ਬਾਜਵਾ ਨੇ ਕਿਸਾਨਾਂ ‘ਤੇ ਝੂਠੇ ਕੇਸ ਦਰਜ ਕਰਨ ਲਈ ‘ਆਪ’ ਦੀ ਤਿੱਖੀ ਆਲੋਚਨਾ ਕੀਤੀ

ਪੰਜਾਬ

‘ਆਪ’ ਸਰਕਾਰ ਆਪਣੀ ਤਾਨਾਸ਼ਾਹੀ ਪੁਲਿਸ ਦੀ ਮਦਦ ਨਾਲ ਅਸਹਿਮਤੀ ਦੀਆਂ ਆਵਾਜ਼ਾਂ ਦਾ ਗਲ਼ਾ ਘੁੱਟਣ ‘ਤੇ ਤੁਲੀ ਹੋਈ ਹੈ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ 24 ਅਗਸਤ (ਸਰਬਜੀਤ ਸਿੰਘ)–ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ‘ਤੇ ਝੂਠੇ ਕੇਸ ਦਰਜ ਕਰਨ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ‘ਆਪ’ ਸਰਕਾਰ ਅਧੀਨ ਪੰਜਾਬ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਅੱਤਿਆਚਾਰ ਕੀਤੀ ਅਤੇ ਹੁਣ ਪੁਲਿਸ ਜਾਅਲੀ ਕੇਸਾਂ ਨਾਲ ਕਿਸਾਨਾਂ ਨੂੰ ਤੰਗ ਕਰ ਰਹੀ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁਲਿਸ ਨੇ ਪੁਲਿਸ ਲਾਠੀਚਾਰਜ ਤੋਂ ਬਾਅਦ 53 ਕਿਸਾਨਾਂ ਵਿਰੁੱਧ ਆਈਪੀਸੀ ਦੀ ਧਾਰਾ 307, 323, 353, 186, 148 ਅਤੇ 149 ਤਹਿਤ ਝੂਠੇ ਕੇਸ ਦਰਜ ਕੀਤੇ ਹਨ। ਇਹ ਬਹੁਤ ਹੀ ਨਿੰਦਣਯੋਗ ਹੈ।

ਕੀ ਅਸੀਂ ਲੋਕਤੰਤਰੀ ਦੇਸ਼ ਵਿੱਚ ਰਹਿ ਰਹੇ ਹਾਂ? ‘ਆਪ’ ਦੀ ਜ਼ਾਲਮ ਹਕੂਮਤ ਆਪਣੀ ਤਾਨਾਸ਼ਾਹੀ ਪੁਲਿਸ ਦੀ ਮਦਦ ਨਾਲ ਅਸਹਿਮਤੀ ਦੀਆਂ ਆਵਾਜ਼ਾਂ ਦਾ ਗਲ਼ਾ ਘੁੱਟਣ ‘ਤੇ ਤੁਲੀ ਹੋਈ ਹੈ। ਬੇਕਸੂਰ ਕਿਸਾਨਾਂ ‘ਤੇ ਮੁਕੱਦਮਾ ਦਰਜ ਕਰਨ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ‘ਤੇ ਕਿਸਾਨ ਪ੍ਰੀਤਮ ਸਿੰਘ ਦੇ ਬੇਰਹਿਮੀ ਨਾਲ ਕਤਲ ਲਈ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਕਾਨੂੰਨੀ ਨਤੀਜੇ ਭੁਗਤਣੇ ਚਾਹੀਦੇ ਹਨ।

ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਕਿਸਾਨਾਂ ਨੂੰ ਬੇਇੱਜ਼ਤ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਹਦਾਇਤਾਂ ਦੀ ਪਾਲਨਾ ਕਰਦਿਆਂ ਪੁਲਿਸ ਨੇ ਸਿੱਖ ਕਿਸਾਨਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਅਤੇ ਉਨ੍ਹਾਂ ਨੂੰ ਵਾਲਾਂ ਤੋਂ ਖਿੱਚ ਲਿਆ ਗਿਆ। ਪ੍ਰਦਰਸ਼ਨਕਾਰੀ ਮਹਿਲਾ ਕਿਸਾਨਾਂ ਨਾਲ ਪੁਰਸ਼ ਪੁਲਿਸ ਕਰਮਚਾਰੀਆਂ ਨੇ ਕੁੱਟਮਾਰ ਕੀਤੀ।

ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਦੀ ਜਲਦੀ ਅਦਾਇਗੀ ਦੀ ਮੰਗ ‘ਤੇ ਕਿਸਾਨ ਯੂਨੀਅਨਾਂ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਕਿਸਾਨ ਯੂਨੀਅਨਾਂ ਨਾਲ ਇਕਜੁੱਟ ਹੋ ਕੇ ਖੜੀ ਰਹੇਗੀ ਜਿਵੇਂ ਕਿ ਉਸ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੀਤਾ ਸੀ। ਪੰਜਾਬ ਕਾਂਗਰਸ ਪੁਲਿਸ ਵੱਲੋਂ ਕਤਲ ਕੀਤੇ ਗਏ ਪ੍ਰੀਤਮ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਦੁਸ਼ਟਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪੰਜਾਬ ਦੇ ਲੋਕ ਇਸ ਜ਼ਾਲਮ ਹਕੂਮਤ ਦੀ ਹਰ ਹਰਕਤ ‘ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਉਹ 2024 ਦੀਆਂ ਲੋਕ ਸਭਾ ਚੋਣਾਂ ‘ਚ ‘ਆਪ’ ਨੂੰ ਸਬਕ ਸਿਖਾਉਣਗੇ।

Leave a Reply

Your email address will not be published. Required fields are marked *