ਹੁਣ ਤਰਜਮਾਨੀ ਕੀਤੀ ਕਾਮਰੇਡ ਹਰਭਗਵਾਨ ਭੀਖੀ ਨੇ
ਉੜੀਸਾ, ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)– ਕਾਮਰੇਡ ਨਾਗਭੂਸ਼ਨ ਪਟਨਾਇਕ ਦੀ ਸਖਸ਼ੀਅਤ ਬਹੁਦਿਸ਼ਾਵੀ ਸੀ।ਉਹ ਇਕ ਸਿਆਸੀ ਆਗੂ ਸਨ ,ਇਕ ਚਿੰਤਕ ਇਕ ਕਵੀ ਸਨ ।ਸਭ ਕੁਝ ਜਿਵੇਂ ਇਕ ਹੀ ਸਖਸ਼ ਵਿਚ ਸਮਾ ਗਿਆ ਹੋਵੇ।ਉਹ ਉਨ੍ਹਾਂ ਦੁਰਲਭ ਯੋਧਿਆਂ ਵਿਚੋਂ ਸਨ ਜੋ ਜਿਉਂਦੇ ਜੀਅ ਹੀ ਦੰਦ ਕਥਾਵਾਂ ਦੇ ਨਾਇਕ ਬਣ ਜਾਂਦੇ ਹਨ। ਆਪਣੇ ਸਮੁੱਚੇ ਜੀਵਨ ਵਿੱਚ ਉਹ ਉਸ ਇਨਕਲਾਬੀ ਧਾਰਾ ਦੇ ਸਿਰਮੌਰ ਆਗੂ ਰਹੇ ਜਿਸ ਨੂੰ ਅਕਸਰ ਹੀ ਖੱਬੇ ਪੱਖੀ ਅਤਵਾਦੀ ਧਾਰਾ ਕਰਾਰ ਦਿੱਤਾ ਜਾਂਦਾ ਹੈ ਜਾਣੀ ਨਕਸਲਬਾੜੀ ।ਕੱਟੜ ਇਨਕਲਾਬੀ ਤੇ ਮਾਰਕਸਵਾਦੀ ਕਾਮਰੇਡ ਨਾਗਭੂਸ਼ਨ ਪਟਨਾਇਕ ਅਕਸਰ ਹੀ ਕਿਹਾ ਕਰਦੇ ਸਨ ਕਿ ਉਹ ਆਪਣੀ ਪਾਰਟੀ ਦੇ ਅਨੁਸ਼ਾਸਤ ਸਿਪਾਹੀ ਹਨ।ਪਰ ਇਸ ਦੇ ਬਾਵਜੂਦ ਜਮਹੂਰੀ ਤੇ ਦੇਸ਼ ਭਗਤ ਤਾਕਤਾਂ ਦੇ ਨਾਲ ਉਨਾ ਦੇ ਬੜੇ ਨਿੱਘੇ ਤੇ ਨੇੜਲੇ ਸਬੰਧ ਸਨ। ਉਨ੍ਹਾਂ ਦੀ ਮਿਸਾਲੀ ਕੁਰਬਾਨੀ ਤੇ ਇਨਕਲਾਬੀ ਸੰਘਰਸ਼ਾਂ ਦੀਆਂ ਵੀਰ ਕਥਾਵਾਂ ਨੇ ਪ੍ਰਗਤੀਸ਼ੀਲ ਤੇ ਬੁੱਧੀਜੀਵੀਆਂ ਦੇ ਵੱਡੇ ਹਿੱਸੇ ਵਿੱਚ ਉਨਾਂ ਨੂੰ ਬੇਹੱਦ ਹਰਮਨ ਪਿਆਰਾ ਬਣਾ ਦਿੱਤਾ ਸੀ।ਉਨ੍ਹਾਂ ਦੀ ਰਿਹਾਈ ਦੀ ਮੰਗ ਐਮਰਜੈਂਸੀ ਤੋਂ ਬਾਅਦ ਮਨੁੱਖੀ ਅਧਿਕਾਰ ਅੰਦੋਲਨਾਂ ਦੀ ਕੇਂਦਰੀ ਮੰਗ ਬਣ ਗਈ ਸੀ ਅਤੇ ਨਾਗਭੂਸ਼ਨ ਜਮਹੂਰੀ ਸ਼ਕਤੀਆਂ ਦੇ ਦਿਲੋ ਦਿਮਾਗ ਤੇ ਗਹਿਰਾਈ ਤਕ ਸਮਾ ਗਏ ਸਨ
ਕਾਮਰੇਡ ਨਾਗਭੂਸ਼ਨ ਸੀ ਪੀ ਆਈ ਐੱਮ ਐੱਲ ਦੀ ਪਹਿਲੀ ਕੇਂਦਰੀ ਕਮੇਟੀ ਦੇ ਚੰਦ ਕੁ ਮੈਂਬਰਾਂ ਵਿਚੋਂ ਸਨ ਜਿਨ੍ਹਾਂ ਦਾ ਪਾਰਟੀ ਵਿਚਲੀ ਕਿਸੇ ਫੁੱਟ ਨਾਲ ਰਤਾ ਵੀ ਭੂਮਿਕਾ ਨਹੀਂ ਸੀ।ਉਹ ਸਦਾ ਪਾਰਟੀ ਏਕਤਾ ਲਈ ਪ੍ਰਤੀਬੱਧ ਰਹੇ ।ਪਾਰਟੀ ਏਕਤਾ ਤੇ ਦਿਲੀ ਚਾਹਨਾ ਅਤੇ ਪੇਂਡੂ ਗਰੀਬਾਂ ਦੇ ਜੁਝਾਰੂ ਇਨਕਲਾਬੀ ਅੰਦੋਲਨਾਂ ਪ੍ਰਤੀ ਉਨ੍ਹਾਂ ਦੀ ਖਿੱਚ ਦਾ ਨਤੀਜਾ ਸੀ ਕਿ 1982 ਵਿਚ ਆਪਣੀ ਰਿਹਾਈ ਮਗਰੋਂ ਉਹ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਕਰੀਬ ਆਏ ਅਤੇ ਲਹਿਰ ਦੇ ਮੋਢੀ ਤੇ ਸਤਿਕਾਰਤ ਆਗੂ ਹੋਣ ਦੇ ਬਾਵਜੂਦ ਉਨ੍ਹਾਂ ਬਗੈਰ ਕਿਸੇ ਹਿਚਕ ਦੇ ਪਾਰਟੀ ਦੀ ਨਵੀਂ ਲੀਡਰਸ਼ਿਪ ਨੂੰ ਪਰਵਾਨ ਕੀਤਾ । ਮਨੁੱਖੀ ਸਮਾਜ ਵਿਚਲੇ ਲੋਹ ਪੁਰਸ਼ਾਂ ਬਾਰੇ ਮੈਂ ਕਿਤਾਬਾਂ ਦੇ ਵਿਚ ਹੀ ਪੜਿਆ ਸੀ ਲੇਕਿਨ ਅਜਿਹੇ ਕਿਸੇ ਇਨਸਾਨ ਨੂੰ ਜੇਕਰ ਕਦੇ ਮੈਂ ਆਪਣੀਆਂ ਅੱਖਾਂ ਨਾਲ ਤੱਕਿਆ ਉਹ ਨਾਗਭੂਸ਼ਨ ਪਟਨਾਇਕ ਹੀ ਸਨ ਹੋਰ ਕੋਈ ਨਹੀਂ ।