ਕਣਕ ਦੀ ਤੂੜੀ ਅਤੇ ਪਰਾਲੀ ਦੇ ਪੌਸ਼ਟਿਕ ਗੁਣ ਲਗਭਗ ਬਰਾਬਰ
ਗਊਸ਼ਾਲਾਵਾਂ ਲਈ ਝੋਨੇ ਦੀ ਪਰਾਲੀ ਸਸਤੇ ਪਸ਼ੂ ਚਾਰੇ ਦਾ ਸਾਧਨ
3 ਜਾਨਵਰਾਂ ਲਈ ਸੰਭਾਲੀ ਜਾ ਸਕਦੀ ਹੈ 3 ਏਕੜ ਦੀ ਪਰਾਲੀ
ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ) – ਝੋਨੇ/ਬਾਸਮਤੀ ਦੀ ਪਰਾਲੀ ਦੀ ਵਰਤੋਂ ਪਸ਼ੂ ਚਾਰੇ ਵਜੋਂ ਕੀਤੀ ਜਾਵੇ ਤਾਂ ਇਸ ਨਾਲ ਜਿੱਥੇ ਪਰਾਲੀ ਦਾ ਨਿਪਟਾਰਾ ਅਸਾਨੀ ਨਾਲ ਹੋ ਸਕੇਗਾ ਉਥੇ ਹੀ ਪਸ਼ੂ ਪਾਲਣ ਲਈ ਸਸਤਾ ਚਾਰਾ ਉਪਲਬੱਧ ਹੋ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਤੂੜੀ ਅਤੇ ਪਰਾਲੀ ਦੇ ਪੌਸ਼ਟਿਕ ਗੁਣਾਂ ਦੀ ਤੁਲਨਾਂ ਕਰਕੇ ਸਮਝਾਇਆ ਕਿ ਪਰਾਲੀ ਦੀ ਪਸ਼ੂ ਚਾਰੇ ਵਜੋਂ ਵਰਤੋਂ ਇਸ ਸਮੱਸਿਆ ਦਾ ਵਧੀਆ ਹੱਲ ਹੈ।
ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਲਈ ਪਸ਼ੂਆਂ ਦੇ ਚਾਰੇ ਲਈ ਪਰਾਲੀ ਸਸਤਾ ਤੇ ਸੰਤੁਲਤ ਚਾਰਾ ਹੈ। ਉਨਾਂ ਕਿਹਾ ਕਿ ਇਸ ਸਮੇਂ ਕਿਸਾਨ ਹਰੇ ਚਾਰੇ ਨਾਲ ਸੁੱਕੇ ਚਾਰੇ ਵਜੋਂ ਤੂੜੀ ਦੀ ਵਰਤੋਂ ਕਰਦੇ ਹਨ ਜੋ ਕਿ 800-900 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਜੇਕਰ ਪਰਾਲੀ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਕੇਵਲ ਕਰੀਬ 100-150 ਰੁਪਏ ਪ੍ਰਤੀ ਕੁਇੰਟਲ ਹੀ ਪੈਂਦੀ ਹੈ। ਇਹ 6 ਮਹੀਨੇ ਦੀ ਉਮਰ ਤੋਂ ਵੱਧ ਦੇ ਸਾਰੇ ਜੁਗਾਲੀ ਕਰਨ ਵਾਲੇ ਪਸ਼ੂਆਂ ਨੂੰ ਖੁਆਈ ਜਾ ਸਕਦੀ ਹੈ। ਦੁੱਧ ਨਾ ਦੇਣ ਵਾਲੇ ਪਸ਼ੂਆਂ ਦੀ ਖੁਰਾਕ ਵਿਚ 35-40 ਫੀਸਦੀ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਖੁਰਾਕ ਵਿਚ 20-25 ਫੀਸਦੀ ਤੱਕ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਗਊਸ਼ਾਲਾਵਾਂ ਲਈ ਵੀ ਪਰਾਲੀ ਬਹੁਤ ਹੀ ਵਧੀਆ ਅਤੇ ਸਸਤੇ ਚਾਰੇ ਦਾ ਬਦਲ ਹੈ।
ਡਾ. ਸ਼ਾਮ ਸਿੰਘ ਨੇ ਕਿਹਾ ਕਿ ਪਰਾਲੀ ਦੇ ਪ੍ਰਬੰਧਨ ਦੇ ਕਈ ਤਰੀਕੇ ਹਨ ਪਰ ਚਾਰੇ ਵਜੋਂ ਵਰਤੋਂ ਕਿਸਾਨਾਂ ਲਈ ਸਭ ਤੋਂ ਸਸਤਾ ਬਲਕਿ ਲਾਭਕਾਰੀ ਤਰੀਕਾ ਹੈ ਕਿਉਂਕਿ ਇਸ ਤਰੀਕੇ ਵਿਚ ਮਹਿੰਗੀ ਤੂੜੀ ਦੀ ਬਚਤ ਕਰਕੇ ਸਸਤੀ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ 3 ਪਸ਼ੂਆਂ ਲਈ 3 ਏਕੜ ਪਰਾਲੀ ਦੀ ਖਪਤ ਹੋ ਸਕਦੀ ਹੈ। ਉਨਾਂ ਕਿਹਾ ਕਿ ਪਰਾਲੀ ਦੇ ਪੌਸ਼ਟਿਕ ਗੁਣ ਹੋਰ ਫਸਲਾਂ ਦੀ ਤੂੜੀ ਦੇ ਲਗਭਗ ਬਰਾਬਰ ਹੀ ਹਨ। ਉਨਾਂ ਅਨੁਸਾਰ ਦੱਖਣ ਭਾਰਤੀ ਰਾਜਾਂ ਵਿਚ ਜਿੱਥੇ ਕਣਕ ਦੀ ਕਾਸਤ ਨਹੀਂ ਹੁੰਦੀ ਹੈ ਉਥੇ ਕਣਕ ਦੀ ਤੂੜੀ ਉਪਲਬੱਧ ਨਹੀਂ ਹੁੰਦੀ ਹੈ ਉੱਥੇ ਪਸ਼ੂ ਪਾਲਕ ਝੋਨੇ ਦੀ ਪਰਾਲੀ ਦੀ ਵਰਤੋਂ ਹੀ ਪਸ਼ੂ ਚਾਰੇ ਵਜੋਂ ਕਰਦੇ ਹਨ।
ਡਾ. ਸ਼ਾਮ ਸਿੰਘ ਨੇ ਪਰਾਲੀ ਦਾ ਚਾਰਾ ਬਣਾਉਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਾਲੀ ਨੂੰ ਕਟਾਈ ਤੋਂ 2 ਤੋਂ 10 ਦਿਨ ਵਿਚਕਾਰ ਸੰਭਾਲ ਲਿਆ ਜਾਵੇ ਤਾਂ ਇਸ ਨੂੰ ਜਾਨਵਰ ਜਿਆਦਾ ਪਸੰਦ ਕਰਦੇ ਹਨ। ਪਰਾਲੀ ਦਾ ਕੁਤਰਾ ਕਰਕੇ ਜਾਨਵਰਾਂ ਨੂੰ ਦੁਸਰੇ ਚਾਰੇ ਨਾਲ ਮਿਲਾ ਕੇ ਪਾਇਆ ਜਾਵੇ। ਇਸੇ ਤਰਾਂ ਪਰਾਲੀ ਦਾ ਅਚਾਰ ਵੀ ਬਣਾਇਆ ਜਾ ਸਕਦਾ ਹੈ।