ਰਾਜਪੁਰਾ, ਗੁਰਦਾਸਪੁਰ, 21 ਸਤੰਬਰ ( ਸਰਬਜੀਤ ਸਿੰਘ)– ਅੱਜ ਹਿੰਦੋਸਤਾਨ ਯੂਨੀਲੀਵਰ ਇੰਪਲਾਈਜ ਯੂਨੀਅਨ (ਰਜਿ: ਰਾਜਪੁਰਾ) ਵੱਲੋਂ ਪ੍ਰਧਾਨ ਕਾਮਰੇਡ ਮੋਹਨ ਸਿੰਘ ਨਾਭਾ ਅਤੇ ਜਨਰਲ ਸਕੱਤਰ ਸੰਦੀਪ ਬਖਤੜੀ ਦੀ ਅਗਵਾਈ ਹੇਠ ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾ ਸੰਮੇਲਨ ਵਿੱਚ ਜ਼ੋਰਦਾਰ ਹਿੱਸਾ ਲਿਆ ਗਿਆ।ਇਸ ਮਹਾ ਸੰਮੇਲਨ ਵਿੱਚ ਦੇਸ਼ ਭਰ ਤੋਂ ਡੇਲੀਗੇਟ ਸ਼ਾਮਲ ਹੋਏ। ਪੰਜਾਬ ਦੇ ਮਿਹਨਤਕਸ਼ ਕਿਰਤੀ ਲੋਕਾਂ—ਨਰੇਗਾ ਕਾਮੇ, ਮੁਲਾਜ਼ਮ, ਕਿਸਾਨ, ਖੇਤ ਮਜ਼ਦੂਰ ਅਤੇ ਫੈਕਟਰੀ ਕਾਮਿਆਂ—ਵੱਲੋਂ ਭਰਵੀਂ ਹਾਜ਼ਰੀ ਦਰਜ ਕਰਵਾਈ ਗਈ।ਭਰਪੂਰ ਅਵਾਜ਼ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਹੇਠ ਲਿਖੀਆਂ ਮੰਗਾਂ ਉਠਾਈਆਂ ਗਈਆਂ:ਘੱਟੋ-ਘੱਟ ਤਨਖਾਹ ₹35,000/- ਕੀਤੀ ਜਾਵੇ।ਪੰਜਾਬ ਦੇ ਵੱਖ-ਵੱਖ ਅਧਾਰਿਆਂ ਵਿੱਚ ਕੰਮ ਕਰਦੇ ਕੱਚੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ।ਹੜ੍ਹ-ਪੀੜਤਾਂ ਨੂੰ ਤੁਰੰਤ ਤੇ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।ਆਂਗਨਵਾੜੀ, ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਦਾ ਮਾਣ-ਪੱਤਾ ਵਧਾਇਆ ਜਾਵੇ।ਪ੍ਰੈਸ ਦੀ ਆਜ਼ਾਦੀ ’ਤੇ ਹਮਲੇ ਰੋਕੇ ਜਾਣ।ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ।ਭਗਤ ਸਿੰਘ ਦੇ ਨਾਮ ’ਤੇ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ।ਪੰਜਾਬ ਦਾ ਪਾਣੀ ਖੋਹਣਾ ਬੰਦ ਕੀਤਾ ਜਾਵੇ।ਮਨਰੇਗਾ ਕਾਮਿਆਂ ਦੀ ਦਿਹਾੜੀ ₹1000/- ਕੀਤੀ ਜਾਵੇ।ਠੇਕਾ ਪ੍ਰਣਾਲੀ ਖਤਮ ਕੀਤੀ ਜਾਵੇ।ਇਸ ਮਹਾ ਸੰਮੇਲਨ ਵਿੱਚ ਪੰਜਾਬ ਤੇ ਰਾਸ਼ਟਰੀ ਆਗੂਆਂ ਵੱਲੋਂ ਉਪਰੋਕਤ ਮੰਗਾਂ ਨੂੰ ਉਜਾਗਰ ਕਰਦੇ ਹੋਏ ਸੰਬੋਧਨ ਕੀਤਾ ਗਿਆ।ਯੂਨੀਲੀਵਰ ਰਾਜਪੁਰਾ ਯੂਨੀਅਨ ਦੇ ਆਗੂਆਂ ਨੇ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ, ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਜਗਰੂਪ ਮੋਗਾ ਸਮੇਤ ਨੈਸ਼ਨਲ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਕਿ ਰਾਜਪੁਰਾ ਮੈਨੇਜਮੈਂਟ ਆਪਣੇ ਮੁਨਾਫੇ ਅਨੁਸਾਰ ਕਾਮਿਆਂ ਦੀਆਂ ਉਜਰਤਾਂ ਵਿੱਚ ਵਾਧਾ ਨਹੀਂ ਕਰ ਰਹੀ।ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਡਿਮਾਂਡ ਨੋਟਿਸ ਦੀ ਠੋਕਵੀ ਪੈਰਵਾਈ ਕੀਤੀ ਜਾਵੇਗੀ ਤੇ ਇਸ ਮੁੱਦੇ ਨੂੰ ਨੈਸ਼ਨਲ ਆਗੂਆਂ ਦੀ ਹਾਜ਼ਰੀ ਵਿੱਚ ਵੱਡੇ ਪੱਧਰ ’ਤੇ ਸਮੇਟਿਆ ਜਾਵੇਗਾ।ਅੰਤ ਵਿੱਚ, ਮਹਾ ਸੰਮੇਲਨ ਵਿੱਚ ਪਹੁੰਚੇ ਸਾਰੇ ਯੂਨੀਅਨ ਕਾਮਿਆਂ ਦਾ ਯੂਨੀਅਨ ਦੀ ਐਗਜ਼ੈਕਟਿਵ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।


