ਬਰਨਾਲਾ , ਗੁਰਦਾਸਪੁਰ 15 ਜੂਨ (ਸਰਬਜੀਤ ਸਿੰਘ)–ਅੱਜ ਇੱਥੇ ਤਰਕਸ਼ੀਲ ਭਵਨ ਵਿਖੇ ਸੀ ਪੀ ਆਈ ਐਮ (ਐਲ ਰੈੱਡ) ਸਟਾਰ ਵੱਲੋਂ ਦੋ ਸਾਲ ਪਹਿਲਾਂ 13 ਜੂਨ 2021 ਨੂੰ ਕਰੋਨਾ ਮਹਾਂਮਾਰੀ ਦੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਕੇ ਸਦਾ ਲਈ ਵਿੱਛੜ ਚੁੱਕੀ ਪਾਰਟੀ ਦੀ ਪੋਲਿਟ ਬਿਉਰੋ ਮੈਂਬਰ ਅਤੇ ਕੁੱਲ ਹਿੰਦ ਕ੍ਰਾਂਤੀਕਾਰੀ ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਸ਼ਰਮਿਸਠਾ ਚੌਧਰੀ ਨੂੰ ਉਹਨਾਂ ਦੀ ਦੂਜੀ ਬਰਸੀ ਮੌਕੇ ਯਾਦ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਕਾਮਰੇਡ ਸ਼ਰਮਿਸਠਾ ਪੱਛਮੀ ਬੰਗਾਲ ਵਿੱਚ ਛੋਟੀ ਉਮਰ ਤੋਂ ਹੀ ਇਨਕਲਾਬੀ ਲੋਕ ਸੰਘਰਸ਼ਾਂ ਵਿੱਚ ਕੁੱਦ ਪਈ ਸੀ। ਉਸ ਨੇ ਪ੍ਰੈਜੀਡੈਂਸੀ ਕਾਲਜ ਵਿੱਚ ਪੜ੍ਹਦੀ ਸਮੇਂ ਵਿਦਿਆਰਥੀ ਜਥੇਬੰਦੀ ਵਿੱਚ ਸਰਗਰਮੀ ਨਾਲ ਕੰਮ ਕਰਦਿਆਂ ਆਪਣਾ ਕ੍ਰਾਂਤੀਕਾਰੀ ਕੈਰੀਅਰ ਸ਼ੁਰੂ ਕੀਤਾ। ਕੋਲਕਾਤਾ ਯੂਨੀਵਰਸਿਟੀ ਤੋਂ ਅੰਗਰੇਜ਼ੀ ਅਤੇ ਜਰਨਲਿਜ਼ਮ ਦੀ ਪੋਸਟ ਗ੍ਰੈਜੂਏਸ਼ਨ ਪਾਸ ਕਰਨ ਤੋਂ ਬਾਅਦ ਕੁੱਝ ਸਮਾਂ ਉਸਨੇ ਟੈਲੀਗ੍ਰਾਫ਼ ਅਖ਼ਬਾਰ ਵਿੱਚ ਪੱਤਰਕਾਰੀ ਕੀਤੀ ਅਤੇ ਬਾਅਦ ਵਿੱਚ ਉਹ ਕਮਿਊਨਿਸਟ ਲਹਿਰ ਵਿੱਚ ਕੁੱਦ ਪਈ ਅਤੇ ਆਪਣੇ ਅੰਤਿਮਸਾਹਾਂ ਤੱਕ ਵੱਖ ਵੱਖ ਲਹਿਰਾਂ ਵਿੱਚ ਸਰਗਰਮ ਰਹੀ। ਕੁੱਲ ਹਿੰਦ ਇਨਕਲਾਬੀ ਇਸਤਰੀ ਸਭਾ ਦੀ ਜਨਰਲ ਸਕੱਤਰ ਵਜੋਂ ਉਸਨੇ ਜਰਮਨੀ, ਵੈਂਜੂਏਲਾ ਅਤੇ ਨੇਪਾਲ ਵਿੱਚ ਹੋਏ ਸੰਸਾਰ ਪੱਧਰੀ ਔਰਤਾਂ ਦੇ ਸੰਮੇਲਨਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਆਗੂ ਨੇ ਇਹ ਵੀ ਕਿਹਾ ਕਿ ਉਸਨੇ ਬੰਗਾਲ ਵਿੱਚ ਮਜ਼ਦੂਰਾਂ, ਗ਼ਰੀਬ ਕਿਸਾਨਾਂ ਅਤੇ ਦੱਬੇ ਕੁੱਚਲੇ ਲੋਕਾਂ ਦੇ ਅਨੇਕਾਂ ਹੱਕੀ ਘੋਲਾਂ ਦੀ ਅਗਵਾਈ ਕੀਤੀ। ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਹਰਭਗਵਾਨ ਭੀਖੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਪੰਜ ਸਾਲ ਪਹਿਲਾਂ ਰੈੱਡ ਸਟਾਰ ਅਤੇ ਕੁੱਲ ਹਿੰਦ ਕ੍ਰਾਂਤੀਕਾਰੀ ਕਿਸਾਨ ਸਭਾ ਦੀ ਅਗਵਾਈ ਹੇਠ ਪੱਛਮੀ ਬੰਗਾਲ ਦੇ ਭਾਂਗਰ ਵਿਖੇ ਲੜੇ ਗਏ ਇਤਿਹਾਸਕ ਕਿਸਾਨ ਘੋਲ ਵਿੱਚ ਕਾਮਰੇਡ ਸ਼ਰਮਿਸਠਾ ਚੌਧਰੀ ਦਾ ਅਹਿਮ ਯੋਗਦਾਨ ਸੀ ਅਤੇ ਉਹ ਅਨੇਕਾਂ ਵਾਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਈ , ਉਸਨੂੰ ਅਨੇਕਾਂ ਝੂਠੇ ਪਾਕੇ ਅਤੇ ਯੂ ਏ ਪੀ ਏ ਤਹਿਤ ਛੇ ਮਹੀਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਆਗੂ ਨੇ ਇਹ ਵੀ ਕਿਹਾ ਕਿ ਅਨੇਕਾਂ ਵਾਰ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋਕੇ ਉਸਨੇ ਕਿਸਾਨ ਸੰਘਰਸ਼ ਦੀ ਡਟਕੇ ਹਮਾਇਤ ਕੀਤੀ। ਹੋਰਨਾਂ ਤੋਂ ਇਲਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰਪਾਲ , ਮਜ਼ਦੂਰ ਮੁਕਤੀ ਮੋਰਚੇ ਦੇ ਆਗੂ ਕਾਮਰੇਡ ਮੱਖਣ ਸਿੰਘ ਰਾਮਗੜ੍ਹ, ਭੀਮ ਭੁਪਾਲ, ਮਨਜੀਤ ਕੌਰ ਪੱਖੋਂ ਕਲਾਂ, ਪਾਲ ਕੌਰ ਜੱਸਾ ਭੈਣੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕੁਲਵੰਤ ਸਿੰਘ ਠੀਕਰੀਵਾਲਾ ਆਦਿ ਆਗੂਆਂ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ।
ਲਾਂ


