ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਫ਼ਿਲਮੀ ਨਾਇਕਾ ਕੰਗਣਾ ਰਣੌਤ ਨੂੰ ਸੀ ਆਈ ਐਸ ਐਫ਼ ਦੀ ਮੁਲਾਜ਼ਮ ਕੁਲਵਿੰਦਰ ਕੌਰ ਵਲੋਂ ਚੰਡੀਗੜ੍ਹ ਹਵਾਈ ਅੱਡੇ ਵਿਚ ਥੱਪੜ ਮਾਰਨ ਦੀ ਘਟਨਾ ਉਪਰ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਘਟਨਾ ਕੰਗਣਾ ਦੇ ਸਤਾ ਦੇ ਘੁਮੰਡ ਵਿਰੁੱਧ ਇੱਕ ਗੁੱਸੇ ਦਾ ਪ੍ਰਗਟਾਵਾ ਹੈ।
ਇਸ ਬਾਬਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਜਦੋਂ ਕੰਗਣਾ ਨੇ ਮੋਦੀ ਸਰਕਾਰ ਦੀ ਚਾਪਲੂਸੀ ਕਰਦਿਆਂ ਦਿੱਲੀ ਮੋਰਚੇ ਵਿਚ ਸ਼ਾਮਿਲ ਪੰਜਾਬੀ ਔਰਤਾਂ ਲਈ ਤੌਹੀਨ ਭਰੇਂ ਬਿਆਨ ਜਾਰੀ ਕੀਤੇ ਸਨ, ਤਾਂ ਜੇਕਰ ਉਸ ਸਮੇਂ ਉਸ ਵਿਰੁੱਧ ਕਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਇਹ ਘਟਨਾ ਨਾਂ ਵਾਪਰਦੀ। ਬੱਖਤਪੁਰਾ ਨੇ ਕੁਲਵਿੰਦਰ ਕੌਰ ਨੂੰ ਮਹਿਕਮੇ ਵਲੋਂ ਬਿਨਾਂ ਕੋਈ ਨੋਟਿਸ ਦੇਣ ਅਤੇ ਬਿਨਾਂ ਕੋਈ ਪੜਤਾਲ ਕੀਤਿਆਂ ਨੌਕਰੀ ਤੋਂ ਮੁਅੱਤਲ ਕਰਨ ਨੂੰ ਗੈਰ ਕਾਨੂੰਨੀ ਦਸਦਿਆਂ ਕਿਸਾਨ ਆਗੂਆਂ ਨੂੰ ਕੰਗਣਾ ਰਣੌਤ ਦੇ ਪੁਰਾਣੇ ਬਿਆਨਾਂ ਅਤੇ ਹੁਣ ਪੰਜਾਬੀਆਂ ਨੂੰ ਅਤਵਾਦੀ ਕਹਿਣ ਸਬੰਧੀ ਕੋਰਟ ਵਿੱਚ ਹੱਤਕ ਦੀ ਸਕਾਇਤ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ।


