ਮੈਕਸਿਮ ਗੋਰਕੀ ਦਾ ਨਾਵਲ : ‘ਤਿੰਨ ਜਣੇ’ (ਪੁਸਤਕ ਜਾਣ-ਪਛਾਣ)

ਵਿਦੇਸ਼

ਮੈਸੀਕੋ, ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਮਹਾਨ ਲੇਖਕ ਅਤੇ ਸਮਾਜਵਾਦੀ ਯਥਾਰਥਵਾਦ ਦੇ ਮੋਢੀ ਵਜੋਂ ਗੋਰਕੀ ਨੂੰ ਜਾਣਿਆ ਜਾਂਦਾ ਹੈ। ਮੈਕਸਿਮ ਗੋਰਕੀ (1869-1936) ਸਾਹਿਤ ਵਿੱਚ ਉਹ ਪਹਿਲੇ ਲੇਖਕ ਸਨ, ਜਿਨ੍ਹਾਂ ਨੇ ਸਾਫ ਤੌਰ ’ਤੇ ਮਜਦੂਰ ਜਮਾਤ ਦੀ ਯੁੱਗ ਪਲਟਾਊ ਤਾਕਤ ਨੂੰ ਪਹਿਚਾਣਿਆ, ਉਸਦੇ ਅੰਦਰ ਲੁਕੇ ਹੋਏ ਮਨੁੱਖਤਾ ਦੇ ਰੌਸ਼ਨ ਭਵਿੱਖ ਨੂੰ ਦੇਖਿਆ। ਮਨੁੱਖਤਾ ਅਤੇ ਜਿੰਦਗੀ ਪ੍ਰਤੀ ਉਸਦੇ ਪਿਆਰ ਵਿੱਚ, ਉਸਦੀ ਲੇਖਣੀ ਡੁੱਬੀ ਹੋਈ ਹੈ। ਕਿਰਤੀਆਂ ਦੀ ਜਿੰਦਗੀ, ਉਹਨਾਂ ਦੇ ਪਿਆਰ, ਉਹਨਾਂ ਦੀ ਨਫਰਤ ਆਦਿ ਨੂੰ ਗੋਰਕੀ ਨੇ ਸਾਹਿਤ ਦੇ ਪੰਨਿਆਂ ਉੱਤੇ ਉਤਾਰਿਆ। ਗੋਰਕੀ ਦਾ ਬਚਪਨ ਤੋਂ ਹੀ ਦੱਬੀ ਕੁਚਲੀ ਮਜਦੂਰ ਜਮਾਤ ਨਾਲ਼ ਸੰਪਰਕ ਰਿਹਾ ਹੈ। ਉਹ ਇੱਕ ਮਜਦੂਰ ਦੇ ਰੂਪ ਵਿੱਚ ਵੱਡੇ ਹੋਏ ਅਤੇ ਘਰ ਦੇ ਕੰਮ ਤੋਂ ਲੈ ਕੇ ਬੇਕਰੀ, ਕਾਰਖਾਨਿਆਂ, ਜਹਾਜਾਂ ਅਤੇ ਖੇਤਾਂ ਆਦਿ ਵਿੱਚ ਕਈ ਤਰ੍ਹਾਂ ਦੇ ਕੰਮ ਕੀਤੇ ਹਨ। ਇਹ ਤਜਰਬੇ ਉਹਨਾਂ ਦੀਆਂ ਸਾਹਿਤਕ ਕਿਰਤਾਂ ਦਾ ਅਧਾਰ ਬਣੇ। ਉਹਨਾਂ ਨੇ ਸਾਹਿਤਕ ਸਿਰਜਣਾ ਵਿੱਚ ਰੂਸੀ ਜੀਵਨ ਦੀ ਸੱਚਾਈ ਦਾ ਯਥਾਰਥਵਾਦੀ ਚਿੱਤਰਣ ਕਿਸੇ ਵਿਅਕਤੀ ਦੇ ਰੂਪ ਵਿੱਚ ਨਹੀਂ ਕੀਤਾ ਸਗੋਂ ਉਨ੍ਹਾਂ ਹਾਲਤਾਂ ਨੂੰ ਬਦਲਣ ਲਈ ਇੱਕ ਪ੍ਰੇਰਨਾ ਸਰੋਤ ਵਜੋਂ ਕੀਤਾ ਹੈ।

ਗੋਰਕੀ ਦੇ ਇਸ ਨਾਵਲ ਵਿੱਚ ਵੀ ਕੇਂਦਰੀ ਸਥਾਨ ਮਜਦੂਰਾਂ ਦੀ ਜਿੰਦਗੀ ਹੀ ਹੈ। ਇਹ ਨਾਵਲ ਲੱਗਭੱਗ 400 ਪੰਨਿਆਂ ਦਾ ਹੈ ਅਤੇ ਪੰਜਾਬੀ, ਹਿੰਦੀ, ਅੰਗਰੇਜੀ ਭਾਸ਼ਾਵਾਂ ਵਿੱਚ ਮਿਲ਼ ਜਾਂਦਾ ਹੈ। ਨਾਵਲ ਦੀ ਇਹ ਜਾਣ-ਪਛਾਣ ਰਾਦੂਗਾ ਪ੍ਰਕਾਸ਼ਨ ਮਾਸਕੋ ਦੇ ਹਿੰਦੀ ਨਾਵਲ ‘ਵੇ ਤੀਨ’ ਨੂੰ ਪੜ੍ਹ ਕੇ ਲਿਖੀ ਗਈ ਹੈ। ਨਾਵਲ ‘ਤਿੰਨ ਜਣੇ’ ਵਿੱਚ ਸ਼ਹਿਰ ’ਚ ਰਹਿੰਦੇ ਮਜਦੂਰਾਂ ਦੀ ਹਾਲਤ, ਬੱਚਿਆਂ ਦਾ ਬਚਪਨ ਕਿੰਨੇ ਮਾੜੇ ਹਾਲਤਾਂ ਵਿੱਚੋਂ ਗੁਜਰਦਾ ਹੈ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਇਹ ਨਾਵਲ ਤਿੰਨ ਪਾਤਰਾਂ ਦੇ ਆਲ਼ੇ ਦੁਆਲ਼ੇ ਘੁੰਮਦਾ ਹੈ। ਜਿਹੜੇ ਇੱਕੋ ਥਾਂ ਉੱਤੇ ਵੱਡੇ ਹੋਏ ਹਨ।

ਇਸਦੇ ਤਿੰਨ ਪਾਤਰਾਂ ਇਲਿਆ ਲੁਨੋਵ, ਯਾਕੋਵ ਫਿਲਮਨੋਵ ਅਤੇ ਪਾਵੇਲ ਗ੍ਰਾਚੋਵ ਹਨ। ਜਿਹਨਾਂ ਨੂੰ ਗੋਰਕੀ ਨੇ ਸ਼ਹਿਰੀ ਦੌੜ ਭੱਜ ਵਾਲ਼ੀ, ਲੁੱਟ-ਦਾਬੇ ਵਾਲ਼ੀ ਜਿੰਦਗੀ ਵਿੱਚ ਬਚਪਨ ਤੋਂ ਜਵਾਨੀ ਤੱਕ ਦੇ ਸਮਾਂ ਕਾਲ ਵਿੱਚ ਚਿੱਤਰਿਆ ਹੈ। ਇੱਕੋ ਬਸਤੀ ਵਿੱਚ ਇਹ ਤਿੰਨ ਬੱਚੇ, ਅਲੱਗ-ਅਲੱਗ ਪਰਿਵਾਰਾਂ ’ਚੋਂ ਇਕੱਠੇ ਹੁੰਦੇ ਹਨ। ਪਰ ਜਿੰਦਗੀ ਦੀਆਂ ਘਟਨਾਵਾਂ ਇਹਨਾਂ ਨੂੰ ਤਿੰਨ ਵੱਖਰੇ ਰਾਹਾਂ ’ਤੇ ਲੈ ਜਾਂਦੀਆਂ ਹਨ। ਲੁੱਟ ਭਰੇ ਸਮਾਜ ਵਿੱਚ, ਹੱਢ ਭੰਨਵੀਂ ਮਿਹਨਤ, ਪਸ਼ੂਆਂ ਵਰਗਾ ਜੀਵਨ ਮਜਦੂਰਾਂ ਨੂੰ ਕਿਵੇਂ ਮਨੁੱਖੀ ਗੁਣਾ ਤੋਂ ਦੂਰ ਲੈ ਜਾਂਦਾ ਹੈ? ਮਨੁੱਖ ਕਿਹੜੇ ਹਲਾਤਾਂ ਵਿੱਚੋਂ ਲੰਘ ਕੇ ਅਣਮਨੁੱਖੀ ਹੋ ਜਾਂਦਾ ਹੈ? ਕਿਵੇਂ ਜਿੰਦਗੀ ਦੀਆਂ ਸੱਚਾਈਆਂ ਮਜਦੂਰਾਂ ਸਾਹਮਣੇ ਵੀ ਇਹ ਸਵਾਲ ਰੱਖ ਦਿੰਦੀਆਂ ਹਨ ਕਿ ਜਿੰਦਗੀ ਕੀ ਹੈ? ਮਨੁੱਖ ਕਿਉਂ ਜਿਉਂਦਾ ਹੈ? ਮਨੁੱਖ ਨੂੰ ਰੋਟੀ ਤੋਂ ਬਿਨਾਂ ਹੋਰ ਕੀ ਕੁੱਝ ਚਾਹੀਦਾ ਹੈ? ਢਿੱਡ ਭਰੇ ਲੋਕ ਭੁੱਖੇ ਲੋਕਾਂ ਨੂੰ ਕੀ ਲਿਤਾੜਦੇ ਹੀ ਰਹਿਣਗੇ? ਰੱਬ ਸੱਚਮੁੱਚ ਹੈ, ਕੀ ਉਹ ਜਿੰਦਗੀ ਦੀ ਬੇਰਹਿਮੀ ਨੂੰ ਦੇਖਦਾ ਹੈ? ਆਦਿ ਅਜਿਹੇ ਕਿੰਨੇ ਹੀ ਸਵਾਲਾਂ ਦੇ ਜਵਾਬ ਲੱਭਦੇ ਇਹ ਪਾਤਰ ਇਸ ਨਾਵਲ ਵਿੱਚ ਦਿਖਾਈ ਦਿੰਦੇ ਹਨ।

ਇਸ ਨਾਵਲ ਵਿੱਚ ਜਿਆਦਾਤਰ ਕਹਾਣੀ ਇਲਿਆ ਦੇ ਆਲ਼ੇ-ਦੁਆਲ਼ੇ ਘੁੰਮਦੀ ਹੈ। ਜੋ ਆਪਣੇ ਚਾਚੇ ਤੇਰੇਂਤੀ ਨਾਲ਼ ਸ਼ਹਿਰ ਆਉਂਦਾ ਹੈ। ਉਹ ਇੱਕ ਮਜਦੂਰ ਵਿਹੜੇ ਵਿੱਚ ਰਹਿਣ ਲੱਗਦੇ ਹਨ। ਇੱਕ ਅਜਿਹਾ ਘਰ ਜਿੱਥੇ ਕਾਫੀ ਮਜਦੂਰ ਪਰਿਵਾਰ ਵਸੇ ਹੋਏ ਹਨ, ਜਿੱਥੇ ਸ਼ਰਾਬਖਾਨਾ ਵੀ ਹੈ। ਇਲਿਆ ਦਾ ਚਾਚਾ ਉਸੇ ਸ਼ਰਾਬਖਾਨੇ ਵਿੱਚ ਭਾਂਡੇ ਮਾਜਣ ਦਾ ਕੰਮ ਸ਼ੁਰੂ ਕਰਦਾ ਹੈ। ਉਸੇ ਮਜਦੂਰ ਵਿਹੜੇ ਵਿੱਚ ਇੱਕ ਬਜੁਰਗ ਰਹਿੰਦਾ ਹੈ ਜਿਸ ਨੂੰ “ਦਾਦਾ ਯੇਰਮਈ” ਕਹਿੰਦੇ ਹਨ, ਜੋ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਹੈ, ਰੱਬ ਨੂੰ ਮੰਨਦਾ ਹੈ, ਰਾਤ ਨੂੰ ਬੱਚਿਆਂ ਨੂੰ ਕਹਾਣੀਆਂ ਸੁਣਾਉਂਦਾ ਹੈ। ਉੱਥੇ ਹੀ ਇਲਿਆ ਦੀ ਮੁਲਾਕਾਤ ਯਾਕੋਵ ਨਾਲ਼ ਹੁੰਦੀ ਹੈ, ਜੋ ਉਸ ਦੇ ਹਾਣ ਦਾ ਹੈ, ਪਰ ਹੈ ਘਰ ਦੇ ਮਾਲਕ ਦਾ ਪੁੱਤ। ਯਾਕੋਵ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ, ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਨ ਦਾ ਵਲਵਲਾ ਵੀ ਹੈ। ਕਹਿਣ ਨੂੰ ਮਾਲਕ ਦਾ ਪੁੱਤ ਪਰ ਉਸ ਦੀਆਂ ਰੁਚੀਆਂ ਵੱਖਰੀਆਂ ਹਨ। ਉਸ ਨੂੰ ਸ਼ਰਾਬਖਾਨਾ ਨਹੀਂ ਪਸੰਦ, ਉਸ ਨੂੰ ਆਪਣਾ ਪਿਓ ਵੀ ਨਹੀਂ ਪਸੰਦ, ਉਹ ਆਪਣੇ ਘਰੋਂ ਚੋਰੀ ਕਰ ਕੇ ਗਰੀਬ ਮਾਸ਼ਾ ਦੀ ਮਦਦ ਕਰਦਾ ਹੈ। ਜਿੰਦਗੀ ਦੇ ਆਖਰੀ ਸਾਹ ਤੱਕ ਯਾਕੋਵ ਨੂੰ ਕਮਜੋਰ, ਸੁੱਕੀ ਜਿਹੀ ਕੁੜੀ ਮਾਸ਼ਾ ਜੋ ਦਰਿੰਦੇ ਨੂੰ ਵੇਚ ਦਿੱਤੀ ਜਾਂਦੀ ਹੈ ਦਾ ਫਿਕਰ ਸਤਾਉਂਦਾ ਹੈ। ਯਾਕੋਵ, ਇਲਿਆ ਦਾ ਚੰਗਾ ਦੋਸਤ ਬਣਦਾ ਹੈ।

ਇਲਿਆ, ਮਜਦੂਰ ਵਿਹੜੇ ਤੋਂ ਬਾਹਰ ਦੀ ਜਿੰਦਗੀ, ਦਾਦਾ ਯੇਰਮਈ ਨਾਲ਼ ਸ਼ੁਰੂ ਕਰਦਾ ਹੈ। ਇਲਿਆ ਦੇ ਪੜ੍ਹਨ ਦਾ ਭਾਰ ਦਾਦਾ ਆਪਣੇ ਸਿਰ ’ਤੇ ਲੈਂਦਾ ਹੈ। ਇਲਿਆ ਕਬਾੜ ਚੁਗਣ ਨਾਲ਼ ਜਾਂਦਾ ਹੈ ਅਤੇ ਸਕੂਲ ਵੀ ਪੜ੍ਹਨ ਲੱਗਦਾ ਹੈ। ਬੱਚੇ ਉਸ ਨੂੰ ਕਬਾੜੀ ਕਹਿ ਚੜਾਉਂਦੇ ਹਨ, ਕੱਪੜੇ ਦੇਖ ਮਜਾਕ ਉਡਾਉਂਦੇ ਹਨ। ਇਲਿਆ ਸਕੂਲ ਤੋਂ ਦੂਰ ਹੋ ਜਾਂਦਾ ਹੈ।

ਇਸ ਨਾਵਲ ਦਾ ਤੀਜਾ ਪਾਤਰ ਪਾਵੇਲ ਵੀ ਉਸੇ ਮਜਦੂਰ ਵਿਹੜੇ ਵਿੱਚ ਰਹਿੰਦਾ ਹੈ। ਉਸ ਦਾ ਪਿਤਾ ਲੋਹਾਰ ਹੈ। ਪਾਵੇਲ ਸਿਹਤ ਪੱਖੋਂ ਤਕੜਾ ਹੈ, ਬਾਕੀਆਂ ਨੂੰ ਕੁੱਟ ਵੀ ਦਿੰਦਾ ਹੈ ਜੋ ਕਹਿੰਦਾ ਹੈ ਉਹ ਕਰ ਦਿੰਦਾ ਹੈ। ਇਲਿਆ ਅਤੇ ਯਾਕੋਵ ਦਾ ਵਾਹ ਪਾਵੇਲ ਨਾਲ਼ ਉਸ ਸਮੇਂ ਪੈਂਦਾ ਹੈ ਜਦੋਂ ਪਾਵੇਲ ਦੀ ਮਾਂ ਦਾ ਕਤਲ ਉਸ ਦਾ ਪਿਓ ਕਰ ਦਿੰਦਾ ਹੈ। ਪਿਓ ਪੁਲਿਸ ਦੁਆਰਾ ਗਿਰਫ਼ਤਾਰ ਕਰ ਲਿਆ ਜਾਂਦਾ ਹੈ, ਪਾਵੇਲ ਇਕੱਲਾ ਰਹਿ ਜਾਂਦਾ ਹੈ। ਜਿਸ ਨੂੰ ਮੋਚੀ ਆਪਣੇ ਕੋਲ਼ ਰੱਖਦਾ ਹੈ। ਪਾਵੇਲ ਕਿਸੇ ਵੀ ਬੱਚੇ ਤੋਂ ਆਪਣੇ ਆਪ ਨੂੰ ਯਤੀਮ ਨਹੀਂ ਅਖਵਾਉਂਦਾ ਸਗੋਂ ਕਹਿੰਦਾ ਹੈ, ‘ਹੁਣ ਮੈਂ ਇਕੱਲਾ ਰਹਾਂਗਾ, ਖੂਬ ਪੜ੍ਹ ਸਭ ਤੋਂ ਵੱਧ, ਇੱਥੋਂ ਭੱਜ ਜਾਵਾਂਗਾ’! ਪਾਵੇਲ ਉੱਥੋਂ ਭੱਜ ਜਾਂਦਾ ਹੈ। ਉਹ ਸ਼ਹਿਰ ਤੋਂ ਦੂਰ, ਮਜਦੂਰ ਵਿਹੜੇ ਤੋਂ ਦੂਰ ਉਹ ਆਪਣੀ ਜਿੰਦਗੀ ਦੇ ਮਿੱਠੇ ਕੌੜੇ ਤਜਰਬੇ ਇਕੱਠੇ ਕਰਦਾ ਹੈ।

ਦੂਜੇ ਪਾਸੇ ਇਲਿਆ ਦੀ ਜਿੰਦਗੀ ਵਿੱਚ ਅਜਿਹੀ ਘਟਨਾ ਹੁੰਦੀ ਹੈ, ਜਿਸ ਕਾਰਨ ਸਾਰਿਆਂ ਲਈ ਨਫ਼ਰਤ, ਘਿ੍ਰਣਾ ਓਹਦੇ ਦਿਲ ਅੰਦਰ ਘਰ ਕਰ ਜਾਂਦੀ ਹੈ। ਪੈਸਿਆਂ ਖਾਤਰ ਉਸਦੇ ਚਾਚੇ ਅਤੇ ਯਾਕੋਵ ਦੇ ਪਿਤਾ ਵੱਲੋਂ ਦਾਦਾ ਯੇਰਮਈ ਦਾ ਕਤਲ ਜੋ ਉਸ ਨੇ ਅੱਖੀ ਦੇਖਿਆ ਉਸ ਦੇ ਮਨ ਵਿੱਚ ਡੂੰਘਾ ਅਸਰ ਛੱਡ ਕੇ ਜਾਂਦਾ ਹੈ। ‘ਹੁਣ ਉਹ ਅਲੱਗ-ਥਲੱਗ ਰਹਿਣ ਲੱਗ ਗਿਆ ਸੀ। ਉਮਰ ਨੂੰ ਦੇਖਦੇ ਹੋਏ ਜਿਆਦਾ ਗੰਭੀਰ ਹੋ ਗਿਆ ਸੀ। ਓਹਦੇ ਬੁੱਲ ਹਰ ਸਮੇਂ ਘੁੱਟੇ ਰਹਿੰਦੇ। ਉਹ ਆਪਣੇ ਤੋਂ ਵੱਡਿਆ ਉੱਪਰ ਧਿਆਨ ਨਾਲ ਨਜਰ ਰੱਖਣ ਲੱਗ ਗਿਆ ਸੀ… ਦੂਜਿਆਂ ਦੀ ਬੁਰਾਈ ਦਾ ਪਤਾ ਲਾ ਕੇ ਉਸਨੂੰ ਜਿਆਦਾ ਸੰਤੋਸ਼ ਮਿਲ਼ਦਾ… ਅਤੇ ਹੁਣ ਬੁਰਾਈ ਉਸਨੂੰ ਜਿਆਦਾ ਦਿਖਾਈ ਦਿੰਦੀ’। ਇਲਿਆ ਦਾ ਵਿਅਕਤਿਤਵ ਅਜਿਹਾ ਬਣ ਗਿਆ ਕਿ ਉਸਨੂੰ ਸਭ ਵਿੱਚ ਬੁਰਾਈਆਂ ਹੀ ਦਿਖਾਈ ਦਿੰਦੀਆਂ ਸਨ। ਜਿੰਦਗੀ ਦੇ ਘਿਣਾਉਣੇਪਣ ਖਿਲਾਫ ਨਫ਼ਰਤ ਉਸ ਦੇ ਦਿਲ ਵਿੱਚ ਵਸ ਚੁੱਕੀ ਸੀ, ਜੋ ਉਹ ਆਮ ਲੋਕਾਂ ਨੂੰ ਨਫ਼ਰਤ ਕਰਨ ਵਿੱਚ ਕੱਢ ਦਿੰਦਾ ਸੀ।

ਪਾਵੇਲ ਮੁੜ ਯਾਕੋਵ ਅਤੇ ਇਲਿਆ ਦੀ ਜਿੰਦਗੀ ਵਿੱਚ ਆਉਂਦਾ ਹੈ। ਜਿੱਥੇ ਉਹ ਦੱਸਦਾ ਹੈ ਕਿ ਮੈਂ ਕਦੇ ਸਕੂਲ ਨਹੀਂ ਗਿਆ, ਮੈਨੂੰ ਕੁੱਝ ਕੈਦੀਆਂ ਨੇ ਪੜ੍ਹਾਇਆ ਹੈ। ਪਾਵੇਲ ਉਹ ਕਹਾਣੀਆਂ ਪੜ੍ਹ ਕੇ ਆਉਂਦਾ ਹੈ ਜੋ ਅਸਲ ਜਿੰਦਗੀ ਨਾਲ ਜੁੜੀਆਂ ਹਨ। ਪਾਵੇਲ ਜਿਆਦਾ ਸਮਾਂ ਮਜਦੂਰ ਵਿਹੜੇ ਵਿੱਚ ਨਹੀਂ ਰਹਿੰਦਾ, ਉਹ ਉੱਥੋਂ ਫਿਰ ਭੱਜ ਜਾਂਦਾ ਹੈ।

ਯਾਕੋਵ ਅਤੇ ਇਲਿਆ ਵੀ ਕਿਤਾਬਾਂ ਪੜ੍ਹਦੇ ਹਨ, ਪਰ ਅਸਲ ਜਿੰਦਗੀ ਦੀ ਸੱਚਾਈ ਤੋਂ ਟੁੱਟੀਆਂ ਹੋਈਆਂ ਰੋਮਾਂਚਿਤ ਕਿਤਾਬਾਂ! ਜਿਸ ਕਾਰਨ ਯਾਕੋਵ ਹੋਲ਼ੀ-ਹੌਲ਼ੀ ਅਸਲ ਜਿੰਦਗੀ ਤੋਂ ਦੂਰ ਹੁੰਦਾ ਜਾਂਦਾ ਹੈ ਜਿਸਦਾ ਨਤੀਜਾ ਉਦਾਸੀਨਤਾ ਵਿੱਚ ਨਿੱਕਲਦਾ ਹੈ। ਉਹ ਜਿੰਦਗੀ ਤੋਂ ਡਰਨ ਲੱਗ ਪੈਂਦਾ ਹੈ। ਇਲਿਆ ਨੂੰ ਯਾਕੋਵ ਦੀਆਂ ਕਿਤਾਬਾਂ, ਕਹਾਣੀਆਂ ਜਿੰਦਗੀ ਨਾਲ਼ ਮੇਲ ਖਾਂਦੀਆਂ ਨਹੀਂ ਲੱਗਦੀਆਂ, ਕਿਉਂਕਿ 12 ਸਾਲ ਦੀ ਉਮਰੇ ਇਲਿਆ ਇੱਕ ਮਜਦੂਰ ਬਣ ਜਾਂਦਾ ਹੈ। ਪਹਿਲਾ ਕੰਮ ਉਹ ਮੱਛੀ ਦੀ ਦੁਕਾਨ ਉੱਤੇ ਕਰਦਾ ਹੈ, ਜਿੱਥੇ ਗੋਰਕੀ ਇਲਿਆ ਰਾਹੀਂ ਪਾਠਕ ਨੂੰ ਦੱਸਦਾ ਹੈ ਕਿ ਦੁਕਾਨ ਮਾਲਕ, ਵਪਾਰੀ ਕਿਹੋ ਜਿਹਾ ਹੁੰਦਾ ਹੈ। ਇਲਿਆ ਨੂੰ ਜਿਆਦਾ ਹੀ ਸੱਚ ਬੋਲਣ ਕਾਰਨ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ।

ਇਸ ਤੋਂ ਬਾਅਦ ਇਲਿਆ ਅੰਦਰ ਖੁਦ ਮਾਲਕ ਬਣਨ ਦੀ ਚਾਹਤ ਪੈਦਾ ਹੁੰਦੀ ਹੈ। ਉਹ ਫੇਰੀ ਵਾਲ਼ਾ ਬਣਦਾ ਹੈ, ਬਿਨਾ ਕਿਸੇ ਅਨੁਸ਼ਾਸਨ ਦੇ ਕੰਮ ਕਰਦਾ ਹੈ। ਉਸ ਅੰਦਰ ਆਪਣੀ ਦੁਕਾਨ ਖੋਲ੍ਹਣ ਦੀ ਭਾਵਨਾ ਹਾਵੀ ਹੁੰਦੀ ਹੈ ਉਹ ਹੋਰ ਅਮੀਰ ਬਣਨਾ ਚਹੁੰਦਾ ਹੈ। ਇਲਿਆ ਨੂੰ ਫੇਰੀ ਲਾਉਂਦੇ ਹੋਏ ਪਾਵੇਲ ਮਿਲ਼ਦਾ ਹੈ, ਜਿੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਪਾਵੇਲ ਨੇ ਬਹੁਤ ਸਾਰੇ ਕੰਮ ਕੀਤੇ ਅਤੇ ਛੱਡੇ। ਹੁਣ ਪਾਵੇਲ ਪਾਣੀ ਦੇ ਪਾਈਪ, ਟੂਟੀਆਂ ਠੀਕ ਕਰਨ ਵਾਲ਼ੀ ਇੱਕ ਦੁਕਾਨ ’ਤੇ ਕੰਮ ਕਰਦਾ ਹੈ, ਆਰਥਿਕ ਪੱਖੋਂ ਪਾਵੇਲ ਦੀ ਹਾਲਤ ਮਾੜੀ ਹੈ, ਜਿਸ ਨੂੰ ਦੇਖ ਇਲਿਆ ਨੂੰ ਆਪਣੀ ਚੰਗੀ ਹਾਲਤ ’ਤੇ ਤਸੱਲੀ ਮਿਲ਼ਦੀ ਹੈ, ਪਰ ਪਾਵੇਲ ਹਜੇ ਵੀ ਪੜ੍ਹਦਾ ਹੈ, ਕਵਿਤਾਵਾਂ ਲਿਖਦਾ ਹੈ। ਜਿਸ ’ਤੇ ਇਲਿਆ ਨੂੰ ਹੈਰਾਨੀ ਹੁੰਦੀ ਹੈ।

ਪਾਵੇਲ ਇੱਕ ਵੇਸ਼ਵਾ ਵੇਰਾ ਨੂੰ ਪਿਆਰ ਕਰਦਾ ਹੈ, ਇਲਿਆ ਨੂੰ ਵੇਰਾ ਨਾਲ਼ ਮਿਲ਼ਵਾਉਂਦਾ ਹੈ। ਉਸ ਸਮੇਂ ਇਲਿਆ ਜੋ ਹੁਣ ਤੱਕ ਦੇਖਦਾ ਆਇਆ ਸੀ ਉਸ ਦੇ ਮੁਕਾਬਲੇ ਇੱਕ ਵੱਖਰੇ ਅਹਿਸਾਸ ਨੂੰ ਅਨੁਭਵ ਕਰਦਾ ਹੈ। ਵੇਸ਼ਵਾ ਦਾ ਧੰਦਾ ਹੌਲ਼ੀ-ਹੌਲ਼ੀ ਵੇਰਾ ਨੂੰ ਖਾ ਜਾਂਦਾ ਹੈ, ਪਾਵੇਲ ਦੇ ਲੱਖ ਕੋਸ਼ਿਸ਼ ਤੋਂ ਬਾਅਦ ਵੀ ਉਹ ਇਹ ਕੰਮ ਨਹੀਂ ਛੱਡ ਪਾਉਂਦੀ। ਉਸ ਸਮੇਂ ਦੌਰਾਨ ਇੱਕ ਹੋਰ ਵੇਸ਼ਵਾ ਜੋ ਵੇਰਾ ਦੀ ਸਹੇਲੀ ਹੁੰਦੀ ਹੈ ਇਲਿਆ ਨੂੰ ਪਸੰਦ ਕਰਨ ਲੱਗਦੀ ਹੈ, ਇਲਿਆ ਉਸ ਨਾਲ਼ ਸਮਾਂ ਤਾਂ ਬਤਾਉਂਦਾ ਹੈ, ਸਰੀਰਕ ਸਬੰਧ ਵੀ ਬਣਾਉਂਦਾ ਹੈ, ਪਰ ਵੇਸ਼ਵਾ ਦੇ ਧੰਦੇ ਕਾਰਨ ਉਸਨੂੰ ਨਫਰਤ ਵੀ ਕਰਦਾ ਹੈ। ਜਦੋਂ ਇੱਕ ਬੁੱਢਾ ਵਪਾਰੀ ਇਲਿਆ ਨੂੰ ਪਿਆਰ ਕਰਨ ਵਾਲ਼ੀ ਵੇਸ਼ਵਾ ਨੂੰ ਖਰੀਦ ਲੈਂਦਾ ਹੈ, ਇਲਿਆ ਨੂੰ ਘਿ੍ਰਣਾ ਦਾ ਝੱਲ ਉੱਠਦਾ ਹੈ। ਘਟਨਾਵਾਂ ਦਾ ਅਜਿਹਾ ਚੱਕਰ ਚੱਲਦਾ ਹੈ ਕਿ ਇਲਿਆ ਈਰਖਾ, ਨਫ਼ਰਤ, ਘਿ੍ਰਣਾ ਦੇ ਵੱਸ ਹੋਇਆ ਉਹ ਬੁੱਢੇ ਵਪਾਰੀ ਦਾ ਕਤਲ ਕਰ ਦਿੰਦਾ ਹੈ ਅਤੇ ਉਸ ਦੀ ਦੁਕਾਨ ਤੋਂ ਪੈਸੇ ਵੀ ਚੋਰੀ ਕਰਦਾ ਹੈ। ਇਸ ਤੋਂ ਬਾਅਦ ਉਹ ਮਜਦੂਰ ਵਿਹੜਾ ਛੱਡ ਮੱਧਵਰਗੀ ਪਰਿਵਾਰ ਨਾਲ਼ ਰਹਿਣ ਲੱਗ ਜਾਂਦਾ ਹੈ, ਜੋ ਉਸਨੂੰ ਲੱਗਦਾ ਹੈ ਕਿ ਕਿੰਨੀ ਸਾਫ ਸੁਥਰੀ ਜਿੰਦਗੀ ਜਿਉਂਦੇ ਹਨ ਪਰ ਉਹਨਾਂ ਦੀ ਜਿੰਦਗੀ ਦਾ ਹਿੱਸਾ ਬਣ ਕੇ ਪਤਾ ਲੱਗਦਾ ਹੈ ਕਿ ਉਹ ਕਿਵੇਂ ਆਤਮਕ ਗੰਦ ਵਿੱਚ ਲਿੱਬੜੇ ਹੋਏ ਨੇ! ਮੱਧ ਵਰਗੀ ਸਾਫ ਸੁਥਰੀ ਔਰਤ ਨਾਲ਼ੋਂ ਉਸਨੂੰ ਵੇਸ਼ਵਾ ਜੋ ਉਸਨੂੰ ਪਿਆਰ ਕਰਦੀ ਸੀ ਜਿਆਦਾ ਚੰਗੀ ਸਤਿਕਾਰਯੋਗ ਲੱਗਦੀ ਹੈ। ਮੱਧਵਰਗੀ ਪਰਿਵਾਰ ਦਾ ਘਰ ਉਸ ਨੂੰ ਵੇਸ਼ਵਾ ਦੇ ਅੱਡੇ ਨਾਲ਼ੋਂ ਵੀ ਜਿਆਦਾ ਘਿਣਾਉਣਾ ਲੱਗਦਾ ਹੈ। ਇਸੇ ਦੌਰਾਨ ਉਹ ਚੋਰੀ ਦੇ ਪੈਸਿਆਂ ਨਾਲ਼ ਆਪਣੀ ਦੁਕਾਨ ਵੀ ਖੋਲ੍ਹਦਾ ਹੈ।

ਦੁਕਾਨ ਖੋਲ੍ਹ ਕੇ ਵੀ ਉਸ ਨੂੰ ਤਸੱਲੀ ਨਹੀਂ ਮਿਲਦੀ, ਉਹ ਸੁਖੀ ਨਹੀਂ ਹੁੰਦਾ। ਹਰ ਪਾਸੇ ਠੱਗੀ, ਅਪਰਾਧ, ਧੋਖਾ ਲੁੱਟ, ਲੋਕਾਂ ਦੀਆਂ ਬੁਰਾਈਆਂ ਲਈ ਘਿ੍ਰਣਾ ਉਸ ਨੂੰ ਜਿਉਂਣ ਨਹੀਂ ਦਿੰਦੀ, ਕਿਉਂਕਿ ਉਹ ਖੁਦ ਨੂੰ ਵੀ ਉਸੇ ਨਜਰ ਨਾਲ਼ ਦੇਖਦਾ ਹੈ। ਖੁਦ ਲਈ ਘਿ੍ਰਣਾ, ਇਲਿਆ ਦੀ ਰਾਤਾਂ ਦੀ ਨੀਂਦ ਉਡਾ ਦਿੰਦੀ ਹੈ!

ਦੁਕਾਨ ਦਾ ਮਾਲਕ ਬਣਨ ਤੋਂ ਬਾਅਦ ਉੱਥੇ ਇੱਕ ਮੁੰਡੇ ਨੂੰ ਦੁਕਾਨ ’ਤੇ ਨੌਕਰ ਰੱਖਦਾ ਹੈ, ਉਹ ਮੁੰਡਾ ਕਮਿਊਨਿਸਟ ਕੁੜੀ ਨੂੰ ਮਿਲ਼ਣ ਦਾ ਜਰੀਆ ਬਣਦਾ ਹੈ, ਪਰ ਗੋਰਕੀ ਆਪਣੇ ਨਾਵਲ ਵਿੱਚ ਇਲਿਆ ਦੀ ਮਾਲਕੀ ਵਾਲ਼ੀ ਹੈਸੀਅਤ ਕਾਰਨ, ਇਲਿਆ ਨੂੰ ਉਸ ਇਨਕਲਾਬੀ ਕੁੜੀ ਨਾਲ਼ ਟਕਰਾਅ ਦੇ ਤੌਰ ਉੱਤੇ ਦਿਖਾਉਂਦਾ ਹੈ। ਉਸੇ ਥਾਂ ’ਤੇ ਪਵੇਲ ਦੀ ਉਸ ਕੁੜੀ ਨਾਲ਼ ਮੁਲਾਕਾਤ, ਪਾਵੇਲ ਦੀ ਜਿੰਦਗੀ ਵਿੱਚ ਰੌਸ਼ਨੀ ਲੈ ਕੇ ਆਉਂਦੀ ਹੈ। ਪਾਵੇਲ ਮਜਦੂਰ ਦੀ ਜਿੰਦਗੀ ਜਿਉਂਦਾ ਹੈ ਅਤੇ ਇਨਕਲਾਬੀਆਂ ਨਾਲ਼ ਜਾ ਰਲ਼ਦਾ ਹੈ। ਇਸ ਨਾਵਲ ਦੇ ਆਖਰੀ ਹਿੱਸੇ ਵਿੱਚ ਪਾਵੇਲ ਦੀ ਪ੍ਰੇਮਿਕਾ ਵੇਰਾ ’ਤੇ ਮੁਕੱਦਮਾ ਚੱਲਦਾ ਹੈ। ਜਿਸ ਨੂੰ ਦੇਖਣ ਇਲਿਆ ਵੀ ਜਾਂਦਾ ਹੈ, ਉੱਥੇ ਇਲਿਆ ਦੇਖਦਾ ਹੈ, ਜੋ ਚੋਰ ਨੇ, ਠੱਗ ਨੇ, ਅਮੀਰ ਵਪਾਰੀ ਹਨ, ਕਿਵੇਂ ਜੱਜ ਬਣੇ ਹੋਏ ਹਨ, ਉਹਨਾਂ ਨੇ ਵੇਰਾ ਉੱਤੇ ਲੱਗੇ ਚੋਰੀ ਦੇ ਇਲਜਾਮਾਂ ਦਾ ਫੈਸਲਾ ਕਰਨਾ ਹੈ! ਉਸ ਅਦਾਲਤ ਵਿੱਚ ਇਲਿਆ ਨਾਲ਼ ਗੱਲ ਕਰਦੇ ਹੋਏ ਅਣਜਾਣ ਵਿਅਕਤੀ ਵੱਲੋਂ ਟਿੱਪਣੀ ਕੀਤੀ ਜਾਂਦੀ ਹੈ ਜਿਸ ’ਤੇ ਇਲਿਆ ਵੀ ਸਹਿਮਤ ਹੁੰਦਾ ਹੈ। ਉਸ ਦਾ ਇੱਕ ਅੰਸ਼-

“ਕੋਈ ਨਵੀਂ ਗੱਲ ਨਹੀਂ ਹੈ, ਕੁੱਲ ਮਿਲ਼ਾਕੇ ਦੇਖਿਆ ਜਾਵੇ ਤਾਂ ਜਿਸਨੂੰ ਸਾਡਾ ਇਨਸਾਫ ਕਿਹਾ ਜਾਂਦਾ ਹੈ, ਉਹ ਜਿਆਦਾਤਰ ਢੋਂਗ ਹੈ, ਬਿਲਕੁਲ ਢਕਵੰਜ…। ਭੁੱਖੇ ਲੋਕਾਂ ਦੇ ਕੁਕਰਮਾਂ ਦੀਆਂ ਪਰਵਿਰਤੀਆਂ ਸੁਧਾਰਨ ਦੀ ਕੋਸ਼ਿਸ਼ ਕਰਦੇ ਢਿੱਡ ਭਰੇ ਲੋਕਾਂ ਦੀ ਕੁੱਝ ਦਿਮਾਗੀ ਕਸਰਤ ਹੋ ਜਾਂਦੀ ਹੈ। ਮੈਂ ਕਾਫੀ ਸਮਾਂ ਅਦਾਲਤ ਵਿੱਚ ਰਹਿੰਦਾ ਹਾਂ। ਪਰ ਮੈਂ ਅੱਜ ਤੱਕ ਕਦੇ ਨਹੀਂ ਦੇਖਿਆ ਕਿ ਭੁੱਖਾ ਆਦਮੀ ਕਿਸੇ ਢਿੱਡ ਭਰੇ ਆਦਮੀ ਉੱਤੇ ਮੁਕੱਦਮਾ ਚਲਾਏ।”

ਮੁਕੱਦਮੇ ਦੇ ਦਿਨ ਵੇਰਾ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਂਦਾ ਹੈ। ਪਾਵੇਲ ਸਿਰ ਸੁੱਟੀ ਬੈਠਾ ਰਹਿੰਦਾ ਹੈ, ਲੁੱਟ ਕਰਨ ਵਾਲ਼ੇ “ਇਨਸਾਫ ਲਈ” ਵੇਰਾ ਨੂੰ ਗੰਦੇ-ਗੰਦੇ ਸਵਾਲ ਪੁੱਛਦੇ ਹਨ। ਇਲਿਆ ਦਾ ਅੰਦਰਲਾ ਸਬਰ ਜਵਾਬ ਦੇ ਜਾਂਦਾ ਹੈ, ਸਮਾਜ ਦੀ ਬੇਇਨਸਾਫ਼ੀ ’ਤੇ ਉਹ ਬੁਖਲਾ ਜਾਂਦਾ ਹੈ। ਸ਼ਾਮ ਨੂੰ ਮੱਧਵਰਗੀ ਪਰਿਵਾਰ ਵਿੱਚ ਜਨਮ ਦਿਨ ਦੀ ਪਾਰਟੀ ’ਤੇ ਜਾਂਦਾ ਹੈ, ਜੋ ਵੀ ਸੱਚ ਅੰਦਰ ਸਾਂਭੀ ਬੈਠਾ ਸੀ, ਉਹ ਸਭ ਬੋਲ ਦਿੰਦਾ ਹੈ, ਖੁਦ ਦੇ ਕੀਤੇ ਕਤਲ ਬਾਰੇ ਵੀ, ਪੁਲਿਸ ਆਉਂਦੀ ਹੈ ਉਸ ਨੂੰ ਫੜਦੀ ਹੈ, ਪਰ ਉਹ ਉੱਥੋਂ ਭੱਜ ਕੇ ਆਪਣੀ ਜਾਨ ਖੁਦ ਦੇ ਦਿੰਦਾ ਹੈ!

ਇਸ ਨਾਵਲ ਦਾ ਤੀਜਾ ਪਾਤਰ ਯਾਕੋਵ ਉਹ ਇਸ ਸਮਾਜ ਲਈ ਬਣਿਆ ਹੀ ਨਹੀਂ ਸੀ, ਕੋਮਲ ਦਿਲ, ਲਾਲਚ, ਈਰਖਾ ਤੋਂ ਪਰੇ ਉਹ ਖੁਦ ਲਈ ਇਸ ਸਮਾਜ ਵਿੱਚ ਕੋਈ ਥਾਂ ਨਹੀਂ ਬਣਾ ਪਾਉਂਦਾ, ਉਸ ਨੂੰ ਉਹ ਕੰਮ ਕਰਨ ਲਈ ਕਿਹਾ ਜਾਂਦਾ ਹੈ ਜੋ ਉਸ ਦਾ ਮਨ ਨਹੀਂ ਮੰਨਦਾ, ਉਹ ਸ਼ਰਾਬਖਾਨੇ ਦੇ ਗੋਲਕ ਕੋਲ਼ ਖੜ ਕੇ ਆਪਣੀ ਜਿੰਦਗੀ ਨਹੀਂ ਜਿਉਂ ਸਕਦਾ ਸੀ, ਪਰ ਉਸ ਵਿੱਚ ਬਾਗੀ ਹੋਣ ਦੀ ਵੀ ਹਿੰਮਤ ਨਹੀਂ ਹੁੰਦੀ! ਯਾਕੋਵ ਹੌਲ਼ੀ-ਹੌਲ਼ੀ ਜਿੰਦਗੀ ਤੋਂ ਕੱਟਿਆ ਜਾਂਦਾ ਹੈ ਅਤੇ ਮੌਤ ਦੀਆਂ ਹੀ ਗੱਲਾਂ ਕਰਦਾ ਰਹਿੰਦਾ ਹੈ। ਉਸ ਅੰਦਰ ਜਿਉਂਣ ਦੀ ਕੋਈ ਇੱਛਾ ਨਹੀਂ ਰਹਿੰਦੀ।

ਇਸ ਤਰਾਂ ਨਾਵਲਕਾਰ ਆਪਣੇ ਤਿੰਨ ਪਾਤਰਾਂ ਨੂੰ ਜਿੰਦਗੀ ਨਾਲ਼ ਦੋ-ਦੋ ਹੱਥ ਕਰਦੇ ਦਿਖਾਉਂਦਾ ਹੈ। ਜਿਸ ਵਿੱਚੋਂ ਇੱਕ ਪਾਤਰ ਪਾਵੇਲ ਨੂੰ ਸਹੀ ਰਸਤੇ ’ਤੇ ਪੁਹੰਚਦਾ ਦਿਖਾਉਂਦਾ ਹੈ। ਇਹ ਨਾਵਲ ਭਾਵੇਂ ਰੂਸੀ ਸਮਾਜ ਦਾ ਹੈ, ਇਸ ਨਾਵਲ ਦਾ ਸਮਾਂ ਕਾਲ ਵੀ 1900-1901 ਦਾ ਹੈ। ਪਰ ਇਸ ਨਾਵਲ ਨੂੰ ਪੜ੍ਹਦੇ ਹੋਏ ਸਿਰਫ ਤੇ ਸਿਰਫ ਮਜ਼ਦੂਰਾਂ ਦੀ ਜਿੰਦਗੀ ਕੇਂਦਰ ਵਿੱਚ ਆ ਜਾਂਦੀ ਹੈ। ਭਾਰਤ ਦੇ ਮਜਦੂਰ ਵੀ ਇਹੋ ਜਿਹੀਆ ਹਾਲਤਾਂ ਵਿੱਚੋਂ ਲੰਘ ਰਹੇ ਹਨ। ਨਾਵਲ ਵਿੱਚ ਜਿੰਨੀ ਬਾਰੀਕੀ ਨਾਲ਼ ਮਜਦੂਰਾਂ ਦੀ ਪਸ਼ੂਆਂ ਵਰਗੀ ਜਿੰਦਗੀ, ਉਸ ਜਿੰਦਗੀ ਨਾਲ਼ ਉਹਨਾਂ ਦੀ ਨਫ਼ਰਤ ਉੱਤੇ ਚਾਨਣਾ ਪਾਇਆ ਹੈ, ਉਹ ਸੋਚਣ, ਹੋਰ ਡੂੰਘਾਈ ਨਾਲ਼ ਮਹਿਸੂਸ ਕਰਨ ਤੇ ਜੋਰ ਪਾਉਂਦਾ ਹੈ ਕਿ ਮਜਦੂਰ ਜਮਾਤ ਇਸ ਜਿੱਲਣ ਵਿੱਚੋਂ ਇਨਕਲਾਬ ਰਾਹੀਂ ਹੀ ਬਾਹਰ ਨਿੱਕਲ ਸਕਦੀ ਹੈ। ਜਦੋਂ ਸਹੀ ਰਾਹ ਨਹੀਂ ਦਿਖਦਾ, ਗਲਤ ਵਿਚਾਰ, ਗਲਤ ਰਾਹ ਜਿੰਦਗੀਆਂ ਨੂੰ ਬਰਬਾਦ ਕਰ ਦਿੰਦੇ ਹਨ, ਜਿਵੇਂ ਇਲਿਆ ਦੀ ਜਿੰਦਗੀ ਤਬਾਹ ਹੋਈ। ਆਓ ਇਸ ਨਾਵਲ ਨੂੰ ਪੜ੍ਹਦੇ ਹੋਏ ਮਜਦੂਰ ਵਿਹੜੇ ਵੱਲ ਚੱਲੀਏ, ਮਜਦੂਰਾਂ ਦੀ ਜਿੰਦਗੀ ਦੇਖੀਏ, ਇਨਕਲਾਬ ਕਿਉਂ ਜਰੂਰੀ ਹੈ ਇਸ ਬਾਰੇ ਸੋਚੀਏ।

ਰਵਿੰਦਰ ਕੌਰ

Leave a Reply

Your email address will not be published. Required fields are marked *