ਆਪਣੇ ਹੱਕਾਂ ਲਈ ਸੰਘਰਸ਼ ਤੇ ਉਤਰੇ ਮਾਰਸ਼ਲ ਮਸ਼ੀਨ ਲਿਮਿਟਡ ਲੁਧਿਆਣਾ ਦੇ ਮਜ਼ਦੂਰ

ਗੁਰਦਾਸਪੁਰ

ਲੁਧਿਆਣਾ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)—ਮਾਰਸ਼ਲ ਮਸ਼ੀਨ ਲਿਮਿਟਡ, ਲੁਧਿਆਣਾ ਦੇ ਮਜਦੂਰ ਆਪਣੇ ਹੱਕਾਂ ਲਈ ਫਰਵਰੀ 2023 ਤੋਂ ਕਾਰਖਾਨਾ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਸੰਘਰਸ਼ ਕਰ ਰਹੇ ਹਨ। 7 ਤੋਂ 10 ਫਰਵਰੀ 2023 ਤੱਕ ਚੱਲੀ ਹੜਤਾਲ ਦੌਰਾਨ ਕੰਪਨੀ ਨਾਲ਼ ਹੋਇਆ ਲਿਖਤੀ ਸਮਝੌਤਾ ਤੋੜਨ ਤੋਂ ਬਾਅਦ ਮਜਦੂਰਾਂ ਨੂੰ 28 ਫਰਵਰੀ ਨੂੰ ਮੁੜ ਹੜਤਾਲ ਕਰਨੀ ਪਈ ਜੋ 10 ਮਾਰਚ ਤੱਕ ਜਾਰੀ ਰਹੀ ਜਿਸਨੇ ਇੱਕ ਵਾਰ ਫੇਰ ਮਾਲਕਾਂ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਹੈ।

ਸੀ.ਐਨ.ਸੀ. ਖਰਾਦ ਮਸ਼ੀਨਾਂ ਬਣਾਉਣ ਵਾਲ਼ੀ ਇਸ ਕੰਪਨੀ ਵੱਲੋਂ ਤਨਖਾਹ ਪਰਚੀ, ਪੱਕੀ ਹਾਜਰੀ, ਹਾਜਰੀ ਕਾਰਡ, ਨੌਕਰੀ ’ਤੇ ਰੱਖਣ ਦਾ ਸਬੂਤ, ਬੋਨਸ, ਛੁੱਟੀਆਂ ਦਾ ਪੈਸਾ, ਈ.ਐਸ.ਆਈ., ਈ.ਪੀ.ਐਫ., ਨੌਕਰੀ ਖਤਮ ਹੋਣ ’ਤੇ ਬਕਾਇਆ ਤਨਖਾਹ, ਬੋਨਸ, ਛੁੱਟੀਆਂ, ਗ੍ਰੇਚੂਇਟੀ, ਆਦਿ ਸਬੰਧੀ ਮਜਦੂਰਾਂ ਦੇ ਕਨੂੰਨੀ ਕਿਰਤ ਹੱਕ ਲਾਗੂ ਨਹੀਂ ਕੀਤੇ ਜਾ ਰਹੇ। ਪਿਛਲੇ ਪੰਜ ਸਾਲਾਂ ਤੋਂ ਤਨਖਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਕਨੂੰਨ ਮੁਤਾਬਿਕ ਮਜਦੂਰਾਂ ਨੂੰ ਮਹੀਨੇ ਦੀ 7 ਤਰੀਕ ਤੱਕ ਤਨਖਾਹ ਮਿਲ਼ਣੀ ਲਾਜਮੀ ਹੈ। ਪਰ ਕੰਪਨੀ ਮਹੀਨੇ- ਦੋ ਮਹੀਨੇ ਦੀ ਦੇਰੀ ਨਾਲ਼ ਤਨਖਾਹਾਂ ਦਿੰਦੀ ਆ ਰਹੀ ਹੈ। ਇਸ ਕੰਪਨੀ ਵੱਲੋਂ ਆਰਥਿਕ ਸੰਕਟ ਦਾ ਸਾਰਾ ਬੋਝ ਮਜਦੂਰਾਂ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜਦੋਂ ਮਸ਼ੀਨਾਂ ਦੀ ਵਿਕਰੀ ਹੋਵੇਗੀ ਉਦੋਂ ਹੀ ਤਨਖਾਹਾਂ ਦਿੱਤੀਆਂ ਜਾਣਗੀਆਂ। ਕੰਪਨੀ ਵੱਲੋਂ ਕੀਤੇ ਜਾ ਰਹੇ ਇਸ ਅਨਿਆਂ ਤੋਂ ਤੰਗ ਆ ਕੇ ਪਿਛਲੇ ਇੱਕ ਸਾਲ ਵਿੱਚ ਅਨੇਕਾਂ ਮਜਦੂਰ/ਮੁਲਾਜਮ ਅਸਤੀਫਾ ਦੇ ਗਏ ਹਨ। ਪਰ ਉਹਨਾਂ ਨੂੰ ਬਕਾਇਆ ਤਨਖਾਹ, ਗ੍ਰੇਚੂਇਟੀ, ਬੋਨਸ, ਛੁੱਟੀਆਂ, ਪ੍ਰੋਤਸਾਹਨ ਭੱਤੇ ਆਦਿ ਦੀ ਅਦਾਇਗੀ ਨਹੀਂ ਕੀਤੀ ਗਈ ਹੈ। ਇਸ ਤਰ੍ਹਾਂ ਕੰਪਨੀ ਮਾਲਕਾਂ ਵੱਲੋਂ ਮਜਦੂਰਾਂ ਨਾਲ਼ ਵੱਡੇ ਪੱਧਰ ਉੱਤੇ ਧੱਕਾ ਕੀਤਾ ਜਾ ਰਿਹਾ ਹੈ ਜਿਸ ਖਿਲਾਫ ਮਜਦੂਰਾਂ ਵਿੱਚ ਭਾਰੀ ਰੋਸ ਹੈ।

7 ਤੋਂ 10 ਫਰਵਰੀ ਦੀ ਹੜਤਾਲ ਦੇ ਦਬਾਅ ਹੇਠ ਕੰਪਨੀ ਨੇ ਲਿਖਤੀ ਸਮਝੌਤੇ ਵਿੱਚ ਮਜਦੂਰਾਂ ਨੂੰ ਵੱਖ-ਵੱਖ ਕਨੂੰਨੀ ਕਿਰਤ ਹੱਕ ਦੇਣ ਦੀ ਗੱਲ ਮੰਨੀ ਸੀ। ਸਮਝੌਤੇ ਅਨੁਸਾਰ ਮਜਦੂਰਾਂ ਨੂੰ ਹਰ ਮਹੀਨੇ ਦੀ 10 ਤਰੀਕ ਨੂੰ ਤਨਖਾਹ ਦਿੱਤੀ ਜਾਵੇਗੀ ਅਤੇ ਨਾਲ਼ ਹੀ ਤਨਖਾਹ ਪਰਚੀ ਵੀ ਦਿੱਤੀ ਜਾਵੇਗੀ। ਮਜਦੂਰਾਂ ਦੇ ਪਹਿਚਾਣ ਪੱਤਰ ਬਣਾਏ ਜਾਣਗੇ। ਜਿਹਨਾਂ ਮਜਦੂਰਾਂ ਨੂੰ ਈ.ਐਸ.ਆਈ. ਤੇ ਈ.ਪੀ.ਐਫ. ਦੀਆਂ ਸਹੂਲਤਾਂ ਨਹੀਂ ਮਿਲ਼ ਰਹੀਆਂ, ਉਹਨਾਂ ਨੂੰ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ। ਈ.ਪੀ.ਐਫ. ਅਤੇ ਈ.ਐਸ.ਆਈ. ਸਬੰਧੀ ਕਨੂੰਨ ਲਾਗੂ ਕੀਤੇ ਜਾਣਗੇ। ਪਰ ਕੰਪਨੀ ਨੇ ਜਨਵਰੀ 2023 ਦੀ ਪੂਰੀ ਤਨਖਾਹ ‘‘ਆਰਥਕ ਸੰਕਟ’’ ਕਾਰਨ ਤੁਰੰਤ ਦੇਣ ਤੋਂ ਅਸਮਰੱਥ ਹੋਣ ਦੀ ਗੱਲ ਕਹਿੰਦੇ ਹੋਏ ਲਿਖਤੀ ਤੌਰ ਉੱਤੇ ਮੰਨਿਆ ਕਿ ਇਸਦੀ ਅਦਾਇਗੀ ਤਿੰਨ ਕਿਸ਼ਤਾਂ ਵਿੱਚ ਕਰਨੀ ਸੀ। ਚਾਰ ਦਿਨਾਂ ਦੀ ਹੜਤਾਲ ਦੀਆਂ ਦੋ ਦਿਹਾੜੀਆਂ ਦੀ ਤਨਖਾਹ ਵੀ ਕੰਪਨੀ ਵੱਲੋਂ ਮਜਦੂਰਾਂ ਨੂੰ ਦਿੱਤੀ ਜਾਵੇਗੀ। ਲਿਖਤੀ ਸਮਝੌਤੇ ਅਨੁਸਾਰ ਈ.ਐਸ.ਆਈ. ਸਹੂਲਤ ਤੋਂ ਵਾਂਝੇ ਮਜਦੂਰਾਂ ਨੂੰ ਇਹ ਸਹੂਲਤ ਦਿੱਤੀ ਤਾਂ ਗਈ ਹੈ ਪਰ ਇਸ ਸਬੰਧੀ ਦਸਤਾਵੇਜਾਂ ਉੱਤੇ ਕੰਮ ਉੱਤੇ ਲੱਗਣ ਦੀਆਂ ਤਰੀਕਾਂ ਫਰਵਰੀ 2023 ਦੀਆਂ ਪਾਈਆਂ ਗਈਆਂ ਹਨ। ਕੰਪਨੀ ਮਾਲਕਾਂ ਨੇ ਕਿਹਾ ਹੈ ਕਿ ਉਹ ਕੰਮ ਉੱਤੇ ਲੱਗਣ ਦੀਆਂ ਅਸਲ ਤਰੀਕਾਂ ਸਬੰਧੀ ਵੱਖ ਤੋਂ ਪੱਤਰ ਜਾਰੀ ਕਰ ਦੇਣਗੇ। ਪਰ ਇਹ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਤਨਖਾਹਾਂ ਦੇ ਵੇਰਵੇ ਵਾਲ਼ੀ ਪਰਚੀ ਉੱਤੇ ਵੀ ਗੰਭੀਰ ਗੜਬੜਾਂ ਮਿਲ਼ੀਆਂ ਹਨ।

ਮਜਦੂਰ ਜਾਣਦੇ ਸਨ ਕਿ ਮਾਲਕ ਲਿਖਤੀ ਸਮਝੌਤੇ ਤੋਂ ਵੀ ਭੱਜਣ ਦੀ ਕੋਸ਼ਿਸ਼ ਕਰੇਗਾ। ਇਸ ਲਈ ਉਹ ਸੰਘਰਸ਼ ਲਈ ਪਹਿਲਾਂ ਤੋਂ ਹੀ ਤਿਆਰ ਸਨ। ਸਮਝੌਤੇ ਅਨੁਸਾਰ 20 ਫਰਵਰੀ ਨੂੰ ਜਨਵਰੀ ਦੀ ਤਨਖਾਹ ਦੀ ਤੀਜੀ ਕਿਸ਼ਤ ਦਿੱਤੀ ਨਹੀਂ ਗਈ। ਜਦ 27 ਫਰਵਰੀ ਤੱਕ ਤਨਖਾਹ ਦਾ ਪੂਰਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਮਜਦੂਰ ਮਜਬੂਰ ਹੋ ਕੇ ਮੁੜ ਹੜਤਾਲ ’ਤੇ ਚਲੇ ਗਏ।

ਹੜਤਾਲ ਦੌਰਾਨ ਕੰਪਨੀ ਗੇਟ, ਕਿਰਤ ਵਿਭਾਗ ਤੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ ਦੇ ਦਫਤਰਾਂ ’ਤੇ ਰੋਹ ਭਰਪੂਰ ਧਰਨੇ ਲਾਏ ਗਏ। ਫੋਕਲ ਪੁਆਂਇੰਟ ਦੇ ਇਲਾਕੇ ਵਿੱਚ ਪੈਦਲ ਮਾਰਚ ਕੀਤਾ ਗਿਆ। ਹੋਰ ਕੰਪਨੀਆਂ ਦੇ ਮਜਦੂਰਾਂ ਵਿੱਚ ਪਰਚੇ ਵੰਡੇ ਗਏ ਜਿਸ ਵਿੱਚ ਉਹਨਾਂ ਨੂੰ ਸੰਘਰਸ਼ ਕਰ ਰਹੇ ਮਜਦੂਰਾਂ ਦੀ ਡੱਟਵੀਂ ਹਮਾਇਤ ਦਾ ਸੱਦਾ ਦਿੱਤਾ ਗਿਆ।

11 ਦਿਨ ਦੀ ਮੁੜ ਹੜਤਾਲ ਤੋਂ ਬਾਅਦ ਕੰਪਨੀ ਨੇ ਜਨਵਰੀ ਅਤੇ ਫਰਵਰੀ ਦੀਆਂ ਤਨਖਾਹਾਂ ਦੇ ਦਿੱਤੀਆਂ ਹਨ। ਮਜਦੂਰਾਂ ਨੇ ਮਾਲਕਾਂ ਨੂੰ ਆਪਣੀ ਅੜੀ ਤੋਂ ਪਿੱਛੇ ਹਟਣ ਲਈ ਮਜਬੂਰ ਕੀਤਾ ਹੈ, ਜਿਸ ਅਨੁਸਾਰ ਮਸ਼ੀਨਾਂ ਦੀ ਵਿਕਰੀ ਹੋਣ ਤੋਂ ਬਾਅਦ ਹੀ ਤਨਖਾਹਾਂ ਦਿੱਤੀਆਂ ਜਾਣਗੀਆਂ। ਮਾਲਕਾਂ ਵੱਲੋਂ ਮਜਬੂਰ ਕਰਨ ’ਤੇ ਹੋਈ ਇਸ ਹੜਤਾਲ ਦੇ ਦਿਨਾਂ ਦੀ ਤਨਖਾਹ ਦਾ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਦਾ ਸਮਝੌਤਾ ਹੋਇਆ ਹੈ। ਕੰਪਨੀ ਨੇ ਸਾਰੇ ਮਜਦੂਰਾਂ ਨੂੰ ਕੰਮ ’ਤੇ ਲੱਗਣ ਦੀਆਂ ਅਸਲ ਤਰੀਕਾਂ ਮੁਤਾਬਕ ਪੱਤਰ ਜਾਰੀ ਕਰਨ ਦਾ ਵਾਅਦਾ ਕੀਤਾ ਹੈ। ਮਜਦੂਰਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਕੰਪਨੀ ਆਪਣੇ ਵਾਅਦੇ ਲਾਗੂ ਨਹੀਂ ਕਰੇਗੀ, ਸਮੇਂ ਸਿਰ ਤਨਖਾਹ ਨਹੀਂ ਦੇਵੇਗੀ ਅਤੇ ਹੋਰ ਕਨੂੰਨੀ ਕਿਰਤ ਹੱਕ ਲਾਗੂ ਨਹੀਂ ਹੋਣਗੇ ਅਤੇ ਕੰਮਬੰਦੀ ਦੇ ਨਾਂ ’ਤੇ ਕੀਤੀ ਜਾ ਰਹੀ ਕਟੌਤੀ ਵਾਪਿਸ ਨਾ ਲਈ ਗਈ ਤਾਂ ਮਜਦੂਰ ਇਸਦਾ ਜਵਾਬ ਸੰਘਰਸ਼ ਹੋਰ ਤਿੱਖਾ ਕਰਕੇ ਦੇਣਗੇ। ਮਜਦੂਰਾਂ ਨੇ ਤਨਖਾਹ, ਈ.ਐਸ.ਆਈ., ਈ.ਪੀ.ਐਫ., ਹਾਜਰੀ, ਹਾਦਸਿਆਂ ਤੋਂ ਸੁਰੱਖਿਆ, ਬੋਨਸ ਆਦਿ ਸਬੰਧੀ ਕੰਪਨੀ ਵੱਲੋਂ ਕਿਰਤ ਕਨੂੰਨਾਂ ਦੀ ਉਲੰਘਣਾ ਸਬੰਧੀ ਲੜੀ ਜਾ ਰਹੀ ਕਨੂੰਨੀ ਲੜਾਈ ਹੋਰ ਜੋਰਦਾਰ ਢੰਗ ਨਾਲ਼ ਅੱਗੇ ਵਧਾਉਣ ਦਾ ਐਲਾਨ ਵੀ ਕੀਤਾ ਹੈ।

Leave a Reply

Your email address will not be published. Required fields are marked *