ਗੁਰਦਾਸਪੁਰ, 15 ਦਸੰਬਰ (ਸਰਬਜੀਤ ਸਿੰਘ)-ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪਾਵਰਕਾਮ ਦੇ ਜੇ. ਈਜ਼ ਦਿਨ-ਰਾਤ ਕੰਮ ਕਰ ਰਹੇ ਹਨ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਹਫ਼ਤੇ ’ਚ 2 ਦਿਨ ਚੈਕਿੰਗ, ਲਾਈਨ ਲਾਸਿਜ ਘਟਾਉਣਾ, ਖੜ੍ਹੀ ਰਕਮ ਦੀ ਵਸੂਲੀ ਲਈ ਉਪਰਾਲੇ ਆਦਿ ਕਾਰਜ ਸਹਾਇਕ ਅਮਲੇ ਦੇ ਸਹਿਯੋਗ ਨਾਲ ਜੇ. ਈਜ਼ ਵੱਲੋਂ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਮੈਨੇਜਮੈਂਟ ਵੱਲੋਂ ਜੇ. ਈਜ਼ ਦਾ ਸਿਆਸੀ ਤਬਾਦਲਾ ਨਿੰਦਣਯੋਗ ਹੈ ਅਤੇ ਜੇ. ਈਜ਼ ਕੌਂਸਲ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜੇ. ਈਜ਼ ਕੌਂਸਲ ਦੇ ਜ਼ਿਲਾ ਪ੍ਰਧਾਨ ਇੰਜੀਨੀਅਰ ਜਤਿੰਦਰ ਸ਼ਰਮਾ ਨੇ ਉਪ ਮੁੱਖ ਇੰਜਨੀਅਰ ਹਲਕਾ ਗੁਰਦਾਸਪੁਰ ਇੰਜੀਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨਾਲ ਮੀਟਿੰਗ ਕਰਦਿਆਂ ਕੀਤਾ।
ਇਸ ਮੌਕੇ ਬਾਰਡਰ ਜਾਰਡਨ ਦੇ ਸਕੱਤਰ ਵਿਮਲ ਕੁਮਾਰ, ਸਰਕਲ ਆਗੂ ਇੰਜੀਨੀਅਰ ਗੁਰਮੀਤ ਸਿੰਘ, ਇੰਜਨੀਅਰ ਸੁਖਦੇਵ ਸਿੰਘ ਕਾਲਾ ਨੰਗਲ, ਇੰਜੀਨੀਅਰ ਤਰਸੇਮ ਲਾਲ, ਇੰਜੀਨੀਅਰ ਬਲਦੇਵ ਰਾਜ, ਇੰਜੀਨਿਅਰ ਰਜਤ ਸ਼ਰਮਾ, ਇੰਜੀਨੀਅਰ ਚੰਦਰ ਮੋਹਨ ਮਹਾਜਨ, ਇੰਜੀਨੀਅਰ ਜਤਿੰਦਰ ਸਿੰਘ, ਇੰਜੀਨੀਅਰ ਕਮਲਜੀਤ ਸਿੰਘ ਤੇ ਹੋਰ ਹਾਜ਼ਰ ਸਨ।
ਇੰਜੀਨੀਅਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਜੇਈ ਕੌਂਸਲ ਦੇ ਸੂਬਾ ਆਗੂ ਇੰਜੀਨੀਅਰ ਜਗਦੀਸ਼ ਸਿੰਘ ਬਾਜਵਾ ਅਤੇ ਹੁਣ ਬਾਰਡਰ ਜ਼ੋਨ ਦੇ ਜਨਰਲ ਸਕੱਤਰ ਇੰਜੀਨੀਅਰ ਵਿਮਲ ਕੁਮਾਰ ਦਾ ਬਿਨਾਂ ਕਿਸੇ ਜਾਂਚ ਅਤੇ ਜਵਾਬਦੇਹੀ ਦੇ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੇ ਵਿਰੋਧ ’ਚ ਜੇਈਜ਼ ਕੌਂਸਲ ਵੱਲੋਂ ਬਿਜਲੀ ਚੋਰੀ ਦਾ ਬਾਈਕਾਟ ਕਰਨ ਦਾ ਫੈਸਲਾ ਅਤੇ ਸ਼ਾਮ 5 ਵਜੇ ਤੋਂ ਬਾਅਦ ਮੋਬਾਈਲ ਫ਼ੋਨ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਥੇਬੰਦੀ ਨੂੰ ਉਪ ਮੁੱਖ ਇੰਜੀਨੀਅਰ ਬੋਪਾਰਾਏ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਤਬਾਦਲਾ ਰੱਦ ਕਰਵਾਉਣ ਲਈ ਮੰਡਲ ਦਫ਼ਤਰ ਤੋਂ ਰਿਪੋਰਟ ਲੈ ਕੇ ਮੈਨੇਜਮੈਂਟ ਨੂੰ ਭੇਜ ਕੇ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਇੰਜੀਨੀਅਰ ਬੋਪਾਰਾਏ ਦੇ ਭਰੋਸੇ ਨੂੰ ਮੁੱਖ ਰੱਖਦਿਆਂ ਜਥੇਬੰਦੀ ਵੱਲੋਂ ਇਕ ਹਫ਼ਤੇ ਦਾ ਸਮਾਂ ਦੇਣ ਦਾ ਫੈਸਲਾ ਕੀਤਾ ਗਿਆ। ਇੰਜੀਨੀਅਰ ਜਤਿੰਦਰ ਸ਼ਰਮਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਤਬਾਦਲਾ ਰੱਦ ਨਾ ਕੀਤਾ ਗਿਆ ਤਾਂ ਜੇਈ ਕੌਂਸਲ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।