀ ਗਿਣਤੀ `ਚ ਜੁੜੇ ਬੱਚਿਆਂ, ਨੌਜਵਾਨਾਂ , ਔਰਤਾਂ ਅਤੇ ਮਰਦਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬਲਵੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਬੋਘ ਸਿੰਘ , ਗੋਬਿੰਦ ਸਿੰਘ ਛਾਜਲੀ ਤੇ ਕਾਕਾ ਸਿੰਘ ਕੋਟੜਾ ਨੇ ਕਿਹਾ ਅੱਜ ਦਾ ਇਕੱਠ ਦਿੱਲੀ ਮੋਰਚੇ ਦਾ ਭੁਲੇਖਾ ਪਾ ਰਿਹਾ ਹੈ। ਆਗੂਆਂ ਉੱਚੀ ਸੁਰ `ਚ ਕਿਹਾ ਇਹ ਇਕੱਠ ਜਾਗੇ ਹੋਏ ਲੋਕਾਂ ਦਾ ਹੈ ਅਤੇ ਹੁਣ ਸਰਕਾਰ ਜਿੰਨਾਂ ਮਰਜੀ ਜ਼ੋਰ ਲਾ ਲਵੇ ਜਨਤਾ ਦਾ ਹੜ੍ਹ ਹੁਣ ਪੰਜਾਬ ਵਿੱਚੋਂ ਚਿੱਟਾ ਅਤੇ ਮੈਡੀਕਲ ਨਸ਼ਿਆਂ ਦੀ ਜੜ੍ਹ ਪੁੱਟਕੇ ਹੀ ਰੁਕੇਗਾ । ਇਨ੍ਹਾਂ ਆਗੂਆਂ ਦੋਸ਼ ਲਗਾਇਆ ਕਿ ਪੰਜਾਬ ਦੀ ਜਵਾਨੀ , ਕਿਸਾਨੀ , ਵਿਰਾਸਤ , ਬੋਲੀ ਅਤੇ ਸੱਭਿਆਚਾਰ ਵਿਗਾੜਨ ਲਈ ਸਭ ਕੁੱਝ ਸਰਕਾਰੀ ਥਾਪੜੇ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਜਿਹੜੀਆਂ ਸਰਕਾਰਾਂ ਸ਼ਰਾਬ ਵਰਗੇ ਨਸ਼ਿਆਂ ਦੀ ਕਮਾਈ ਨਾਲ ਚੱਲਦੀਆਂ ਹੋਣ ਉਹ ਕਦੇ ਵੀ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੀਆਂ ।

ਬੁਲਾਰਿਆਂ ਲੋਕਾਂ ਨੂੰ ਸੁਚੇਤ ਕੀਤਾ ਕਿ ਸਰਕਾਰਾਂ ਨਾਲ ਮਿਲਕੇ ਕਾਰਪੋਰੇਟ ਘਰਾਣੇ ਨੌਜਵਾਨ ਵਰਗ ਦੀ ਬਰਬਾਦੀ ਲਈ ਪੰਜ `ਮ`  ਲੈ ਕੇ ਆਏ ਹਨ , ਆਪਣੇ ਧੀਆਂ ਪੁੱਤਾਂ ਨੂੰ ਇਨ੍ਹਾਂ ਪੰਜ ਮੰਮਿਆਂ ਮੁਰਕੀ, ਮੋਬਾਇਲ, ਮੋਟਰਸਾਇਕਲ, ਮੌਜ਼ ਤੇ ਮਸਤੀ(ਨਸ਼ੇ) ਤੋਂ ਬਚਾਉਂਣ ਲਈ ਇੱਕ ਜੁੱਟ ਹੋ ਜਾਓ ।  ਰੁਪਿੰਦਰ ਸਿੰਘ, ਧੰਨਾ ਮੱਲ ਗੋਇਲ , ਸਤਨਾਮ ਸਿੰਘ ਮਨਾਵਾ, ਲੱਖਾਂ ਸਿੰਘ ਸਧਾਣਾ, ਲਖਵੀਰ ਸਿੰਘ ਅਕਲੀਆ, ਮੁਸਲਿਮ ਫਰੰਟ ਦੇ ਐਚ ਆਰ ਮੋਫਰ ਨੇ ਕਿਹਾ ਜਿੰਨਾਂ ਸਮਾਂ ਅਸੀਂ ਪਿੰਡ ਪੱਧਰ `ਤੇ ਸਰਪੰਚੀ ਅਤੇ ਹੋਰਨਾਂ ਥਾਵੇਂ ਚੰਗੇ ਬੰਦਿਆਂ ਨੂੰ ਅੱਗੇ ਨਹੀਂ ਲਿਆਉਦੇ ਅਤੇ ਨਸ਼ਾ ਵੰਡਣ ਵਾਲੇ ਘੜੰਮ ਚੌਧਰੀਆਂ ਨੂੰ ਚੁਣਨਾ ਬੰਦ ਨਹੀਂ ਕਰਦੇ, ਉਨਾਂ ਸਮਾਂ ਪਿੰਡਾਂ ਨੂੰ ਕੋਈ ਨਹੀਂ ਬਚਾ ਸਕਦਾ । ਆਗੂਆਂ ਚੇਤੇ ਕਰਵਾਇਆ ਕਿ ਪਹਿਲਾਂ ਪੰਜਾਬ `ਚ ਨਸ਼ਾ ਕਰਨ ਵਾਲੇ ਲੋਕ ਡਰਦੇ ਹੁੰਦੇ ਸਨ, ਪਰ ਅੱਜ ਹਾਲਾਤ ਇਹ ਹਨ ਕਿ ਚੰਗੇ ਬੰਦਿਆਂ ਨੂੰ ਆਪਣੇ ਖੇਤ ਬੰਨ੍ਹੇ ਅਤੇ ਕੰਮਾਂ ਕਾਰਾਂ `ਤੇ ਜਾਂਦੇ ਵਕਤ ਡਰ ਲੱਗਦਾ ਹੈ। ਭਗਵੰਤ ਮਾਨ ਸਰਕਾਰ `ਤੇ ਵਰ੍ਹਦਿਆਂ ਬੁਲਾਰਿਆਂ ਨੇ ਕਿਹਾ ਵਿਧਾਇਕਾਂ ਅਤੇ ਮੰਤਰੀਆਂ ਦੇ ਦਫ਼ਤਰਾਂ `ਚ ਇਕੱਲੀਆਂ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੀਆਂ ਤਸਵੀਰਾਂ ਲਗਾਉਂਣ ਨਾਲ ਕੁੱਝ ਨਹੀਂ ਹੋਣਾ , ਸਰਕਾਰ, ਪੁਲਸ ਤੇ ਨੌਕਰਸ਼ਾਹੀ ਦੀ ਸੋਚ ਬਦਲਣੀ ਪਵੇਗੀ। ਉਨ੍ਹਾਂ ਕਿਹਾ ਜੇਕਰ ਪੱਗਾਂ ਦੇ ਰੰਗ ਪੀਲੇ ਕਰਨ ਨਾਲ ਹੀ ਇਨਕਲਾਬ ਆਉਂਦਾ ਹੁੰਦਾ, ਤਾਂ ਸਭ ਤੋਂ ਵੱਡਾ ਇਨਕਲਾਬੀ ਲਲਾਰੀਆਂ ਦੀਆਂ ਦੁਕਾਨਾਂ `ਤੇ ਹੋਣਾ ਸੀ ਜਿਹੜੇ ਹਰ ਰੋਜ਼ ਸੈਂਕੜੇ ਪੀਲੀਆਂ ਪੱਗਾਂ ਰੰਗਦੇ ਹਨ ।

    ਨਿਰਮਲ ਸਿੰਘ ਝੰਡੂਕੇ, ਨਿਰਮਲ ਸਿੰਘ ਫੱਤਾ, ਕੁਲਵਿੰਦਰ ਸਿੰਘ ਉੱਡਤ, ਸੀਰਾ ਜੋਗਾ ,ਕੁਲਦੀਪ ਸਿੰਘ ਚੱਕ ਭਾਈਕੇ, ਰਘਵੀਰ ਸਿੰਘ ਬੈਨੀਪਾਲ , ਸੂਬੇਦਾਰ ਦਰਸਨ ਸਿੰਘ, ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਕਿਹਾ ਦੋਸ਼ ਲੱਗਦੇ ਹਨ ਕਿ ਪਹਿਲਾਂ ਵਾਲੀਆਂ ਸਰਕਾਰਾਂ ਮਾੜੀਆਂ ਸਨ ਪਰ ਇਹ ਸਰਕਾਰ ਤਾਂ ਡੇਢ ਸਾਲ ਵਿੱਚ ਹੀ ਮਹਾਂ ਮਾੜੀ ਹੋਣ ਦਾ ਖਿਤਾਬ ਜਿੱਤ ਗਈ ਹੈ। ਸੁਖਦਰਸ਼ਨ ਸਿੰਘ ਨੱਤ, ਦਰਸ਼ਨ ਸਿੰਘ ਜਟਾਣਾਂ, ਗੁਰਸੇਵਕ ਸਿੰਘ ਮਾਨ, ਕੁਲਵਿੰਦਰ ਕਾਲੀ ਨੇ ਕਿਹਾ ਜਿਵੇਂ ਫਸਲਾਂ ਬਚਾਉਂਣ ਲਈ ਕਿਸਾਨ ਚੂਹਿਆਂ ਨੂੰ ਖੁੱਡਾਂ ਵਿੱਚ ਹੀ ਨੱਪਦੇ ਹਨ, ਉਵੇਂ ਹੀ ਨਸ਼ਾ ਤਸਕਰਾਂ ਨੂੰ ਵੀ ਉਨ੍ਹਾਂ ਦੇ ਸਰਕਾਰੀ ਸਰਪ੍ਰਸਤੀ ਵਾਲੇ ਘੋਰਨਿਆਂ ਵਿੱਚ ਹੀ ਦੱਬਣਾ ਪਵੇਗਾ । ਪ੍ਰੋ ਅਜੈਬ ਸਿੰਘ , ਹਰਦੇਵ ਅਰਸੀ, ਝੋਟੇ ਦੀ ਮਾਤਾ ਅਮਰਜੀਤ ਕੌਰ , ਜਸਬੀਰ ਕੌਰ ਨੱਤ ਅਤੇ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਪਹਿਲਾਂ ਕਿਸਾਨ, ਮਜ਼ਦੂਰ ਅਤੇ ਆਮ ਲੋਕ ਕੇਵਲ ਆਪਣੇ ਹੱਕਾਂ ਲਈ ਲੜਿਆ ਕਰਦੇ ਸਨ, ਪਰ ਹੁਣ ਉਨ੍ਹਾਂ ਨੂੰ ਆਪਣੇ ਬੱਚੇ , ਆਪਣੀ ਜਾਨ ਬਚਾਉਂਣ ਲਈ ਲੜਨਾ ਪੈ ਰਿਹਾ ਹੈ। ਕਿੰਨੀ ਹੈਰਾਨੀ ਹੈ ਕਿ ਨਸ਼ਾ ਮੁਕਤੀ ਦੀ ਗੱਲ ਕਰਨ ਵਾਲੇ ਜੇਲ੍ਹਾਂ `ਚ ਬੰਦ ਹਨ ਅਤੇ ਨਸ਼ਾ ਤਸਕਰ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਅੱਜ ਦਾ ਇਹ ਇਕੱਠ ਅੱਤ ਦਾ ਅੰਤ ਕਰਨ ਲਈ ਜੁੜਿਆ ਹੈ। ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨਾਲ  ਨਸ਼ਾ ਵਿਰੋਧੀ ਮੁਹਿੰਮ ਵਿੱਢਣ ਵਾਲੇ ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨਾਂ ਦੀ ਜਾਣ ਪਹਿਚਾਣ ਕਰਵਾਈ। ਉਨਾਂ ਕਿਹਾ ਇਹ ਉਹ ਨੌਜਵਾਨ ਹਨ ਜਿਹੜੇ ਨਸ਼ੇ ਵਰਗੇ ਕੋਹੜ ਤੋਂ ਪੀੜਤ ਰਹੇ, ਪਰ ਉਸ ਨਰਕ ਵਰਗੀ ਜਿੰਦਗੀ ਤੋਂ ਬਾਹਰ ਨਿਕਲਕੇ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਬਚਾਉਂਣ ਲਈ ਅੱਗੇ ਆਏ ਹਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿੰਡਾਂ ਦੇ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਤੁਸੀਂ ਮਾੜੇ ਅਨਸਰਾ ਅਤੇ ਨੇਤਾਵਾਂ ਨੂੰ ਪਿੰਡਾਂ ਵਿੱਚ ਨਾ ਵੜ੍ਹਨ ਦਿਓ ਅਤੇ ਉਨ੍ਹਾਂ ਦੇ ਰੋੜੇ ਮਾਰੋ, ਅਸੀਂ ਰੋੜੇ ਮਾਰਨ ਨੂੰ ਤਾਂ ਨਹੀਂ ਕਹਿੰਦੇ, ਪਰ ਅਸੀਂ ਅੱਜ ਦੀ ਮਹਾਂ ਰੈਲੀ `ਚ ਇਕੱਤਰ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਨੂੰ ਮਾਰੂ ਨਸ਼ਿਆਂ ਤੋਂ ਮੁਕਤ ਕੀਤੇ ਜਾਣ ਤੱਕ ਉਹ ਸਰਕਾਰ ਦੇ ਹਰ ਮੰਤਰੀ ਤੇ ਵਿਧਾਇਕ ਦਾ ਪਿੰਡਾਂ ਵਿੱਚ ਵੜ੍ਹਨ ਦਾ ਡਟ ਕੇ ਵਿਰੋਧ ਕਰਨ ਅਤੇ ਸਿੱਧੇ ਸਵਾਲ ਜਰੂਰ ਪੁੱਛਣ । ਇਸ ਮੌਕੇ ਲੋਕਾਂ ਨੇ ਬਾਹਾਂ ਖੜ੍ਹੀਆਂ ਕਰਕੇ ਇਸ ਐਲਾਣ ਦਾ ਸਮਰਥਨ ਕੀਤਾ । ਐਕਸ਼ਨ ਕਮੇਟੀ ਨੇ ਐਲਾਣ ਕੀਤਾ ਕਿ ਇਹ ਸੰਘਰਸ਼ ਅਤੇ ਪੱਕਾ ਧਰਨਾ ਇਵੇਂ ਹੀ ਚੱਲਦਾ ਰਹੇਗਾ । ਮਸਲਾ ਹੱਲ ਨਾ ਹੋਣ ‘ਤੇ 16 ਅਗਸਤ ਨੂੰ ਕਮੇਟੀ ਦੀ ਮੀਟਿੰਗ ਵਲੋਂ ਹੋਰ ਤਿੱਖੇ ਸੰਘਰਸ਼ ਦਾ ਫੈਸਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਅਹਿਮ ਮੁੱਦੇ ‘ਤੇ ਮੁੱਖ ਮੰਤਰੀ ਦੀ ਪੂਰਨ ਚੁੱਪ ਦੀ ਵੀ ਸਖਤ ਆਲੋਚਨਾ ਕੀਤੀ।  ਪ੍ਰਸਾਸ਼ਨ ਵੱਲੋਂ ਐਸ ਐਸ ਪੀ ਮਾਨਸਾ ਸ੍ਰੀ ਨਾਨਕ ਸਿੰਘ ਨੇ ਰੈਲੀ ਦੇ ਮੰਚ ‘ਤੇ ਆ ਕੇ ਕਿਹਾ ਕਿ ਅਸੀਂ ਪਰਮਿੰਦਰ ਸਿੰਘ ਖਿਲਾਫ ਦਿੱਤੀ ਅਰਜੀ ਦੀ ਪੜਤਾਲ ਕਰ ਰਹੇ ਹਾਂ ਤੇ ਤਿੰਨ ਚਾਰ ਦਿਨ ਵਿਚ ਹੀ ਹਾਂ ਪੱਖੀ ਫੈਸਲਾ ਲਿਆ ਜਾਵੇਗਾ।

ਪਰਮਿੰਦਰ ਸਿੰਘ ਝੋਟੇ ਦੇ ਪਿਤਾ ਨੇ ਸਟੇਜ ਤੋਂ ਐਲਾਣ ਕੀਤਾ ਕਿ ਪਰਮਿੰਦਰ ਸਿੰਘ ਝੋਟੇ ਦੇ ਸਾਥੀਆਂ ਖਿਲਾਫ਼ ਸਾਰੇ ਪਰਚੇ ਰੱਦ ਹੋਣ ਤੱਕ ਸਾਨੂੰ ਪਰਮਿੰਦਰ ਸਿੰਘ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਵੀ ਕੋਈ ਕਾਹਲੀ ਨਹੀਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਕ੍ਰਿਸ਼ਨ ਚੌਹਾਨ, ਮਹਿੰਦਰ ਸਿੰਘ ਭੈਣੀਬਾਘਾ, ਅਮਨ ਪਟਵਾਰੀ, ਗਗਨ ਸ਼ਰਮਾ, ਸਤਨਾਮ ਸਿੰਘ ਮਨਾਵਾਂ, ਸ਼ਹੀਦ ਹਰਭਗਵਾਨ ਸਿੰਘ ਐਕਸ਼ਨ ਕਮੇਟੀ ਸਾਦਿਕ ਦੇ ਕਨਵੀਨਰ ਨੌਨਿਹਾਲ ਸਿੰਘ ਸਮੇਤ ਤਿੰਨ ਦਰਜ਼ਨ ਤੋਂ ਵੱਧ ਆਗੂਆਂ ਨੇ ਸੰਬੋਧਨ ਕੀਤਾ ।

Leave a Reply

Your email address will not be published. Required fields are marked *