ਨੀਤੀ ਆਯੋਗ ਵੱਲੋਂ ਚਲਾਏ ਜਾ ਰਹੇ ਸੰਪੂਰਨਤਾ ਅਭਿਆਨ ਤਹਿਤ ਕਲਾਨੌਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ

ਗੁਰਦਾਸਪੁਰ

ਕਲਾਨੌਰ, ਗੁਰਦਾਸਪੁਰ, 5 ਜੁਲਾਈ ( ਸਰਬਜੀਤ ਸਿੰਘ) – ਨੀਤੀ ਆਯੋਗ ਵੱਲੋਂ ਚਲਾਏ ਜਾ ਰਹੇ ਸੰਪੂਰਨਤਾ ਅਭਿਆਨ ਤਹਿਤ ਅੱਜ ਕਲਾਨੌਰ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਐੱਸ.ਡੀ.ਐੱਮ. ਕਲਾਨੌਰ ਜਯੋਤਸਨਾ ਸਿੰਘ, ਉਘੇ ਜਨਤਕ ਆਗੂ ਗੁਰਦੀਪ ਸਿੰਘ ਰੰਧਾਵਾ, ਬੀ.ਡੀ.ਪੀ.ਓ. ਕਲਾਨੌਰ ਜਸਬੀਰ ਕੌਰ, ਪ੍ਰਿੰਸੀਪਲ ਹਰਦੀਪ ਕੌਰ ਧਾਲੀਵਾਲ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅੰਮ੍ਰਿਤਪਾਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਪਾਲ ਸਿੰਘ, ਬਲਾਕ ਪ੍ਰੋਗਰਾਮ ਮੈਨੇਜਰ ਸਰੋਵਰ ਕੁੰਡਲ, ਸਤਿੰਦਰਬੀਰ ਕੌਰ, ਸੁਨੀਲ ਕੁਮਾਰ ਕਲਸਟਰ ਕੋਆਰਡੀਨੇਟਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਹੋਏ।

ਅੱਜ ਸਭ ਤੋਂ ਪਹਿਲਾਂ ਸੰਪੂਰਨਤਾ ਅਭਿਆਨ ਤਹਿਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਲਾਨੌਰ ਦੇ ਵਿਦਿਆਰਥੀਆਂ ਵੱਲੋਂ ਸੰਪੂਰਨਾ ਰੈਲੀ ਕੱਢੀ ਗਈ, ਜਿਸਨੂੰ ਐੱਸ.ਡੀ.ਐੱਮ ਕਲਾਨੌਰ ਜਯੋਤਸਨਾ ਸਿੰਘ ਵੱਲੋਂ ਰਵਾਨਾ ਕੀਤਾ ਗਿਆ।ਇਸ ਦੌਰਾਨ ਵਿਦਿਆਰਥੀਆਂ ਦੇ ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਉਪਰੰਤ ਕਲਾਨੌਰ ਦੇ ਸੇਖਵਾਂ ਫਾਰਮ ਵਿਖੇ ਸੰਪੂਰਨਤਾ ਅਭਿਆਨ ਤਹਿਤ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ `ਤੇ ਮੁਫ਼ਤ ਹੈਲਥ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਪੈਂਫ਼ਲਿਟ ਵੰਡੇ ਗਏ। ਇਸ ਤੋਂ ਇਲਾਵਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਹੈਲਥੀ ਫੂਡ ਰੈਸਪੀ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਡਾਈਟ ਕਾਊਂਸਲਿੰਗ ਕੀਤੀ ਗਈ। ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਮਿੱਟੀ ਪਰਖ ਦੇ ਸੈਂਪਲ ਲਏ ਗਏ ਅਤੇ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੁਧਾਰ ਬਾਰੇ ਦੱਸਿਆ ਗਿਆ। ਇਸ ਮੌਕੇ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਸਮਾਨ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।

ਸੰਪੂਰਨਤਾ ਅਭਿਆਨ ਸਬੰਧੀ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਐੱਸ.ਡੀ.ਐੱਮ. ਜਯੋਤਸਨਾ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਦੋ ਬਲਾਕਾਂ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੀ ਚੋਣ ਕੀਤੀ ਗਈ ਹੈ ਜਿੱਥੇ 4 ਜੁਲਾਈ ਤੋਂ 30 ਸਤੰਬਰ 2024 ਤੱਕ ਸੰਪੂਰਨਤਾ ਅਭਿਆਨ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਮਹੱਤਵਪੂਰਨ 6 ਪਹਿਲੂਆਂ ਜਿਨ੍ਹਾਂ ਵਿੱਚ ਸਿਹਤ, ਪੋਸ਼ਣ, ਖੇਤੀਬਾੜੀ, ਸਿੱਖਿਆ, ਸਮਾਜਿਕ ਤਰੱਕੀ ਆਦਿ ਸ਼ਾਮਿਲ ਦੇ ਟੀਚਿਆਂ ਨੂੰ ਸੌ ਫ਼ੀਸਦੀ ਪੂਰਾ ਕੀਤਾ ਜਾਵੇਗਾ।

Leave a Reply

Your email address will not be published. Required fields are marked *