ਬਾਸਮਤੀ ਦੇ ਪੈਰਾਂ ਦੇ ਗਲਣ ਦਾ ਰੋਗ (ਝੰਡਾ ਰੋਗ) ਦੀ ਬਿਮਾਰੀ ਤੋਂ ਬਚਣ ਲਈ ਪਨੀਰੀ ਦੀ ਬਿਜਾਈ ਇੱਕ ਜੂਨ ਤੋਂ ਬਾਅਦ ਕੀਤੀ ਜਾਵੇ- ਡਾ. ਅਮਰੀਕ ਸਿੰਘ

ਗੁਰਦਾਸਪੁਰ

ਗੁਰਦਾਸਪੁਰ 9 ਮਈ (ਸਰਬਜੀਤ ਸਿੰਘ)– ਬਾਸਮਤੀ ਦੀ ਫ਼ਸਲ ਦੇ ਉਤਪਾਦਨ ਵਿੱਚ ਪੈਰਾਂ ਦੇ ਗਲਣ ਦਾ ਰੋਗ (ਝੰਡਾ ਰੋਗ) ਦੀ ਬਿਮਾਰੀ ਬਾਸਮਤੀ ਉਤਪਾਦਕਾਂ ਲਈ ਵੱਡੀ ਸਿਰ ਦਰਦੀ ਬਣਦੀ ਜਾ ਰਹੀ ਹੈ ਕਈ ਵਾਰ ਤਾਂ ਇਹ ਸਮੱਸਿਆ ਇੰਨੀ ਵੱਡੀ ਪੱਧਰ ਤੇ ਆਉਂਦੀ ਹੈ ਕਿ ਬਾਸਮਤੀ ਦੀ ਫਸਲ ਖੇਤ ਵਿੱਚ ਹੀ ਵਾਹੁਣੀ ਪੈ ਜਾਂਦੀ ਹੈ।ਇਸ ਲਈ ਇਸ ਰੋਗ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਪਨੀਰੀ ਦੀ ਬਿਜਾਈ ਸਿਫਾਰਸ਼ ਕੀਤੇ ਸਮੇਂ ਅਨੁਸਾਰ ਹੀ ਕੀਤੀ ਜਾਵੇ।

ਮਿਆਰੀ ਬਾਸਮਤੀ ਪੈਦਾ ਕਰਨ ਦੇ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਜ਼ਿਲਾ ਸਿਖਲਾਈ ਅਫਸਰ ਨੇ ਦੱਸਿਆ ਕਿ ਕਿਸੇ ਵੀ ਸਿਹਤਮੰਦ ਫਸਲ ਦੀ ਕਾਸਤ ਲਈ ਜ਼ਰੂਰੀ ਹੈ ਕਿ ਉਸ ਫਸਲ ਦਾ ਬੀਜ ਸ਼ੁੱਧ ਅਤੇ ਉੱਚ ਮਿਆਰ ਦਾ ਹੋਵੇ ਤਾਂ ਜੋ ਬਾਅਦ ਵਿੱਚ ਆਉਣ ਵਾਲੀਆਂ ਕਿਸੇ ਵੀ ਤਰਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।ਇਸ ਲਈ ਬਾਸਮਤੀ ਦਾ ਬੀਜ ਕਿਸੇ ਭਰੋਸੇਯੋਗ ਅਦਾਰਿਆਂ ਜਿਵੇਂ ਪਨਸੀਡ,ਪੀ ਏ ਯੂ,ਇਫਕੋ,ਕਰਿਭਕੋ,ਐਨ ਐਫ ਐਲ ਜਾਂ ਲਾਇਸੰਸ਼ਧਾਰੀ ਖੇਤੀ ਸਮੱਗਰੀ ਵਿਕ੍ਰੇਤਾਵਾਂ ਤੋਂ ਹੀ ਖ੍ਰੀਦਿਆ ਜਾਵੇ।ਉਨਾਂ ਕਿਹਾ ਕਿ ਬੀਜ ਦੀ ਖਰੀਦ ਕਰਨ ਉਪਰੰਤ ਖਰੀਦ ਬਿੱਲ ਡੀਲਰ ਤੋਂ ਜ਼ਰੂਰ ਲਿਆ ਜਾਵੇ ਅਤੇ ਖਰੀਦੇ ਬੀਜ ਵਿੱਚੋਂ ਇੱਕ ਕਿਲੋ ਬੀਜ ,ਬੈਗ ਅਤੇ ਬਿੱਲ ਜ਼ਰੂਰ ਸੰਭਾਲ ਕੇ ਰੱਖ ਲੈਣਾ ਲਿਆ ਜਾਵੇ।
ਉਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਾਸਮਤੀ ਦੀਆਂ ਪੂਸਾ 1121,ਪੂਸਾ 1509,ਪੰਜਾਬ ਬਾਸਮਤੀ ਨੰ.7, ਬਾਸਮਤੀ ਨੰ 5, ਸੀ ਐਸ ਆਰ 30 ,ਪੂਸਾ 1637 ਅਤੇ ਪੂਸਾ 1718 ਕਿਸਮਾਂ ਦੀ ਕਾਸ਼ਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਆਮ ਕਰਕੇ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਦੀ ਬਿਜਾਈ ਸਮੇਂ ਹੀ ਬਾਸਮਤੀ ਦੀ ਪਨੀਰੀ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ ਅਤੇ ਲਵਾਈ ਝੋਨੇ ਦੀ ਲਵਾਈ ਤੋਂ ਬਾਅਦ ਕੀਤੀ ਜਾਂਦੀ ਹੈ,ਇਸ ਤਰਾਂ ਕਰਨ ਨਾਲ ਬਾਸਮਤੀ ਦੀ ਪਨੀਰੀ ਦੀ ਉਮਰ ਵਧ ਜਾਂਦੀ ਹੈ।ਉਨਾਂ ਕਿਹਾ ਕਿ ਬਾਸਮਤੀ ਦੀ ਫਸਲ ਵਿੱਚ ਮੁੱਢਾਂ ਦੇ ਗਲਣ ਦੇ ਰੋਗ ਦੀ ਰੋਕਥਾਮ ਲਈ ਘੱਟ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਵੱਡੀ ਉਮਰ ਦੀ ਮਨੀਰੀ ਲਾਉਣ ਵਾਲੇ ਖੇਤ ਵਿੱਚ ਪੈਰਾਂ/ਮੁੱਢਾਂ ਦੇ ਗਲਣ ਦਾ ਰੋਗ ਵਧੇਰੇ ਹਮਲਾ ਕਰਦਾ ਹੈ,ਇਸ ਤੋਂ ਇਲਾਵਾ ਵੱਡੀ ਉਮਰ ਦੀ ਪਨੀਰੀ ਨੂੰ ਗੰਢਾਂ ਪੈ ਜਾਂਦੀਆਂ ਹਨ, ਸ਼ਾਖਾਂ ਘੱਟ ਫੁੱਟਦੀਆਂ ਹਨ ਅਤੇ ਝਾੜ ਘੱਟ ਜਾਂਦਾ ਹੈ,ਇਸ ਲਈ ਬਾਸਮਤੀ ਦੀ ਪਨੀਰੀ ਦੇ ਪੌਦਿਆਂ ਵਿੱਚ 5 ਤੋਂ 6 ਪੱਤੇ ਨਿਕਲ ਆਉਣ ਜਾਂ ਬਿਜਾਈ ਤੋਂ 25-30 ਦਿਨ ਹੋਣ ਜਾਣ ਤਾਂ ਸਮਝੋ ਕਿ ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਲਈ ਤਿਆਰ ਹੋ ਗਈ ਹੈੈ।ਉਨਾਂ ਕਿਹਾ ਕਿ ਜੇਕਰ 20-25 ਦਿਨ ਦੀ ਪਨੀਰੀ ਖੇਤ ਵਿੱਚ ਲਗਾਈ ਜਾਵੇ ਤਾਂ ਹੋਰ ਵੀ ਬੇਹਤਰ ਹੋਵੇਗਾ।ਪਨੀਰੀ ਦੀ ਉਮਰ 20-30 ਦਿਨ ਦੀ ਬਰਕਰਾਰ ਰੱਖਣ ਲਈ ਪਨੀਰੀ ਬਿਜਾਈ ਬਿਆੜਿਆਂ ਵਿੱਚ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਬਾਸਮਤੀ ਪੂਸਾ 1121,ਪੰਜਾਬ ਬਾਸਮਤੀ 7,5 ,1637 ਅਤੇ 1718 ਕਿਸਮਾਂ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਅਤੇ ਲਵਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ ਕਰਨੀ ਚਾਹੀਦੀ ਹੈ।
ਉਨਾਂ ਕਿਹਾ ਕਿ ਸੀ ਐਸ ਆਰ 30,ਬਾਸਮਤੀ 386 ਅਤੇ ਪੂਸਾ ਬਾਸਮਤੀ 1509 ਕਿਸਮਾਂ ਦੀ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਅਤੇ ਲਵਾਈ ਜੁਲਾਈ ਦੇ ਦੂਜੇ ਪੰਦਰਵਾੜੇ ਦੌਰਾਨ ਕਰਨੀ ਚਾਹੀਦੀ ਹੈ ।

Leave a Reply

Your email address will not be published. Required fields are marked *