ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ)–ਹਰਚਰਨ ਸਿੰਘ ਪ੍ਰਹਾਰ ਲਿੱਖਦੇ ਹਨ ਕਿ ਬਹੁ ਗਿਣਤੀ ਸਮੂਹਿਕ ਸਿੱਖ ਮਾਨਸਿਕਤਾ ਨੂੰ ਹਿੰਸਾ ਬਹੁਤ ਖਿੱਚ ਪਾਉਂਦੀ ਹੈ। ਜਦੋਂ ਬਹੁ ਗਿਣਤੀ ਵਿੱਚ ਸਿੱਖਵਾਦ ਜਾਗ ਪੈਂਦਾ ਹੈ ਜਾਂ ਕੋਈ ਜਗਾ ਦਿੰਦਾ ਹੈ ਤਾਂ ਫਿਰ ਨੁਕਸਾਨ ਕਰਨ ਜਾਂ ਕਰਾਉਣ ਵਿੱਚ ਪਿੱਛੇ ਨੀ ਹੱਟਦੇ। ਆਪਣੇ ਨਿੱਜ ਲਈ ਚੰਗਾ ਕਰ ਸਕਦੇ ਹਨ, ਸਮੂਹਿਕ ਤੌਰ ਤੇ ਕਦੇ ਕੁਝ ਪ੍ਰਾਪਤ ਨਹੀਂ ਕਰ ਸਕਦੇ। ਪਰ ਜੇ ਕਿਸੇ ਨੂੰ ਇਨ੍ਹਾਂ ਦੀ ਭੀੜ ਦੀ ਸਿੱਖਵਾਦੀ ਮਾਨਸਿਕਤਾ ਨੂੰ ਵਰਤਣਾ ਆਉਂਦਾ ਹੋਵੇ ਤਾਂ ਉਹ ਜਦੋਂ ਮਰਜ਼ੀ ਫ਼ਾਇਦਾ ਲੈ ਸਕਦਾ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਦੀ ਇਸ ਕਮਜ਼ੋਰੀ ਨੂੰ ਵਰਤ ਕੇ ਆਪਣਾ ਵੱਡਾ ਪਰਿਵਾਰਕ ਰਾਜ ਕਾਇਮ ਕੀਤਾ, ਅੰਗਰੇਜ਼ਾਂ ਨੇ ਦੋ ਸੰਸਾਰ ਜੰਗਾਂ ਤੋਂ ਇਲਾਵਾ ਅਨੇਕਾਂ ਥਾਂਵਾਂ ਤੇ ਬਗਾਵਤਾਂ ਦਬਾਉਣ ਲਈ ਸਿੱਖਾਂ ਨੂੰ ਆਪਣੀਆਂ ਫ਼ੌਜਾਂ ਵਿੱਚ ਭਰਤੀ ਕਰਕੇ ਵੱਡੀ ਪੱਧਰ ਤੇ ਵਰਤਿਆ, ਭਾਰਤੀ ਸਟੇਟ ਨੇ ਵੀ ਸਿੱਖ ਬੜੇ ਬਹਾਦਰ ਦੀ ਫੂਕ ਛਕਾ ਕੇ ਫ਼ੌਜਾਂ ਵਿੱਚ ਵਰਤਿਆ।
84 ਦੇ ਦੌਰ ਵਿੱਚ ਉਸ ਵਕਤ ਦੀਆਂ ਸਰਕਾਰਾਂ ਨੇ ਖਾੜਕੂਵਾਦ ਖੜਾ ਕਰਕੇ, ਉਨ੍ਹਾਂ ਨੂੰ ਵਰਤ ਕੇ ਸਾਰੇ ਸਿੱਖਾਂ ਦਾ ਵੱਡੀ ਪੱਧਰ ਤੇ ਨੁਕਸਾਨ ਕੀਤਾ। ਸਿੱਖਾਂ ਦਾ ਸਾਰੀ ਦੁਨੀਆਂ ਵਿੱਚ ਅਕਸ ਅੱਤਵਾਦੀ ਤੇ ਵੱਖਵਾਦੀ ਬਣਾਇਆ। ਗੁਰਦੁਆਰਿਆਂ, ਪੰਜਾਬੀ ਸ਼ੋਆਂ, ਕਬੱਡੀ ਟੂਰਨਾਮੈਂਟਾਂ ਵਿੱਚ ਨਿੱਤ ਹੁੰਦੀਆਂ ਲੜਾਈਆਂ ਇਹ ਸਾਬਿਤ ਕਰਦੀਆਂ ਹਨ ਕਿ ਵਿਦੇਸ਼ਾਂ ਵਿੱਚ ਆ ਕੇ ਵੀ ਸਾਡੀ ਮਾਨਸਿਕਤਾ ਉਹੀ ਹੈ। ਪਰ ਅਸੀਂ ਗਲਤੀਆਂ ਤੋਂ ਕਦੇ ਸਬਕ ਸਿੱਖਣ ਦੀ ਥਾਂ ਸਾਰਾ ਭਾਂਡਾ ਸਰਕਾਰਾਂ ਤੇ ਏਜੰਸੀਆਂ ਸਿਰ ਭੰਨ ਕੇ ਆਪਣੇ ਆਪ ਨੂੰ ਤਸੱਲੀ ਦੇ ਲੈਂਦੇ ਹਾਂ। ਪਰ ਫਿਰ ਵੀ ਕਦੇ ਨਹੀਂ ਸੋਚਦੇ ਕਿ ਜਿਨ੍ਹਾਂ ਨੂੰ ਹੀਰੋ ਬਣਾਉਂਦੇ ਹਾਂ, ਉਨ੍ਹਾਂ ਰਾਹੀਂ ਹੀ ਏਜੰਸੀਆਂ ਅਜਿਹੇ ਕਾਰੇ ਕਰਦੀਆਂ ਹਨ।
ਮੇਰਾ ਇਹ ਮੰਨਣਾ ਹੈ ਕਿ ਸਿੱਖ ਕਦੇ ਵੀ ਕਮਿਉਨਿਟੀ ਦੇ ਤੌਰ ਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ। ਇਕੱਠੇ ਹੋ ਕੇ ਕੁਝ ਪੌਜਿਟਿਵ ਕਰਨਾ ਸਾਡੀ ਮਾਨਸਿਕਤਾ ਵਿੱਚ ਨਹੀਂ ਹੈ। ਇਕੱਠੇ ਹੋ ਕੇ ਅਸੀਂ ਸਿਰਫ ਲੜ ਸਕਦੇ ਹਾਂ, ਲੱਤਾਂ ਖਿੱਚ ਸਕਦੇ ਹਾਂ, ਉੱਥੇ ਵੀ ਕਿਸੇ ਦੀ ਲੀਡਰਸ਼ਿਪ ‘ਚ ਨਹੀਂ ਚੱਲ ਸਕਦੇ।
ਸਿੱਖ ਆਪਣੇ-ਆਪਣੇ ਤੌਰ ਤੇ ਆਪਣੇ ਪਰਿਵਾਰਾਂ ਲਈ ਜੌਬਾਂ ਜਾਂ ਬਿਜਨੈਸ ਕਰਨ ਲਈ ਸਾਰੀ ਦੁਨੀਆਂ ਵਿੱਚ ਕਾਮਯਾਬ ਹਨ। ਮਿਹਨਤ ਕਰਨ ਲਈ ਵੀ ਮਸ਼ਹੂਰ ਹਨ। ਪਰ ਜਦੋਂ ਵੀ ਰਲ਼ ਕੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਭ ਫਰੰਟਾਂ ਤੇ ਫ਼ੇਲ੍ਹ ਹੋਏ ਹਨ। ਹਿੰਸਕ ਤੇ ਜਰਾਇਮਪੇਸ਼ਾ ਲੋਕ ਹਾਵੀ ਹੋ ਕੇ ਸਾਰੀ ਕੌਮ ਨੂੰ ਬਦਨਾਮ ਕਰਦੇ ਹਨ। ਜਦੋਂ ਤੱਕ ਸਿੱਖ ਹਿੰਸਾ ਦੀ ਵਕਾਲਤ ਨਹੀਂ ਛੱਡਦੇ, ਹਥਿਆਰ ਸਾਡੇ ਪੀਰ ਹੋਣ ਦਾ ਰਾਗ ਅਲਾਪਣਾ ਬੰਦ ਨਹੀਂ ਕਰਦੇ। ਧਰਮ ਤੇ ਰਾਜਨੀਤੀ ਨੂੰ ਵੱਖ ਨਹੀਂ ਕਰਦੇ। ਹਮੇਸ਼ਾਂ ਮੁਹਿੰਮਾਂ, ਸੰਘਰਸ਼ਾਂ ਤੇ ਮੋਰਚਿਆਂ ਵਿੱਚ ਹੀ ਫਸੇ ਰਹਿਣਗੇ। ਬਹੁਤ ਸਾਰੇ ਧੜੇ ਇਸੇ ਕੰਮ ਲਈ ਏਜੰਸੀਆਂ ਨੇ ਖੜੇ ਕੀਤੇ ਹੋਏ ਹਨ, ਜੋ ਨਵੇਂ ਨਵੇਂ ਵਿਤਕਰਿਆਂ ਤੇ ਗੁਲਾਮੀ ਦੇ ਬਿਰਤਾਂਤ ਸਿਰਜਦੇ ਰਹਿੰਦੇ ਹਨ ਤੇ ਬਹੁ ਗਿਣਤੀ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਗੁੰਮਰਾਹ ਹੋ ਕੇ ਮਗਰ ਤੁਰ ਪੈਂਦੀ ਹੈ। ਉਨ੍ਹਾਂ ਦੀ ਰਾਜਨੀਤੀ ਤੇ ਆਰਥਿਕਤਾ ਇਸੇ ਆਸਰੇ ਚੱਲਦੀ ਹੈ।
ਸਾਡਾ ਸੁਝਾਅ ਹੈ ਕਿ ਸਿੱਖਾਂ ਨੇ ਜੇ ਅੱਗੇ ਵਧਣਾ ਹੈ ਤਾਂ ਹਿੰਸਾ ਤੇ ਨਫ਼ਰਤ ਦਾ ਰਾਹ ਤਿਆਗਣਾ ਪਵੇਗਾ। ਮਾਡਰਨ ਲੋਕਤੰਤਰੀ ਸਿਸਟਮ ਵਿੱਚ ਨਿੱਜੀ ਜਾਂ ਜਮਾਤੀ ਹਿੰਸਾ ਨੂੰ ਕੋਈ ਥਾਂ ਨਹੀ। ਆਪਣੇ ਹੱਕਾਂ ਦੇ ਸੰਘਰਸ਼ਾਂ ਲਈ ਲੋਕਤੰਤਰੀ ਢੰਗ ਛੱਡ ਕੇ ਹਥਿਆਰਾਂ ਦਾ ਰਾਹ ਅੱਜ ਅੱਤਵਾਦ ਗਿਣਿਆ ਜਾਂਦਾ ਹੈ, ਉਹ ਭਾਵੇਂ ਧਰਮ ਦੇ ਨਾਮ ਤੇ ਹੋਵੇ ਅਤੇ ਚਾਹੇ ਰਾਜਨੀਤੀ ਦੇ ਨਾਮ ਤੇ। ਸਰਕਾਰਾਂ ਨੂੰ ਹਥਿਆਰਬੰਦ ਲਹਿਰਾਂ ਨੂੰ ਅੱਤਵਾਦ ਜਾਂ ਵੱਖਵਾਦ ਦੇ ਨਾਮ ਤੇ ਕੁਚਲਣਾ ਬੜਾ ਸੌਖਾ ਹੈ ਤੇ ਸਭ ਜਗ੍ਹਾ ਅਜਿਹਾ ਵਾਪਰ ਰਿਹਾ ਹੈ। ਸਿੱਖਾਂ ਵਰਗੀ ਸਾਰੇ ਸੰਸਾਰ ਵਿੱਚ ਫੈਲੀ ਛੋਟੀ ਜਿਹੀ ਕਮਿਉਨਿਟੀ ਨੂੰ ਹਿੰਸਾ ਦਾ ਰਾਹ ਬਿਲਕੁਲ ਸੂਟ ਨਹੀ ਕਰਦਾ। ਸਾਨੂੰ ਸਾਂਝੀਵਾਲਤਾ, ਮਨੁੱਖੀ ਬਰਾਬਰਤਾ, ਸਮਾਜਿਕ ਨਿਆਂ ਆਦਿ ਦੇ ਰਾਹ ਤੇ ਤੁਰਨਾ ਪਵੇਗਾ ….। ਸਾਡੇ ਹਿੱਤ ਇਸ ਵਿੱਚ ਹੀ ਹਨ …..