ਹਥਿਆਰਬੰਦ ਸੈਨਾ ਝੰਡਾ ਦਿਵਸ ਸਬੰਧੀ ਜਾਗਰੂਕਤਾ ਸਾਈਕਲ ਰੈਲੀ ਨੂੰ ਗੁਰਦਾਸਪੁਰ ਤੋਂ ਰਵਾਨਾ ਕੀਤਾ

ਗੁਰਦਾਸਪੁਰ

ਰਿਟਾ: ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਸਾਈਕਲ ਰੈਲੀ ਨੂੰ ਦਿਖਾਈ ਹਰੀ ਝੰਡੀ

ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)– ਹਥਿਆਰਬੰਦ ਸੈਨਾ ਝੰਡਾ ਦਿਵਸ਼ ਨੂੰ ਸਮਰਪਿਤ ਜਾਗਰੂਕਤਾ ਸਾਈਕਲ ਰੈਲੀ ਨੂੰ ਅੱਜ ਗੁਰਦਾਸਪੁਰ ਤੋਂ ਰਵਾਨਾ ਕਰ ਦਿੱਤਾ ਗਿਆ। ਇਸ ਸਾਈਕਲ ਰੈਲੀ ਨੂੰ ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਸੈਨਾ ਮੈਡਲ, ਸਾਬਕਾ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰਾ) ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਤੇ ਹੋਰ ਅਧਿਕਾਰੀ ਤੇ ਸਾਬਕਾ ਸੈਨਿਕ ਵੀ ਮੌਜੂਦ ਸਨ। ਇਹ ਸਾਈਕਲ ਰੈਲੀ ਅੰਮ੍ਰਿਤਸਰ ਨੂੰ ਰਵਾਨਾ ਹੋਈ ਜਿਥੋਂ ਇਹ ਅਗਲੇ ਪੜ੍ਹਾਅ ਪੂਰੇ ਕਰਦੀ ਹੋਈ 07 ਦਸੰਬਰ 2023 ਨੂੰ ਝੰਡਾ ਦਿਵਸ ਮੌਕੇ ਵਾਪਸ ਰਾਜ ਭਵਨ, ਚੰਡੀਗੜ੍ਹ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ।

ਸਾਬਕਾ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਸੈਨਾ ਮੈਡਲ, ਸਾਬਕਾ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਨੌਜਵਾਨ ਹਮੇਸ਼ਾਂ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਈਕਲ ਰੈਲੀ ਨੌਜਵਾਨਾਂ ਵਿੱਚ ਦੇਸ਼ ਭਗਤੀ ਪੈਦਾ ਕਰੇਗੀ ਅਤੇ ਉਨ੍ਹਾਂ ਨੂੰ ਸੁਰੱਖਿਆ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰੇਗੀ।  

ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਵਿੱਚ ਦੇਸ਼ ਦੀ ਰਾਖੀ ਲਈ ਸੈਨਿਕਾਂ ਵੱਲੋਂ ਕੀਤੀਆਂ ਕੁਰਬਾਨੀਆਂ ਬਾਰੇ ਜਾਗਰੂਕਤਾ ਫੈਲਾਉਣਾ, ਨੌਜਵਾਨਾ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਸਣੇ ਉਨ੍ਹਾਂ ਨੂੰ ਹਥਿਆਰਬੰਦ ਸੈਨਾ ਵਿੱਚ ਭਰਤੀ ਹੋਣ ਲਈ ਉਤਸਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸੂਬਾ ਵਾਸੀਆਂ ਨੂੰ ਝੰਡਾ ਦਿਵਸ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾ ਨੂੰ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਉਤਸਾਹਿਤ ਕਰਨਾ ਵੀ ਇਸ ਸਾਈਕਲ ਰੈਲੀ ਦਾ ਮਕਸਦ ਹੈ। ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਗੁਰਦਾਸਪੁਰ ਵੱਲੋਂ ਝੰਡਾ ਦਿਵਸ਼ ਫੰਡ ਵਿਚੋਂ ਜਰੂਰਤਮੰਦ ਨਾਨ ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਉਨ੍ਹਾ ਦੇ 18 ਪ੍ਰੀਵਾਰਾਂ ਨੂੰ ਵੱਡੀ ਰਕਮ ਦੇ ਚੈਕ ਵੀ ਤਕਸੀਮ ਕੀਤੇ ਗਏ।

ਇਸ ਮੌਕੇ ਸੁਦੇਸ਼ ਕੁਮਾਰ, ਸੁਪਰਡੈਂਟ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਗੁਰਦਾਸਪੁਰ, ਜਗਦੀਸ਼ ਸਿੰਘ, ਸੈਨਿਕ ਭਲਾਈ ਪ੍ਰਬੰਧਕ,ਮੇਜਰ ਸਿੰਘ, ਸੈਨਿਕ ਭਲਾਈ ਪ੍ਰਬੰਧਕ, ਸਕੱਤਰ ਸਿੰਘ, ਸੈਨਿਕ ਭਲਾਈ ਪ੍ਰਬੰਧਕ, ਰਪਿੰਦਰ ਸਿੰਘ, ਅਸ਼ਵਨੀ ਸਿੰਘ, ਦਲਬੀਰ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ, ਸੰਤੋਖ ਮਸੀਹ, ਸਮਾਜ ਸੇਵੀ ਕੁੰਵਰ ਰਵਿੰਦਰ ਵਿੱਕੀ ਅਤੇ ਦਫ਼ਤਰ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *