ਕੱਲ 2 ਮਈ ਤੱਕ ਸ਼ਿਵ ਬਟਾਲਵੀ ਨੂੰ ਸਮਰਪਿਤ ਕਵੀ ਤੇ ਗਾਇਨ ਪ੍ਰੋਗਰਾਮ ਵਿੱਚ ਕੋਈ ਵੀ ਵਿਦਿਆਰਥੀ/ਵਿਅਕਤੀ ਆਨਲਾਈਨ ਰਜਿਸਟਰੇਸ਼ਨ ਕਰਕੇ ਹਿੱਸਾ ਲੈ ਸਕਦਾ ਹੈ
ਕਵੀ ਦਰਬਾਰ ਵਿਚ ਨਾਮਵਾਰ ਕਵੀ ਕਰਨਗੇ ਸ਼ਿਰਕਤ-ਕਾਵਿ-ਨਾਟ ਲੂਣਾ ਦਾ ਵੀ ਹੋਵੇਗਾ ਮੰਚਨ
ਬਟਾਲਾ, ਗੁਰਦਾਸਪੁਰ 2 ਮਈ (ਸਰਬਜੀਤ ਸਿੰਘ)– ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ 6 ਮਈ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ, ਜਿਸ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਲਈ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਅਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਸ਼ਿਵ ਬਟਾਲਵੀ ਦੀ 50ਵੀਂ ਬਰਸੀ ਮੌਕੇ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ ਜੋ ਕਿ ਦੋ ਹਿੱਸਿਆਂ ਵਿੱਚ ਹੋਣਗੇ।
ਉਨਾਂ ਅੱਗੇ ਦੱਸਿਆ ਕਿ 6 ਮਈ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਪਹਿਲਾ ਸੈਸ਼ਨ ਹੋਵੇਗਾ, ਜਿਸ ਵਿੱਚ ਕਵਿਤਾ/ਗਾਇਨ ਉਚਾਰਨ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਸਕੂਲ/ਕਾਲਜ ਦੇ ਵਿਦਿਆਰਥੀਆਂ ਜਾਂ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ। ਚਾਹਵਾਨ ਵਿਅਕਤੀ ਆਨਲਾਈਨ ਆਪਣੀ ਰਜਿਸਟਰੇਸਨ ਕਰਕੇ ਪ੍ਰੋਗਰਾਮ ਹਿੱਸਾ ਲੈ ਸਕਦੇ ਹਨ, ਜਿਸਦਾ ਗੂਗਲ ਲਿੰਕ ਸੇਅਰ ਕੀਤਾ ਗਿਆ ਹੈ ਅਤੇ ਉਸ ਲਿੰਕ ਵਿੱਚ ਲੋੜੀਦੀਆਂ ਸਾਰੇ ਨਿਯਮ/ਸ਼ਰਤਾਂ ਦੱਸੀਆਂ ਗਈਆਂ ਹਨ। ਰਜਿਸ਼ਟੇਰਸ਼ਨ ਕੱਲ 2 ਮਈ ਤੱਕ ਕੀਤੀ ਜਾ ਸਕਦੀ ਹੈ। ਇਸ ਵਿੱਚ ਉਮਰ ਦੀ ਕੋਈ ਸੀਮਾ ਨਹੀਂ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਜੇਤੂ ਨੂੰ 5100 ਰੁਪਏ ਦਾ ਨਗਦ ਇਨਾਮ, ਪ੍ਰਸੰਸਾ ਪੱਤਰ ਤੇ ਸਾਰੇ ਭਾਗੀਦਾਰਾਂ ਨੂੰ ਭਾਗੀਦਾਰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ 6 ਮਈ ਨੂੰ ਸ਼ਾਮ 5:00 ਵਜੇ ਤੋਂ 8:00 ਵਜੇ ਤੱਕ ਵਿਸ਼ੇਸ਼ ਸਮਾਗਮ ਹੋਵੇਗਾ ਜਿਸ ਵਿੱਚ ਸਭ ਤੋਂ ਪਹਿਲਾਂ ਸ਼ਿਵ ਬਟਾਲਵੀ ਦੀ ਗਾਇਕੀ, ਫਿਰ ਪੰਜਾਬੀ ਜ਼ੁਬਾਨ ਦੇ ਨਾਮਵਾਰ ਕਵੀਆਂ ਦਾ ਕਵੀ ਦਰਬਾਰ ਅਤੇ ਅਖੀਰ ਵਿੱਚ ਸ਼ਿਵ ਬਟਾਲਵੀ ਦੀ ਸ਼ਾਹਕਾਰ ਰਚਨਾ ਕਾਵਿ-ਨਾਟ ਲੂਣਾ ਦਾ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਦੀ ਟੀਮ ਵੱਲੋਂ ਮੰਚਨ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਕਵਿਤਾ ਉਚਾਰਨ ਤੇ ਗਾਇਨ ਰਜਿਸਟਰਡ ਭਾਗੀਦਾਰ 4 ਮਈ 2023 ਨੂੰ ਸਵੇਰੇ 9 ਵਜੇ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ, ਜਲੰਧਰ ਰੋਡ ਬਟਾਲਾ ਵਿਖੇ ਚੋਣ ਕਮੇਟੀ ਦੇ ਸਾਹਮਣੇ ਆਪਣੀ ਰਚਨਾ ਦੀ ਚੋਣ ਹਿੱਤ ਪੇਸ਼ਕਾਰੀ ਦੇਣਗੇ।


