ਬਜ਼ੁਰਗਾਂ ਅਤੇ ਬਿਮਾਰਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਇਹ ਮੈਡੀਕਲ ਕੈਂਪ
ਸਰਹੱਦੀ ਪਿੰਡਾਂ ਵਿੱਚ ਅਗਲੇ ਹਫ਼ਤੇ ਲਗਾਏ ਜਾਣ ਵਾਲੇ ਮੈਡੀਕਲ ਕੈਂਪਾਂ ਦੀ ਸੂਚੀ ਜਾਰੀ
ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਰੈੱਡ ਕਰਾਸ ਸੁਸਾਇਟੀ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਰਹੱਦੀ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਲਗਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੈਡੀਕਲ ਕੈਂਪਾਂ ਦਾ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਬਹੁਤ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬਜ਼ੁਰਗ ਅਤੇ ਬੀਮਾਰ ਵਿਅਕਤੀ ਆਪਣੇ ਇਲਾਜ ਲਈ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਨਹੀਂ ਜਾ ਪਾਉਂਦੇ ਅਤੇ ਅਜਿਹੇ ਵਿਅਕਤੀਆਂ ਲਈ ਇਹ ਮੈਡੀਕਲ ਕੈਂਪ ਵਰਦਾਨ ਸਾਬਤ ਹੋ ਰਹੇ ਹਨ।
ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਲੇ ਹਫ਼ਤੇ ਸਰਹੱਦੀ ਪਿੰਡਾਂ ਵਿੱਚ ਲੱਗਣ ਵਾਲੇ ਮੈਡੀਕਲ ਕੈਂਪਾਂ ਦੀ ਸੂਚੀ ਜਾਰੀ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਨਵੰਬਰ ਨੂੰ ਪਿੰਡ ਭਗਤਾਣਾ ਤੁਲੀਆਂ, ਭਗਤਾਣਾ ਬੋਹੜਵਾਲਾ, ਮੇਤਲਾ, ਅਗਵਾਨ, ਹਰੂਵਾਲ, ਤਾਜਪੁਰ, ਚੱਕ ਰਾਜਾ, ਜੱਡੋਏ, ਹਕੀਮਪੁਰ, ਮੱਦੇਪੁਰ, 8 ਨਵੰਬਰ ਨੂੰ ਪਿੰਡ ਕਾਹਲਾਂਵਾਲੀ, ਚੰਦੂ ਨੰਗਲ, ਪੱਖੋਕੇ ਟਾਹਲੀ, ਸਾਧਾਂਵਾਲੀ, ਵਜ਼ੀਰਪੁਰ, ਚੌਂਤਰਾ, ਸਲਾਚ, ਮਿਰਜਾਪੁਰ, ਚੱਕਰੀ, 9 ਨਵੰਬਰ ਨੂੰ ਖਾਸਾਂਵਾਲੀ, ਪੱਲੇ ਨੰਗਲ, ਵੈਰੋਕੇ, ਠੇਠਰਕੇ, ਨਿੱਕਾ ਠੇਠਰਕੇ, ਹਸਨਪੁਰ, ਵਜ਼ੀਰਪੁਰ, ਸੰਦਲਪੁਰ, ਮੈਨੀ, ਠਾਕੁਰਪੁਰ, 10 ਨਵੰਬਰ ਨੂੰ ਘਣੀਏ ਕੇ ਬੇਟ, ਧਰਮਕੋਟ ਰੰਧਾਵਾ, ਧਰਮਕੋਟ ਪੱਤਣ, ਰੱਤੜ-ਛੱਤੜ, ਗੋਲਾ-ਢੋਲਾ, ਇਲਾਮਪੁਰ, ਸਮਸ਼ੇਰਪੁਰ, ਠੁੰਡੀ, ਨਡਾਲਾ, 11 ਨਵੰਬਰ ਨੂੰ ਪੱਖੋ ਕੇ ਮਹਿਮਾਰਾ, ਖੋਦੇ ਬੇਟ, ਪੱਤੀ ਹਵੇਲੀਆਂ, ਜੌੜੀਆਂ ਖੁਰਦ, ਰੱਤਾ, ਦੋਸਤਪੁਰ, ਸਹੂਰਕਲਾਂ, ਬੋਹੜ ਵਡਾਲਾ, ਰੁਡਿਆਨਾ, ਵਰੀਲਾ ਖੁਰਦ, 12 ਨਵੰਬਰ ਨੂੰ ਚੰਦੂ ਵਡਾਲਾ, ਰੋਸੇ, ਲੋਪਾ, ਪਕੀਵਾਂ ਅਤੇ ਮੀਰ ਕਚਾਣਾ ਪਿੰਡਾਂ ਵਿਖੇ ਮੁਫ਼ਤ ਮੈਡੀਕਲ ਕੈਂਪ ਲੱਗਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ ਇਨ੍ਹਾਂ ਕੈਂਪਾਂ ਵਿੱਚ ਆਉਣ ਵਾਲੇ ਯੋਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ, ਪ੍ਰਧਾਨ ਮੰਤਰੀ ਮੁਧਰਾ ਧੰਨ ਪੈਨਸ਼ਨ ਯੋਜਨਾ ਅਤੇ ਈ-ਸ਼ਰੱਮ ਇੰਸੋਰੈਂਸ ਯੋਜਨਾ ਲਈ ਵੀ ਨਾਮ ਰਜਿਸਟਰਡ ਕੀਤੇ ਜਾਂਦੇ ਹਨ। ਉਨ੍ਹਾਂ ਸਰਹੱਦੀ ਖੇਤਰ ਦੀ ਵਸੋਂ ਨੂੰ ਇਨ੍ਹਾਂ ਮੈਡੀਕਲ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।