ਗੁਰਦਾਸਪੁਰ, 14 ਜਨਵਰੀ (ਸਰਬਜੀਤ ਸਿੰਘ) – ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਤੀ 14 ਜਨਵਰੀ ਨੂੰ ਸਰਕਾਰੀ ਬਿਰਦ ਆਸ਼ਰਮ ਬੱਬਰੀ (ਨੇੜੇ ਸਿਵਲ ਹਸਪਤਾਲ) ਗੁਰਦਾਸਪੁਰ ਵਿਖੇ ਧੀਆਂ ਦੀ ਲੋਹੜੀ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ ਨੇ ਦੱਸਿਆ ਕਿ ਬਿਰਦ ਆਸ਼ਰਮ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬਿਰਦ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗ ਅਤੇ ਬਾਲ ਭਵਨ ਦੇ ਸਹਿਵਾਸੀ ਬੱਚੇ ਵੀ ਲੋਹੜੀ ਸਮਾਗਮ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣਗੇ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਮਨਦੀਪ ਕੌਰ ਨੇ ਦੱਸਿਆ ਕਿ ਧੀਆਂ ਦੀ ਲੋਹੜੀ ਦੌਰਾਨ 11 ਨਵ-ਜਨਮੀਆਂ ਧੀਆਂ ਨੂੰ ਲੋਹੜੀ ਪਾਈ ਜਾਵੇਗੀ। ਇਸਦੇ ਨਾਲ ਹੀ ਜ਼ਿਲ੍ਹੇ ਦੀਆਂ 11 ਲੜਕੀਆਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ।
ਲੋਹੜੀ ਸਮਾਗਮ ਦੌਰਾਨ ਸਨਮਾਨਤ ਕੀਤੀਆਂ ਜਾਣ ਵਾਲੀਆਂ ਜ਼ਿਲ੍ਹੇ ਦੀਆਂ 11 ਲੜਕੀਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਫਲਾਇੰਗ ਅਫ਼ਸਰ ਭਾਰਤੀ ਹਵਾਈ ਸੈਨਾ, ਨਵਦੀਪ ਕੌਰ ਖਿਡਾਰਨ ਵੇਟ ਲਿਫਟਿੰਗ, ਹਰਮਨਪ੍ਰੀਤ ਕੌਰ ਖਿਡਾਰਨ ਵੇਟ ਲਿਫਟਿੰਗ, ਜਸਪ੍ਰੀਤ ਕੌਰ ਅਥਲੀਟ, ਮੁਸਕਾਨ ਜਿਮਨਾਸਟਿਕਸ, ਸ਼ਿਵਾਨੀ ਸਲਾਰੀਆ ਬੀ.ਵੀ.ਓ.ਸੀ. (ਐੱਸ.ਡੀ) ਯੂਨੀਵਰਸਿਟੀ ਵਿੱਚ ਪਹਿਲਾ ਸਥਾਨ, ਦਿਸ਼ਾ ਬੀ.ਐੱਸ.ਸੀ. (ਐੱਫ.ਡੀ) ਯੂਨੀਵਰਸਿਟੀ ਵਿੱਚ ਪਹਿਲਾ ਸਥਾਨ, ਨੀਤਿਕਸ਼ਾ ਗਿੱਲ ਐੱਮ.ਏ. ਹਿੰਦੀ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ, ਸੁਖਬੀਰ ਕੌਰ ਐੱਮ.ਏ. ਪੰਜਾਬੀ ਗੋਲਡ ਮੈਡੀਲਿਸਟ, ਕਵਿਤਾ ਨੂੰ ਸੰਗੀਤ ਦੇ ਖੇਤਰ ਵਿੱਚ ਅਤੇ ਮਿਸ ਯੋਗਿਤਾ ਨੂੰ ਪਾਰਲੀਮੈਂਟ ਵਿੱਚ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ।