ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਲ ਰਹੀਆਂ ਸਿਹਤ ਸਹੂਲਤਾਂ ਸਬੰਧੀ ਮਰੀਜ਼ਾਂ ਅਤੇ ਮੌਜੂਦ ਲੋਕਾਂ ਤੋਂ ਲਈ ਫੀਡਬੈਕ
ਗੁਰਦਾਸਪੁਰ, 22 ਜੂਨ (ਸਰਬਜੀਤ ਸਿੰਘ)– ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਜੋਏ ਸ਼ਰਮਾ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵਲੋਂ ਸਾਂਝੇ ਤੌਰ‘ਤੇ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਸਬੰਧੀ ਸਮੀਖਿਆ ਕੀਤੀ ਗਈ। ਏਡੀਸੀ ਜਨਰਲ ਸੁਭਾਸ਼ ਚੰਦਰ ਅਤੇ ਐਸ ਡੀ ਐਮ ਗੁਰਦਾਸਪੁਰ ਕਰਮਜੀਤ ਸਿੰਘ ਨਾਲ ਮੌਜੂਦ ਰਹੇ।
ਇਸ ਮੌਕੇ ਪ੍ਰਿੰਸੀਪਲ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਜੋਏ ਸ਼ਰਮਾ ਵੱਲੋਂ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕਰਦੇ ਹੋਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਸਮੂਹ ਓਟ ਮਰੀਜ਼ਾਂ ਦੀ ਕਾਉਂਸਲਿੰਗ ਕਰਨ ਦੀ ਗੱਲ ਕਹੀ ਗਈ ਕਿਉਂਕਿ ਮਰੀਜਾਂ ਦੀ ਇਛਾ ਸ਼ਕਤੀ ਮਜ਼ਬੂਤ ਕਰਕੇ ਹੀ ਉਨ੍ਹਾਂ ਨੂੰ ਨਸ਼ਾ ਮੁਕਤੀ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਹਸਪਤਾਲ ਵਿੱਚ ਜਨ ਔਸ਼ਧੀ ਵਿਭਾਗ ਦਾ ਦੌਰਾ ਕਰਦੇ ਹੋਏ ਉਨਾਂ ਕਿਹਾ ਕਿ ਲੋਕਾਂ ਨੂੰ ਇਥੋਂ ਮਿਲਦੀਆਂ ਸਸਤੀਆਂ ਅਤੇ ਅਸਰਦਾਰ ਦਵਾਈਆਂ ਬਾਰੇ ਜਾਗਰੂਕ ਕੀਤਾ ਜਾਵੇ, ਐਮਰਜੈਂਸੀ ਵਿਭਾਗ ਵਿਖੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਦੇ ਨਾਲ ਬਲੱਡ ਬੈਂਕ ਵਿਖੇ ਬਲੱਡ ਦੀ ਉਪਲਬੱਧਤਾ, ਸਟੋਰੇਜ ਕਪੇਸਿਟੀ, ਐਕਸ- ਰੇ ਵਿਭਾਗ ਵਿਖੇ ਡਿਜਿਟਲ ਐਕਸ ਰੇ ਅਤੇ ਫ਼ਿਲਮਾਂ ਦੀ ਸਹੂਲਤ, ਲੈਬ ਵਿਚਲੇ ਸਾਰੇ ਟੈਸਟ ,ਸਾਮਾਨ, ਸਾਫ ਸਫਾਈ, ਮਸ਼ੀਨ ਅਤੇ ਰੀਜੈਂਟਸ , ਕ੍ਰਿਸ਼ਨਾ ਸੀਟੀ ਸਕੈਨ ਅਤੇ ਡਾਇਗਨੋਸਟਿਕ ਸੈਂਟਰ ਵਿਖੇ ਹੁੰਦੇ ਟੈਸਟਾਂ ਦੀ ਬਾਰੀਕੀ ਨਾਲ ਉਹਨਾਂ ਵਲੋਂ ਜਾਂਚ ਕੀਤੀ ਗਈ। ਫਾਰਮੇਸੀ ਵਿਭਾਗ ਵਿਖੇ ਦਵਾਈਆਂ ਦਾ ਸਟਾਕ, ਦਵਾਈਆਂ ਦੇ ਰੱਖ-ਰਖਾਵ ਅਤੇ ਮਰੀਜਾਂ ਨੂੰ ਆਸਾਨੀ ਨਾਲ ਦਵਾਈਆਂ ਮਿਲਣ ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ। ਉਹਨਾਂ ਵੱਲੋਂ ਲਕਸ਼ਯ ਸਰਟੀਫਾਇਡ ਗਾਇਨੀ ਵਾਰਡ ਅਤੇ ਲੇਬਰ ਰੂਮ ਦਾ ਦੌਰਾ ਕਰਦੇ ਹੋਏ ਮਰੀਜਾਂ ਅਤੇ ਓਹਨਾ ਦੇ ਤੀਮਾਰਦਾਰਾਂ ਨਾਲ ਗੱਲਬਾਤ ਕਰਕੇ ਹਾਲ-ਚਾਲ ਪੁੱਛਿਆ। ਸਮੂਹ ਮਰੀਜਾਂ ਨੂੰ ਵਿਸ਼ਵਾਸ਼ ਦੁਆਇਆ ਕਿ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦਾ ਪੂਰਾ ਲਾਭ ਦੁਆਇਆ ਜਾਵੇਗਾ।
ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੇ ਦੌਰੇ ਤੋਂ ਬਾਅਦ ਸਮੂਹ ਸਿਹਤ ਵਿਭਾਗ ਗੁਰਦਾਸਪੁਰ ਦੇ ਪ੍ਰੋਗਰਾਮ ਅਧਿਕਾਰੀਆਂ ਨਾਲ ਬੈਠਕ ਕਰਕੇ ਚਲ ਰਹੇ ਪ੍ਰੋਗਰਾਮਾਂ ਦਾ ਜਾਇਜ਼ ਲਿਆ ਗਿਆ।
ਪ੍ਰਮੁੱਖ ਸਕੱਤਰ ਸਿਹਤ ਅਜੋਏ ਸ਼ਰਮਾ ਵੱਲੋਂ ਹਾਈ ਰਿਸਕ ਪ੍ਰੈਗਨੈਂਸੀ ਵਾਲੀਆਂ ਮਾਵਾਂ ਨੂੰ ਰੋਜ਼ਾਨਾ ਟੈਲੀਫੋਨੋਕਲੀ ਹਾਲ ਪੁੱਛਿਆ ਜਾਵੇ ਦੀ ਗੱਲ ਕਹੀ ਗਈ। ਮਾਵਾਂ ਨੂੰ ਖਤਰੇ ਦੇ ਹਾਲਾਤ ਤੋਂ ਜਾਣੂ ਕਰਵਾਉਂਦੇ ਹੋਏ ਮੁਸ਼ਕਲ ਸਮੇਂ ਕਿਵੇਂ ਡਾਕਟਰੀ ਮਦਦ ਲੈਣੀ ਹੈ ਇਸ ਤੋਂ ਜਾਣੂ ਕਰਵਾਇਆ ਜਾਵੇ। ਬਲਾਕ ਪੱਧਰ ਤੇ ਗ੍ਰੀਨ ਕੋਰੀਡੋਰ ਅਤੇ ਜ਼ਿਲ੍ਹਾ ਪੱਧਰ ‘ਤੇ ਐਮ ਡੀ ਆਰ ਗਰੁੱਪ ਬਣਾਏ ਜਾਣ ਤਾਂ ਜੋ ਰੈਫਰ ਹੁੰਦੀ ਗਰਭਵਤੀ ਮਹਿਲਾ ਦੀ ਸੂਚਨਾ ਤੁਰੰਤ ਸਾਂਝੀ ਹੋਵੇ ਅਤੇ ਪਹਿਲੇ ਹੀ ਲੋੜੀਂਦੇ ਪ੍ਰਬੰਧ ਕਰਕੇ ਬੇਹਤਰ ਸਿਹਤ ਸੁਵਿਧਾ ਪ੍ਰਦਾਨ ਕੀਤੀਆਂ ਜਾ ਸਕਣ। ਉਨਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਸਾਡਾ ਮੁੱਖ ਮੰਤਵ ਹੈ ਨਾਲ ਹੀ ਹਸਪਤਾਲਾਂ ਵਿਚ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਹਿਦਾਇਤ ਕੀਤੀ ਕਿ ਆਉਦੇ ਦਿਨਾਂ ਵਿੱਚ ਪਾਣੀ ਜਣਿਤ ਅਤੇ ਮੱਛਰਾਂ ਨਾਲ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਹੀ ਪਾਣੀ ਦੇ ਸੈਂਪਲਾਂ ਦੀ ਜਾਚ ਤੇ ਮੱਛਰ ਦਾ ਲਾਰਵਾ ਨਸ਼ਟ ਕੀਤਾ ਜਾਵੇ । ਡੇਂਗੂ ਹੋਣ ਦੇ ਕਾਰਨ ਲੱਛਣ , ਰੋਕਥਾਮ ਬਾਰੇ ਜਾਗਰੂਕ ਕਰਦੇ ਹੋਏ ਵਾਟਰ ਸਪਲਾਈ ਵਿਭਾਗ ਸ਼ਹਿਰੀ ਅਤੇ ਲੋਕਲ ਬਾਡੀ ਵਿਭਾਗ ਨਾਲ ਰਾਬਤਾ ਰੱਖਦੇ ਹੋਏ ਪਾਣੀ ਦੀ ਕਲੋਰੀਨੇਸ਼ਨ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ ਪਾਣੀ ਮਿਲ ਸਕੇ।
ਸਿਵਲ ਸਰਜਨ ਡਾ. ਵਿੰਮੀ ਮਹਾਜਨ ਨੇ ਕਿਹਾ ਕਿ ਸਮੂਹ ਸਕੀਮਾਂ ਦੀ ਮਹੀਨਾਵਾਰ ਸਮੀਖਿਆ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਸਬੰਧੀ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਡੀਐਮਸੀ ਡਾ. ਰੋਮੀ ਰਾਜਾ ਮਹਾਜਨ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ , ਜ਼ਿਲ੍ਹਾ ਸਿਹਤ ਅਫਸਰ ਡਾ. ਸਵਿਤਾ , ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਵਿੰਦ ਮਨਚੰਦਾ , ਡੀਡੀਐਚੳ ਡਾ. ਲੋਕੇਸ਼ ਗੁਪਤਾ ,ਐਸਐਮੳ ਡਾ. ਅਰਵਿੰਦ ਮਹਾਜਨ, ਡਾ. ਪ੍ਰਭਜੋਤ ਕਲਸੀ , ਡਾ.ਰਮੇਸ਼ ਅਤਰੀ , ਡਾ. ਭਾਵਨਾ ਸ਼ਰਮਾ , ਡਾ.ਵੰਦਨਾ , ਡਾ. ਮਮਤਾ , ਡੀਪੀਐਮ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।



