ਅੰਮ੍ਰਿਤਸਰ, ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)– ਅਜਨਾਲਾ ਦੇ ਨੇੜਲੇ ਪਿੰਡ ਛੀਨਾ ਕਰਮ ਸਿੰਘ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਇਲਾਕਾ ਪੱਧਰੀ ਰੈਲੀ ਰਵਿੰਦਰਜੀਤ ਸਿੰਘ ਅਤੇ ਅੰਗ੍ਰੇਜ਼ ਸਿੰਘ ਭਿੰਡੀ ਔਲਖ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਸਮੇਂ ਬੋਲਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਭਾਗੋਕਾਵਾਂ, ਮੰਗਲ ਸਿੰਘ ਧਰਮਕੋਟ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਪੰਜਾਬ ਦੀ ਮਾਨ ਅਤੇ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਭਖਵੀਆ ਸਮਸਿਆਵਾਂ ਹੱਲ ਕਰਨ ਵਿਚ ਕੋਈ ਰੁਚੀ ਨਹੀਂ ਦਿਖਾ ਰਹੀਆਂ ਹਨ ਅਤੇ ਲਗਾਤਾਰ ਕਾਰਪੋਰੇਟ ਲਾਣੇ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਕਣਕ ਦੀ ਦਰਾਮਦ ਕਰਨ ਲਈ 400 ਰੁਪਏ ਡਿਊਟੀ ਘਟਾਂ ਦਿੱਤੀ ਗਈ ਹੈ ਜਿਸ ਦਾ ਨਤੀਜਾ ਹੈ ਕਿ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਮਿਲਣਾ ਅਸੰਭਵ ਹੋਵੇਗਾ। ਇਹ ਫੈਸਲੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਕੀਤੇ ਜਾ ਰਹੇ ਹਨ। ਆਗੂਆਂ ਕਿਹਾ ਕਿ ਨਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਐਮ ਐਸ ਪੀ ਨੂੰ ਲਾਗੂ ਕਰਨ ਲਈ ਕਨੂੰਨੀ ਦਰਜਾ ਦੇਣ ਲਈ ਕੋਈ ਹੁੰਗਾਰਾ ਨਹੀਂ ਭਰ ਰਹੀ ਹੈ ।ਬੀਤੇ ਸਮੇਂ ਵਿੱਚ ਹੜਾਂ ਨਾਲ ਹੋਏ ਜਾਨੀ ਮਾਲੀ,ਪਸ਼ੂਆਂ ਅਤੇ ਘਰਾਂ ਦੇ ਹੋਏ ਦਾ ਨੁਕਸਾਨ ਦਾ ਮੁਆਵਜ਼ਾ ਵੀ ਦੇਂਣ ਵਿਚ ਸਰਕਾਰਾਂ ਫੇਲ੍ਹ ਸਾਬਤ ਹੋਈਆਂ ਹਨ।ਮਾਨ ਸਰਕਾਰ ਦੇ 19 ਮਹੀਨਿਆਂ ਦੇ ਰਾਜ ਵਿੱਚ ਨਸ਼ੇ ਅਤੇ ਭ੍ਰਿਸ਼ਟਾਚਾਰ ਵਿੱਚ ਪਹਿਲਾਂ ਤੋਂ ਵੀ ਵਾਧਾ ਹੋਇਆ ਹੈ। ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਸਮੇਂਤ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ, ਬਜ਼ੁਰਗਾਂ ਅਤੇ ਵਿਧਵਾਵਾਂ ਦੀ ਪੈਨਸ਼ਨ ਵਿੱਚ ਵਾਧਾ , ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਜਿਹੀਆਂ ਗਰੰਟੀਆ ਪੂਰੀਆਂ ਕਰਨ ਤੋਂ ਪਾਸਾ ਵੱਟ ਚੁੱਕੀ ਹੈ। ਆਗੂਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਲ ਨਾਂ ਕਰਕੇ ਪੰਜਾਬ ਨਾਲ ਹਮੇਸ਼ਾ ਦੀ ਤਰ੍ਹਾਂ ਧੱਕਾ ਕੀਤਾ ਜਾ ਰਿਹਾ ਹੈ। ਭਾਖੜਾ ਬਿਆਸ ਮੈਨੇਜਮੈਂਟ ਦੇ ਬੋਰਡ ਚੋਂ ਪੰਜਾਬ ਨੂੰ ਬਾਹਰ ਕਰ ਦਿੱਤਾ ਗਿਆ ਹੈ। ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਦੇਂਣ ਦੀ ਬਜਾਏ ਚੰਡੀਗੜ੍ਹ ਵਿੱਚ ਪੰਜਾਬੀਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ।ਇਸ ਸਮੇਂ ਸੁਖਰਾਜ ਅਨੈਤਪੁਰਾ, ਜਗਜੀਤ ਸਿੰਘ, ਰਸ਼ਪਾਲ ਸਿੰਘ,ਕਾਰਜ ਸਿੰਘ, ਪਰਮਜੀਤ ਸਿੰਘ , ਹਰਜੀਤ ਸਿੰਘ ਚੰਗਾਲ ਅਤੇ ਸ਼ਮਸ਼ੇਰ ਸਿੰਘ ਭੰਗੂ ਪੁਰਾ ਹਾਜਰ ਸਨ।


