ਮੰਡੀਆਂ ਵਿੱਚ ਹੁੰਦੀ ਖੱਜਲ ਖੁਆਰੀ ਤੋਂ ਬਚਨ ਲਈ ਝੋਨੇ ਦੀਆਂ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਕਾਸਤ ਨਾ ਕੀਤੀ ਜਾਵੇ : ਜ਼ਿਲ੍ਹਾ ਸਿਖਲਾਈ ਅਫ਼ਸਰ

ਗੁਰਦਾਸਪੁਰ

ਝੋਨੇ ਦੀ ਪਨੀਰੀ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਨਾਲ ਸੋਧਣ ਦੀ ਅਪੀਲ

ਗੁਰਦਾਸਪੁਰ, 14 ਮਈ (ਸਰਬਜੀਤ ਸਿੰਘ)–ਜ਼ਿਲ੍ਹਾ ਕਿਸਾਨ ਸਿਖਲਾਈ ਕੇਂਦਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਦੀ ਸਫਲਤਾ ਲਈ ਨਵੀਨਤਮ ਖੇਤੀ ਤਕਨੀਕਾਂ ਦਾ ਪ੍ਰਚਾਰ ਪਸਾਰ ਕਰਨ ਲਈ ਵੱਖ ਵੱਖ ਮਾਧਿਅਮਾਂ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਖੇਤੀ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ ਤਾਂ ਜੋ ਬਾਅਦ ਵਿੱਚ ਕਿਸਾਨਾਂ ਨੂੰ ਆਉਣ ਵਾਲੀਆਂ ਸੰਭਾਵਤ ਮੁਸ਼ਕਲਾਂ ਨੂੰ ਘੱਟ ਕੀਤਾ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਤੱਕ ਸਾਉਣੀ ਦੀ ਮੁੱਖ ਫਸਲ ਝੋਨੇ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਪਹੁੰਚਾਉਣ ਲਈ ਚਲਾਈ ਜਾ ਰਹੀ ਮੁਹਿੰੰਮ ਤਹਿਤ ਪਿੰਡ ਪੱਧਰ ਤੋਂ ਇਲਾਵਾ ਬਲਾਕ ਪੱਧਰ ਤੇ ਜਾਗਰੁਕ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।  

          ਉਨਾਂ ਕਿਹਾ ਕਿ ਝੋਨੇ ਦੀ ਕਾਸ਼ਤ ਵਿੱਚ ਕਿਸਮ ਅਤੇ ਤਸਦੀਕਸ਼ੁਦਾ ਬੀਜ ਦਾ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਆਮ ਕਰਕੇ ਬੀਜ ਵਿਕ੍ਰੇਤਾ ਅਤੇ ਆੜ੍ਹਤੀ ਭਰਾ ਕਿਸਾਨਾਂ ਨੂੰ ਸਬਜ਼ਬਾਗ ਦਿਖਾ ਕੇ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਮਹਿੰਗੇ ਭਾਅ ਵੇਚਦੇ ਹਨ। ਉਨਾਂ ਕਿਹਾ ਕਿ ਆਮ ਕਰਕੇ ਕਿਸਾਨਾਂ ਵਲੋਂ ਵੇਖੋ ਵੇਖੀ ਕੁਝ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਕਾਸਤ ਕਰ ਲਈ ਜਾਂਦੀ ਹੈ ਜਿਸ ਕਾਰਨ ਮੰਡੀ ਵਿੱਚ ਮੰਡੀਕਰਨ ਸਮੇਂ ਕਿਸਾਨਾਂ ਅਤੇ ਆੜਤੀਆਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਕੁਝ ਬੀਜ ਵਿਕ੍ਰੇਤਾ ਹਾੜੀ-ਸਾਉਣੀ ਤੋਂ ਪਹਿਲਾਂ ਅਖਬਾਰਾਂ, ਟੀ.ਵੀ. ਵਿੱਚ ਇਸ਼ਤਿਹਾਰ ਦੇ ਕੇ ਆਪਣੇ ਦੁਆਰਾ ਤਿਆਰ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਮਸ਼ਹੂਰੀ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਹਨ ਜਿਸ ਤੋਂ ਪ੍ਰਭਾਵਤ ਹੋ ਕੇ ਕਿਸਾਨ ਬੀਜ ਖ੍ਰੀਦ ਕੇ ਝੋਨੇ ਦੀ ਕਾਸ਼ਤ ਕਰਦੇ ਹਨ, ਜੋ ਕਈ ਵਾਰ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਸਾਬਿਤ ਹੁੰਦਾ ਹੈ। ਉਨਾਂ ਕਿਹਾ ਕਿ ਗੈਰ ਸਿਫਾਰਸ਼ਸ਼ੁਦਾ ਅਤੇ ਗੈਰ ਨੋਟੀਫਾਈਡ ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ਕਾਸਤ ਕਰਨ ਨਾਲ ਜਿਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ, ਉਥੇ ਸੈਲਰ ਉਦਯੋਗ ਨੂੰ ਭਾਰੀ ਨੁਕਸਾਨ ਹੁੰਦਾ ਹੈ।

ਇਸ ਲਈ ਪਿਛਲੇ ਸਾਲਾਂ ਦੇ ਤਜ਼ਰਬਿਆਂ ਨੂੰ ਸਾਹਮਣੇ ਰੱਖਦਿਆਂ ਗੈਰ ਨੋਟੀਫਾਈਡ ਹਾਈਬ੍ਰਿਡ ਅਤੇ ਗੈਰ ਸਿਫਾਰਸ਼ੀ ਕਿਸਮਾਂ ਦੀ ਕਾਸਤ ਨਹੀਂ ਕਰਨੀ ਚਾਹੀਦੀ। ਉਨਾਂ ਕਿਹਾ ਕਿ ਝੋਨੇ ਦੇ ਮਧਰੇਪਣ ਰੋਗ ਦਾ ਮੁਕਾਬਲਾ ਕਰਨ ਲਈ ਪੀ.ਏ.ਯੂ ਲੁਧਿਆਣਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪੀ.ਆਰ 128, 126 ਅਤੇ ਐਚ.ਕੇ.ਆਰ 47 ਕਿਸਮਾਂ ਨੂੰ ਤਰਜੀਹ ਦੇਣ ਲਈ ਕਿਹਾ ਜਾ ਰਿਹਾ ਹੈ, ਇਸ ਤੋਂ ਇਲਾਵਾ ਬਾਕੀ ਕਿਸਮਾਂ ਜਿਵੇਂ ਪੀ.ਆਰ. 131, 130, 129, 127, 124, 122 ਦੀ ਕਾਸਤ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈੈ। ਉਨਾਂ ਦੱਸਿਆ ਕਿ ਸਿਰਫ ਕੇਂਦਰ ਸਰਕਾਰ ਵੱਲੋਂ ਨੋਟੀਫਾਈਡ ਹਾਈਬ੍ਰਿਡ ਕਿਸਮਾਂ ਦੀ ਕਾਸਤ ਦੀ ਇਜ਼ਾਜ਼ਤ ਹੈ। ਉਨਾਂ ਕਿਹਾ ਕਿ ਕਿਸੇ ਗੈਰ ਲਾਇਸੰਸਧਾਰੀ ਜਾਂ ਆੜਤੀ ਤੋਂ ਬੀਜ ਖ੍ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ।ਉਨਾਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ (ਕਾਰਬੈਂਡਾਜ਼ਿਮ+ਮੈਂਕੋਜੈਬ) ਨਾਲ ਸੋਧਣ ਦੀ ਅਪੀਲ ਕੀਤੀ ਤਾਂ ਜੋ ਬਾਅਦ ਵਿੱਚ ਝੋਨੇ ਦੀ ਫਸਲ ਤੇ ਆਉਣ ਵਾਲੀ ਕਿਸੇ ਵੀ ਮੁਸ਼ਕਲ (ਬਿਮਾਰੀ) ਤੋਂ ਬਚਿਆ ਜਾ ਸਕੇ।    

Leave a Reply

Your email address will not be published. Required fields are marked *