ਸੰਘਰਸ਼ ਦੇ ਰਾਹ ਪਏ ਮਾਰਸ਼ਲ ਮਸ਼ੀਨਜ ਮਜਦੂਰਾਂ ਦਾ ਡੱਟ ਕੇ ਸਾਥ ਦਿਓ!
ਲੁਧਿਆਣਾ, ਗੁਰਦਾਸਪੁਰ, 13 ਨਵੰਬਰ (ਸਰਬਜੀਤ ਸਿੰਘ)– ਲੁਧਿਆਣੇ ਦੇ ਫੋਕਲ ਪੁਆਇੰਟ ਵਿੱਚ ਸੀ.ਐਨ.ਸੀ. ਟਰਨਿੰਗ ਮਸ਼ੀਨਾਂ ਬਣਾਉਣ ਵਾਲ਼ੀ ਕੰਪਨੀ ਮਾਰਸ਼ਲ ਮਸ਼ੀਨਜ ਲਿਮਿਟੇਡ (ਸੀ-86, ਫੇਸ-5) ਦੇ ਮਜਦੂਰ ਇੱਕ ਵਾਰ ਫੇਰ ਹੜਤਾਲ ‘ਤੇ ਹਨ ਕਿਉਂ ਕਿ ਮਾਲਕਾਂ ਨੇ ਯੂਨੀਅਨ ਦੇ ਪ੍ਰਧਾਨ, ਮੀਤ ਪ੍ਰਧਾਨ, ਖਜਾਨਚੀ, ਪ੍ਰੈਸ ਸਕੱਤਰ ਅਤੇ ਇੱਕ ਜੁਝਾਰੂ ਮੈਂਬਰ ਨੂੰ ਕੰਮ ਤੋਂ ਕੱਢ ਦਿੱਤਾ ਹੈ। ਸੰਘਰਸ਼ਸ਼ੀਲ ਮਜਦੂਰਾਂ ਦੀ ਮੰਗ ਹੈ ਕਿ ਬਦਲਾਖੋਰੀ ਲਈ ਕੰਮ ਤੋਂ ਕੱਢੇ ਗਏ ਇਨ੍ਹਾਂ ਆਗੂਆਂ ਨੂੰ ਨੌਕਰੀ ‘ਤੇ ਬਹਾਲ ਕੀਤਾ ਜਾਵੇ। ਇਸਦੇ ਨਾਲ਼ ਹੀ ਮੰਗ ਹੈ ਕਿ ਪਿਛਲੇ 7 ਮਹੀਨੇ ਤੋਂ ਰੋਕਿਆ ਗਿਆ ਤਨਖਾਹ ਵਾਧਾ ਦਿੱਤਾ ਜਾਵੇ, ਬੋਨਸ ਦਿੱਤਾ ਜਾਵੇ, ਪੱਕੀ ਹਾਜਰੀ ਲੱਗੇ ਤੇ ਹੋਰ ਮਸਲੇ ਹੱਲ ਕੀਤੇ ਜਾਣ।
ਮਾਲਕ ਮਜਦੂਰਾਂ ਦੇ ਏਕੇ ਤੋਂ ਬੁਰੀ ਤਰ੍ਹਾਂ ਡਰਿਆ ਤੇ ਬੌਖਲਾਇਆ ਹੋਇਆ ਹੈ। ਉਹਨਾਂ ਦੀ ਜੁਝਾਰੂ ਯੂਨੀਅਨ- ‘ਮਾਰਸ਼ਲ ਮਸ਼ੀਨਜ ਮਜਦੂਰ ਯੂਨੀਅਨ, ਪੰਜਾਬ’ ਤੋੜਨਾ ਚਾਹੁੰਦਾ ਹੈ। ਮਜਦੂਰਾਂ ਵੱਲੋਂ ਏਕੇ ਨਾਲ਼ ਲਏ ਹੱਕ ਫਿਰ ਤੋਂ ਖੋਹਣਾ ਚਾਹੁੰਦਾ ਹੈ। ਉਹ ਕਿਰਤ ਕਨੂੰਨਾਂ, ਮਜਦੂਰਾਂ ਦੇ ਕਨੂੰਨੀ ਕਿਰਤ ਹੱਕ ਲਾਗੂ ਕਰਨ ਤੋਂ ਭੱਜਣਾ ਚਾਹੁੰਦਾ ਹੈ। ਕਾਰਖਾਨੇ ਵਿੱਚ ਫਿਰ ਤੋਂ ਆਪਣਾ ਜੰਗਲ ਰਾਜ ਚਲਾਉਣਾ ਚਾਹੁੰਦਾ ਹੈ। ਸੰਘਰਸ਼ ਦੇ ਰਾਹ ਪਏ ਮਜਦੂਰਾਂ ਨੂੰ ਤੁਹਾਡੇ ਭਰਪੂਰ ਸਾਥ ਦੀ ਵੱਡੀ ਲੋੜ ਹੈ। ਸਾਰੇ ਮਜਦੂਰ ਮਿਲ ਕੇ ਹੀ ਮਾਲਕਾਂ ਦੀ ਹੈਂਕੜ ਭੰਨ ਸਕਦੇ ਹਨ। ਅਸੀਂ ਅਪੀਲ ਕਰਦੇ ਹਾਂ ਕਿ ਹੜਤਾਲ ਵਿੱਚ ਸਾਥ ਦੇਵੋ, ਧਰਨਿਆਂ-ਮੁਜਾਹਰਿਆਂ ਵਿੱਚ ਸ਼ਾਮਲ ਹੋਵੋ, ਫੰਡ ਦੇ ਕੇ ਆਰਥਿਕ ਸਹਿਯੋਗ ਕਰੋ, ਹੜਤਾਲ ਦੌਰਾਨ ਕੋਈ ਵੀ ਹੋਰ ਮਜਦੂਰ ਇਸ ਕੰਪਨੀ ਵਿੱਚ ਨੌਕਰੀ ਉੱਤੇ ਨਾ ਲੱਗੇ, ਕੋਈ ਇੱਥੇ ਕੰਮ ਨਾ ਕਰਨ ਜਾਵੇ।
ਸਾਰੇ ਮਾਲਕ ਇਕੱਠੇ ਹੋ ਕੇ ਮਜਦੂਰਾਂ ਦੀ ਅਵਾਜ ਕੁਚਲਣ ਵਿੱਚ ਲੱਗੇ ਹੋਏ ਹਨ, ਸਾਰੇ ਮਜਦੂਰਾਂ ਨੂੰ ਵੀ ਇਕੱਠੇ ਹੋਣਾ ਪਵੇਗਾ। ਮਾਰਸ਼ਲ ਮਸ਼ੀਨਜ ਦੇ ਮਜਦੂਰਾਂ ਦੀ ਹਾਰ-ਜਿੱਤ ਸਾਰੇ ਮਜਦੂਰਾਂ ਦੀ ਹਾਰ-ਜਿੱਤ ਹੈ। ਇਸ ਲਈ ਸੰਘਰਸ਼ ਦੇ ਰਾਹ ਪਏ ਮਜਦੂਰਾਂ ਦੀ ਯੂਨੀਅਨ ਦੀ ਰਾਖੀ ਕਰਨਾ, ਹੱਕ ਦਵਾਉਣਾ, ਜੇਤੂ ਬਣਾਉਣਾ ਸਾਰੇ ਮਜਦੂਰਾਂ ਦੀ ਜਿੰਮੇਵਾਰੀ ਹੈ। ਇਸ ਲਈ ਆਓ ਇਸ ਸੰਘਰਸ਼ ਵਿੱਚ ਡੱਟ ਕੇ ਸਾਥ ਦਈਏ।
ਇਸੇ ਸਾਲ ਫਰਵਰੀ ਵਿੱਚ ਮਜਦੂਰਾਂ ਨੇ ਕਾਰਖਾਨਾ ਮਜਦੂਰ ਯੂਨੀਅਨ ਦੇ ਝੰਡੇ ਹੇਠ ਇੱਕਮੁੱਠ ਹੋ ਕੇ ਮਾਲਕ ਖਿਲਾਫ਼ ਆਪਣੇ ਹੱਕਾਂ ਲਈ ਸੰਘਰਸ਼ ਸ਼ੁਰੂ ਕੀਤਾ ਸੀ ਕਿਉਂ ਕਿ ਮਜਦੂਰਾਂ ਨੂੰ ਦੋ-ਦੋ, ਤਿੰਨ-ਤਿੰਨ ਮਹੀਨੇ ਤਨਖਾਹ ਦੇਰੀ ਨਾਲ਼ ਦਿੱਤੀ ਜਾ ਰਹੀ ਸੀ। ਇਸ ਸੰਘਰਸ਼ ਦੀ ਬਦੌਲਤ ਹੁਣ ਹਰ ਮਹੀਨੇ ਤਨਖਾਹ 7 ਤੋਂ 10 ਤਰੀਕ ਵਿਚਕਾਰ ਅਤੇ ਅਡਵਾਂਸ 25 ਤਰੀਕ ਦੇ ਕਰੀਬ ਮਿਲ ਜਾਂਦਾ ਹੈ। ਕੰਪਨੀ ਮਾਲਕ ਡੇਢ ਸਾਲ ਤੋਂ ਮਜਦੂਰਾਂ ਦੀ ਤਨਖਾਹ ’ਚੋਂ ਈ.ਪੀ.ਐਫ. ਦਾ ਪੈਸਾ ਤਾਂ ਕੱਟ ਰਿਹਾ ਸੀ ਪਰ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਨਾ ਕਰਵਾ ਕੇ ਆਪਣੇ ਕੋਲ ਹੀ ਦੱਬ ਕੇ ਰੱਖ ਰਿਹਾ ਸੀ। ਮਜਦੂਰਾਂ ਦੇ ਏਕੇ ਨੇ ਉਸਨੂੰ ਮਜਦੂਰਾਂ ਅਤੇ ਮਾਲਕ ਦੋਵੇਂ ਹਿੱਸਿਆਂ ਦਾ ਈਪੀਐਫ ਜਮ੍ਹਾਂ ਕਰਵਾਉਣ ਉੱਤੇ ਮਜਬੂਰ ਕਰ ਦਿੱਤਾ ਹੈ। ਈ.ਪੀ.ਐਫ. ਅਤੇ ਈ.ਐਸ.ਆਈ. ਸਹੂਲਤ ਤੋਂ ਵਾਂਝੇ ਰੱਖੇ ਗਏ ਅਨੇਕਾਂ ਮਜਦੂਰਾਂ ਨੂੰ ਇਹ ਸਹੂਲਤ ਹਾਸਲ ਹੋਈ ਹੈ। ਸੈਲਰੀ ਸਲਿੱਪ ਦੀ ਇੱਕ ਬੇਹੱਦ ਮਹੱਤਵਪੂਰਣ ਮੰਗ ਮਨਵਾਈ ਜਾ ਚੁੱਕੀ ਹੈ। ‘ਮਾਰਸ਼ਲ ਮਸ਼ੀਨਜ ਮਜਦੂਰ ਯੂਨੀਅਨ, ਪੰਜਾਬ’ ਦੇ ਨਾਂ ਹੇਠ ਯੂਨੀਅਨ ਰਜਿਸਟਰ ਕਰਵਾਈ ਗਈ ਹੈ। ਹੋਰ ਮਸਲਿਆਂ ਲਈ ਲਗਾਤਾਰ ਸੰਘਰਸ਼ ਜਾਰੀ ਹੈ। ਇਸ ਲਈ ਮਾਲਕਾਂ ਵੱਲੋਂ ਯੂਨੀਅਨ ਤੋੜਨ ਦਾ ਹਮਲਾ ਵਿੱਢਿਆ ਗਿਆ ਹੈ।
ਜੁਝਾਰੂ, ਇਮਾਨਦਾਰ ਤੇ ਸਮਝਦਾਰ ਅਗਵਾਈ ਵਿੱਚ ਇਲਾਕੇ ਵਿੱਚ ਮਜਦੂਰਾਂ ਦੀ ਯੂਨੀਅਨ ਬਣਨ ਦੀ ਹੋਈ ਇਹ ਨਵੀਂ ਸ਼ੁਰੂਆਤ ਹੋਰ ਕੰਪਨੀਆਂ ਦੇ ਮਜਦੂਰਾਂ ਲਈ ਵੀ ਪ੍ਰੇਰਣਾ ਸ੍ਰੋਤ ਹੈ। ਇਹ ਸੰਘਰਸ਼ ਹੋਰ ਮਜਦੂਰਾਂ ਦੇ ਇੱਕਮੁੱਠ ਹੋਣ, ਸੰਘਰਸ਼ ਦੇ ਰਾਹ ਪੈਣ ਦਾ ਰਾਹ ਖੋਲ੍ਹਦਾ ਹੈ। ਇਸ ਲਈ ਮਾਲਕਾਂ ਦਾ ਜੋਰ ਇਸ ਯੂਨੀਅਨ ਨੂੰ ਤੋੜਨ ਵਿੱਚ ਲੱਗਾ ਹੋਇਆ ਹੈ। ਉਹਨਾਂ ਕੋਲ ਪੈਸਾ ਹੈ, ਮਹਿੰਗੇ ਵਕੀਲ ਹਨ, ਸਰਕਾਰੀ ਤਾਕਤ ਹੈ ਪਰ ਸਾਡਾ ਸਾਰਿਆਂ ਦਾ – ਮਜਦੂਰਾਂ, ਕਿਰਤੀਆਂ ਤੇ ਹੋਰ ਇਨਸਾਫ ਪਸੰਦ ਲੋਕਾਂ ਦਾ ਜੁਝਾਰੂ ਏਕਾ ਲੋਟੂ ਟੋਲੇ ਨੂੰ ਝੁਕਾ ਕੇ ਰਹੇਗਾ। ਆਓ, ਮਾਰਸ਼ਲ ਮਸ਼ੀਨਜ ਦੇ ਮਜਦੂਰਾਂ ਦਾ ਡੱਟ ਕੇ ਸਾਥ ਦਈਏ!