ਵਧੀਕ ਡਿਪਟੀ ਕਮਿਸ਼ਨਰ, ਸੁਰਿੰਦਰ ਸਿੰਘ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ-ਫੋਟੋ ਵੋਟਰ ਸੂਚੀਆਂ ਅਤੇ ਸੀ.ਡੀਜ਼ ਸੌਂਪੀਆਂ
ਗੁਰਦਾਸਪੁਰ, 27 ਨਵੰਬਰ (ਸਰਬਜੀਤ ਸਿੰਘ)– ਵਿਧਾਨ ਸਭਾ ਚੋਣ ਹਲਕਾ 10-ਡੇਰਾ ਬਾਬਾ ਨਾਨਕ ਦੀ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਅੱਜ ਕੀਤੀ ਗਈ ਹੈ। ਸ੍ਰੀ ਸੁਰਿੰਦਰ ਸਿੰਘ,ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਫੋਟੋ ਵੋਟਰ ਸੂਚੀਆਂ ਅਤੇ ਸੀ. ਡੀਜ਼ ਸੌਂਪੀਆਂ ਗਈਆਂ। ਇਸ ਮੌਕੇ ਕਾਂਗਰਸ ਪਾਰਟੀ ਤੋਂ ਗੁਰਵਿੰਦਰਪਾਲ , ਆਪ ਪਾਰਟੀ ਤੋਂ ਭਾਰਤ ਭੂਸ਼ਣ ਵਰਮਾ ਤੇ ਸੁਭਾਸ਼ ਚੋਧਰੀ, ਭਾਜਪਾ ਤੋਂ ਰਾਜਨ ਗੋਇਲ, ਸ਼ੋਮਣੀ ਅਕਾਲੀ ਦਲ ਤੋ ਹਰਵਿੰਦਰ ਸਿੰਘ, ਸੀਪੀਆਈ (ਐਮ) ਤੋਂ ਮੁਹਿੰਦਰ ਸਿੰਘ, ਬਸਪਾ ਪਾਰਟੀ ਤੋਂ ਜੇ.ਪੀ ਭਗਤ ਅਤੇ ਰਜਿੰਦਰ ਕੁਮਾਰ ਤੋਂ ਮਨਜਿੰਦਰ ਸਿੰਘ ਚੋਣ ਤਹਿਸੀਲਦਾਰ ਵੀ ਹਾਜ਼ਰ ਸਨ।
ਇਸ਼ ਮੌਕੇ ਸੁਰਿੰਦਰ ਸਿੰਘ,ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨਰ ਵਲੋਂ ਵਿਧਾਨ ਸਭਾ ਚੋਣ ਡੇਰਾ ਬਾਬਾ ਨਾਨਕ ਵਿਖੇ ਉਪ ਚੋਣ 2024 ਦੇ ਮੱਦੇਨਜ਼ਰ ਯੋਗਤਾ ਮਿਤੀ 1-1-2025 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਮੁਲਤਵੀ ਕੀਤਾ ਗਿਆ ਸੀ। ਮੁੱਖ ਚੋਣ ਅਫਸਰ ਪੰਜਾਬ ਵਲੋਂ ਪ੍ਰਾਪਤ ਨਵੇਂ ਸ਼ਡਿਊਲ ਅਨੁਸਾਰ ਵਿਧਾਨ ਸਭਾ ਚੋਣ ਹਲਕਾ ਡੇਰਾ ਬਾਬਾ ਨਾਨਕ ਵਿੱਚ ਯੋਗਤਾ ਮਿਤੀ 1-1-2025 ਦੇ ਆਧਾਰ ’ਤੇ ਫੋੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ ਅੱਜ 27 ਨਵੰਬਰ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਅੱਜ ਵੋਟਰ ਸੂਚੀ ਦੀ ਪਬਲੀਕੇਸਨ ਕੀਤੀ ਗਈ ਹੈ। 27 ਨਵੰਬਰ ਤੋਂ 12 ਦਸੰਬਰ ਤੱਕ ਬੀ.ਐਲ.ਓਜ਼ ਵਲੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਜਦਕਿ 30 ਨਵੰਬਰ ਅਤੇ 8 ਦਸੰਬਰ ਨੂੰ ਵਿਸ਼ੇਸ ਕੈਂਪ ਲਗਾ ਕੇ ਲੈਵਲ ਅਫਸਰਾਂ ਵਲੋਂ ਬਿਨੈਕਾਰਾਂ ਪਾਸੋਂ ਫਾਰਮ ਪ੍ਰਾਪਤ ਕੀਤੇ ਜਾਣਗੇ। ਜਿਸ ਪਿੱਛੋਂ 24 ਦਸੰਬਰ ਨੂੰ ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ ਹੋਵੇਗਾ, ਪਹਿਲੀ ਜਨਵਰੀ ਨੂੰ ਡਾਟਾਬੇਸ ਦੀ ਅਪਡੇਟਿੰਗ ਅਤੇ ਸਪਲੀਮੈਂਟ ਦੀ ਛਪਾਈ ਹੋਵੇਗੀ ਅਤੇ 6 ਜਨਵਰੀ 2025 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ। ਉਨਾਂ ਸਮੂਹ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਬੇਨਤੀ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਬੂਥਵਾਈਜ਼ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਉਨਾਂ ਦੀਆਂ ਸੂਚੀਆਂ ਜ਼ਿਲਾ ਚੋਣ ਦਫਤਰ ਨੂੰ ਭੇਜੀਆਂ ਜਾਣ।
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਕੁਲ 242 ਪੋਲਿੰਗ ਸਟੇਸ਼ਨ ਹਨ। ਕੁਲ ਵੋਟਰ 193376 ਹਨ। ਜਿਨਾਂ ਵਿੱਚ ਮਰਦ 101825, ਔਰਤਾਂ 91544 ਅਤੇ 7 ਥਰਡ ਜੈਂਡਰ ਹਨ। ਸਰਵਿਸ ਵੋਟਰ 2228 ਹਨ।