ਓਮ ਪ੍ਰਕਾਸ਼ ਗਾਸੋ ਜੀ ਦੇ 91 ਵੇ ਜਨਮ ਦਿਵਸ ਮੌਕੇ ਕੱਢੀ ਨਿਵੇਕਲੀ “ਪੁਸਤਕ ਫੇਰੀ”

ਗੁਰਦਾਸਪੁਰ

ਦੀਵਾਨਾ ਪਿੰਡ ਨੇ ਪੰਜਾਬੀ ਕੋਸ਼ ਨੂੰ ਇਕ ਨਵਾਂ ਸ਼ਬਦ “ਪੁਸਤਕ ਫੇਰੀ” ਦਿੱਤਾ ਹੈ।

ਬਰਨਾਲਾ, ਗੁਰਦਾਸਪੁਰ, 11 ਅਪ੍ਰੈਲ (ਸਰਬਜੀਤ ਸਿੰਘ)– ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ, ਦੀਵਾਨਾ, ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ਜਨਮ ਦਿਵਸ ਮੌਕੇ ਇਕ ਨਿਵੇਕਲੀ ਪਹਿਲਕਦਮੀ ਕੀਤੀ ਗਈ, ਪੁਸਤਕਾਂ ਨੂੰ ਲੋਕ ਸਮੂਹ ਦੇ ਜੀਵਨ ਦਾ ਹਿੱਸਾ ਬਣਾਉਣ ਹਿੱਤ, ਪ੍ਰਚਾਰ-ਪ੍ਰਸਾਰ ਲਈ ਪੁਸਤਕ ਫੇਰੀ ਕੱਢੀ ਗਈ। ਇਹ ਪੁਸਤਕ ਫੇਰੀ ਸ਼ਾਇਦ ਵਿਸ਼ਵ ਦਾ ਪਹਿਲੀ ਤਰ੍ਹਾਂ ਦਾ ਉਪਰਾਲਾ ਹੋਵੇਗਾ। ਇਸ ਨਾਲ ਦੀਵਾਨਾ ਪਿੰਡ ਨੇ ਪੰਜਾਬੀ ਕੋਸ਼ ਨੂੰ ਇਕ ਨਵਾਂ ਸ਼ਬਦ “ਪੁਸਤਕ ਫੇਰੀ” ਦਿੱਤਾ ਹੈ। ਟਰੈਕਟਰ ਟਰਾਲੀ ਨੂੰ ਵੱਖ-ਵੱਖ ਸਾਹਿਤਕ ਪੋਸਟਰਾਂ, ਪੁਸਤਕਾਂ ਨਾਲ ਸਜਾ ਕੇ ਪਿੰਡ ਵਿੱਚ ਵੱਖ ਵੱਖ ਪੜਾਅ ਕੀਤੇ ਗਏ। ਸਭ ਤੋਂ ਅੱਗੇ ਢੋਲੀ, ਢੋਲ ਦਾ ਡੱਗਾ ਲਗਾ ਲੋਕਾਂ ਨੂੰ ਘਰਾਂ ਵਿੱਚੋਂ ਨਿਕਲਣ ਦਾ ਲ਼ੋਕ ਧਰਾਈ ਹੋਕਾ ਦੇ ਰਿਹਾ ਸੀ। ਪਿੱਛੇ ਪਿੰਡ ਦੇ ਮੋਹਤਰਬਰ, ਸੰਘਰਸ਼ਸ਼ੀਲ, ਪੰਚਾਇਤੀ ਨੁਮਾਇੰਦੇ, ਬੀਬੀਆਂ ਬੱਚੇ ਹੱਥਾਂ ਵਿੱਚ ਸਾਹਿਤਕ ਪੋਸਟਰ ਫੜ੍ਹ ਚੱਲ ਰਹੇ ਸਨ। ਸੋਨਾਲੀਕਾ ਫਰਾਟੇ ਮਾਰਦਾ ਲੋ ਗਿਅਰ ਵਿੱਚ ਚੱਲ ਰਿਹਾ ਸੀ। ਕਿਤਾਬਾਂ ਦੇ ਭਰੇ ਰੈਕ, ਖੇਡਾਂ ਦਾ ਸਮਾਨ ਦੀ ਝਾਕੀ ਲੋਕਾਂ ਦਾ ਧਿਆਨ ਖਿੱਚ ਰਹੇ ਸਨ। ਹਰਦੀਪ ਗਰੇਵਾਲ, ਸਤਿੰਦਰ ਸਰਤਾਜ ਦੇ ਪ੍ਰੇਰਾਨਾ ਭਰੇ ਉਤਸ਼ਾਹੀ ਗਾਣੇ ਚੱਲ ਰਹੇ ਸਨ। ਲੋਕਾਂ ਨੂੰ ਘਰਾਂ ਵਿੱਚੋਂ ਨਿਕਲ ਅਗਲੇ ਪੜਾਅ ਤੇ ਆਉਣ ਦੀਆਂ ਬੇਨਤੀਆਂ ਹੋ ਰਹੀਆਂ ਸਨ। ਸਭ ਦੇ ਢੋਲ ਦੇ ਡੱਗੇ, ਗੀਤਾਂ ਨਾਲ ਪੈਰ ਥਿਰਕ ਰਹੇ ਸਨ। ਬੀਬੀਆਂ ਘਰਾਂ ਦੇ ਦਰਾਂ ‘ਤੇ ਖੜ੍ਹ ਕੇ ਇਹ ਸਾਰਾ ਜਲੋਅ ਵੇਖ ਰਹੀਆਂ ਸਨ।

ਹਰ ਪੜਾਅ ਦਾ ਵੱਖਰਾ ਨਜ਼ਾਰਾ ਸੀ। ਕਿਧਰੇ ਇੰਨਕਲਾਬੀ ਕਵੀਸ਼ਰੀ ਜਥੇ ਦੀਆਂ ਸਾਹਿਤਕ ਕਵੀਸ਼ਰੀਆਂ ਦੇ ਰੰਗ, ਬਿੰਦਰ ਧਨੌਲਾ ਦੇ ਜਾਦੂ ਦੇ ਸ਼ੋਅ, ਸਕੂਲੀ ਬੱਚਿਆਂ ਦੇ ਸਕਿਟ, ਦੀਵਾਨਾ ਗਰਾਊਂਡ ਦੇ ਖਿਡਾਰੀ ਬੱਚਿਆਂ ਦਾ ਸਨਮਾਨ, ਕੋਈ ਪੁਸਤਕ ਜਾਰੀ ਕਰਵਾ ਰਿਹਾ, ਕੋਈ ਪੋਸਟਰ ਮੰਗ ਰਿਹਾ, ਕਿਤੇ ਚਾਹ ਨਾਲ ਭੁਜੀਆਂ ਬਦਾਣਾ, ਕਿਤੇ ਜੇਲਬੀਆਂ, ਹਰ ਪੜਾਅ ਤੇ ਵੱਖ ਵੱਖ ਵਿਦਵਾਨ ਲੇਖਕਾਂ ਦੇ ਸੰਬੌਧਨ, ਸਿਮਰਨ ਅਕਸ ਦੀਆਂ ਮੱਤਾਂ ਦਿੰਦੀਆਂ ਗੱਲਾਂ, ਬਾਪੂ ਗਾਸੋ ਦਾ ਠੇਠ ਸੰਬੋਧਨ, ਬਲਕੌਰ ਸਿੰਘ ਦੀਆਂ ਇਤਹਾਸਕ, ਗਿਆਨੀ ਬਾਤਾਂ, ਪ੍ਰਿੰਸੀਪਲ ਬਲਵੰਤ ਸਿੰਘ ਚਕਰ ਦੇ ਖੇਡਾਂ, ਪੁਸਤਕ ਸੱਭਿਆਚਾਰ ਬਾਰੇ ਤਜ਼ੁਰਬੇ, ਅਜੀਤਪਾਲ ਸਿੰਘ ਖੀਵਾ ਦੀਆਂ ਤਲਖ਼ ਹੱਡ-ਬੀਤੀਆਂ, ਵਿਗਿਆਨੀ ਬੀ.ਐੱਸ. ਔਲਖ ਦੀ ਵਿਗਿਆਨਕ ਗੱਲਬਾਤ, ਬਾਈ ਅਵਤਾਰ ਗਿੱਲ ਦੇ ਉਤਸ਼ਾਹੀ ਬੋਲ “ਪੁਸਤਕ ਫੇਰੀ” ਦਾ ਹਾਸਿਲ ਸਨ। ਓਮ ਪ੍ਰਕਾਸ਼ ਗਾਸੋ ਤੇ ਰਾਣਾ ਰਣਬੀਰ ਜੀ ਦੇ ਪੋਸਟਰ, ਪੁਸਤਕਾਂ ਬੱਚਿਆਂ ਵਿੱਚ ਵੰਡੇ ਗਏ। ਰਾਣਾ ਰਣਬੀਰ ਜੀ ਨੇ ਆਨਲਾਈਨ ਸੰਬੋਧਨ ਰਾਹੀਂ ਬਾਬਾ ਜੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ, ਪਿੰਡ ਵਾਸੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸੱਭਿਆਚਾਰ ਦੇ ਖ਼ੇਤਰ ਵਿੱਚ ਨਿੱਗਰ ਕੰਮ ਕਰ ਰਹੀ ਵੱਕਾਰੀ ਸੰਸਥਾ ‘ਪੰਜਾਬ ਲ਼ੋਕ ਸੱਭਿਆਚਾਰਕ ਮੰਚ’ ਵਲੋਂ ਪ੍ਰਧਾਨ ਅਮੋਲਕ ਸਿੰਘ ਜੀ ਨੇ ਇਸ ਫੇਰੀ ਲਈ ਸ਼ਾਨਦਾਰ ਸੰਦੇਸ਼ ਭੇਜਿਆ। ਫ਼ਿਲਮੀ ਕਲਾਕਾਰ ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ ਜੀ ਦੇ ਸੰਦੇਸ਼ਾਂ ਨੇ ਪ੍ਰੋਗਰਾਮ ਨੂੰ ਵੱਖਰਾ ਰੰਗ ਪਰਦਾਨ ਕੀਤਾ।

ਇਸ ਪੁਸਤਕ ਫੇਰੀ ਦੌਰਾਨ ਬੀਬੀਆਂ ਦੀ ਵੱਡੀ ਗਿਣਤੀ, ਕਿਸਾਨ ਅੰਦੋਲਨ ਦੀ ਜਾਗ੍ਰਤੀ ਦਾ ਪ੍ਰਤੱਖ ਅਸਰ ਵਿਖਾ ਰਹੀ ਸੀ। ਕਿਸਾਨ, ਮਜ਼ਦੂਰ ਔਰਤਾਂ ਨੇ ਫੇਰੀ ਵਿੱਚ ਸਾਰਾ ਪ੍ਰੋਗਰਾਮ ਵੇਖਿਆਂ, ਮਾਣਿਆਂ। ਟ੍ਰੈਕਟਰ ਟਰਾਲੀ ‘ਤੇ ਸਾਰਾ ਸਮਾਂ ਸਾਡੇ ਪਾਠਕ ਸਾਥੀ ਜਗਸੀਰ ਸਿੰਘ ਬਿੱਟੂ ਬਾਈ ਨੇ ਸੇਵਾਵਾਂ ਦਿੱਤੀਆਂ।

ਸਾਂਝੀ ਖੂਹੀ ‘ਤੇ ਜਸਪਾਲ ਕੌਰ ਸੋਹੀਆਂ ਗਾਸੋ ਜੀ ਦੇ ਜੀਵਨ ਤੇ ਰਚਨਾ ਉਪਰ ਚਾਨਣਾ ਪਾਉਂਦਿਆਂ ਕਿਹਾ ਕਿਹਾ ਕਿ ਗਾਸੋ ਜੀ ਉਹਨਾਂ ਕਲਾਕਾਰਾਂ ਵਿੱਚੋਂ ਹਨ ਜੋ ਲੋਕਾਂ ਦੀ ਗੱਲ ਕਰਦੇ ਹਨ, ਲੋਕਾਂ ਵਿੱਚ ਰਹਿੰਦੇ ਹਨ, ਵਾਤਾਵਰਨ, ਨਸਲਾਂ ਲਈ ਫ਼ਿਕਰਮੰਦ ਹਨ। ਅਜਿਹੇ ਲੇਖਕ ਦਾ ਸਨਮਾਨ ਪਿੰਡ ਦੀ ਸੱਥ ਵਿੱਚ ਹੋਣਾ ਬਾਬੇ ਦੀ ਮਿਹਨਤ ਦਾ ਹਾਸਿਲ ਹੈ। ਸਮੂਹ ‘ਪੁਸਤਕ ਫੇਰੀ’ ਤਰਫ਼ੋਂ ਸੁਲਤਾਨ ਦੀਵਾਨਾ, ਬਲਜੀਤ ਦੀਵਾਨਾ, ਅਜਮੇਰ ਸਿੰਘ, ਬਲਵਿੰਦਰ ਸਿੰਘ ਬਾਬਾ, ਰਣਜੀਤ ਸਿੰਘ, ਪਵਿੱਤਰ ਸਿੰਘ, ਕਾਮਰੇਡ ਨਛੱਤਰ, ਗੁਰਮੇਲ ਸਿੰਘ, ਭਰਪੂਰ ਸਿੰਘ, ਹੁਰਾਂ ਨੇ ਓਮ ਪ੍ਰਕਾਸ਼ ਗਾਸੋ ਜੀ ਦਾ ਵੱਡ ਅਕਾਰੀ ਗੁਰਦੀਸ਼ ਸਿੰਘ ਪੰਨੂੰ ਦੇ ਬਣਾਏ ਪੋਰਟਰੇਟ ਨਾਲ, ਪੰਜੀਆਂ ਦੇ ਦੇਸੀ ਖੇਸ ਅਤੇ ਸਰਪੰਚ ਰਣਧੀਰ ਸਿੰਘ ਦੁਆਰਾ ਸਿਰਪਾਓ ਨਾਲ ਸਨਮਾਨ, ਸਤਿਕਾਰ ਕੀਤਾ ਗਿਆ। ਵਿਦਵਾਨ ਬੁਲਾਰਿਆਂ ਨਾਲ ਹੋਰ ਸਹਿਯੋਗੀਆਂ, ਮੀਡੀਆ ਵਾਲੇ ਸੱਜਣਾਂ ਦਾ ਸਨਮਾਨ ਨਿਸ਼ਾਨੀਆਂ ਨਾਲ ਸਨਮਾਨ ਕੀਤਾ ਗਿਆ।

ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ, ਦੀਵਾਨਾ ਦੇ ਪ੍ਰਧਾਨ ਰਣਜੀਤ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਇਹ ਪੁਸਤਕ ਫੇਰੀ ਪੁਸਤਕਾਂ, ਖੇਡਾਂ ਨਾਲ ਜੁੜਨ, ਭਾਈਚਾਰਾ ਪ੍ਰੇਮ ਬਣਾ ਕੇ ਰੱਖਣ, ਸਾਡੇ ਗੁਰੂਆਂ, ਪੀਰਾਂ, ਭਗਤਾਂ, ਗ਼ਦਰੀ ਬਾਬਿਆਂ, ਭਗਤ ਸਿੰਘ ਦੀ ਸਾਂਝੀ ਵਿਰਾਸਤ ਨੂੰ ਅਪਣਾਉਣ ਦਾ ਸੱਦਾ ਦਿੰਦੀ ਸੰਪਨ ਹੋਈ। ਪਿੰਡ ਦੇ ਲੋਕਾਂ ਦੇ ਬੇਮਿਸਾਲ ਸਹਿਯੋਗ ਦੇ ਕੇ ਇਸ ਪੁਸਤਕ ਫੇਰੀ ਨੂੰ ਸਫਲਤਾ ਦੇ ਸਿਖ਼ਰ ‘ਤੇ ਪਹੁੰਚਾਇਆ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਸਮੁੱਚੀ ਲਾਇਬਰੇਰੀ ਕਮੇਟੀ, ਪਾਠਕ, ਗ੍ਰਾਮ ਪੰਚਾਇਤ, ਪਿੰਡ ਵਾਸੀ ਵਧਾਈ ਦੇ ਪਾਤਰ ਹਨ।

Leave a Reply

Your email address will not be published. Required fields are marked *