ਜੇਕਰ ਸੂਬੇ ‘ਚ ਸੱਚੀ ‘ਸ਼ਾਂਤੀ ਤੇ ਤਰੱਕੀ’ ਹੈ ਤਾਂ ‘ਆਪ’ ਪ੍ਰਚਾਰ ‘ਤੇ ਕਰੋੜਾਂ ਰੁਪਏ ਕਿਉਂ ਖ਼ਰਚ ਕਰ ਰਹੀ ਹੈ: ਬਾਜਵਾ
ਗੁਰਦਾਸਪੁਰ , 6 ਜਨਵਰੀ (ਸਰਬਜੀਤ ਸਿੰਘ)– ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਪੰਜਾਬ ਦੀ ਅਸਲ ਸਥਿਤੀ ਨੂੰ ਛੁਪਾਉਣ ਲਈ ਖ਼ਬਰਾਂ ਅਤੇ ਲੇਖਾਂ ਵਰਗੇ ਇਸ਼ਤਿਹਾਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕਰਨ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਨਿੰਦਾ ਕੀਤੀ।
ਬਾਜਵਾ ਨੇ ਅੱਗੇ ਕਿਹਾ ਕਿ ਅਜਿਹੇ ‘ਇਸ਼ਤਿਹਾਰਬਾਜ਼ੀਆਂ’ ਦਾ ਇੱਕੋ ਇੱਕ ਮਕਸਦ ਪੰਜਾਬ ਦੇ ਲੋਕਾਂ ਨੂੰ ਮੂਰਖ਼ ਬਣਾਉਣਾ ਹੈ। ਜੇਕਰ ਸੂਬੇ ‘ਚ ਸਹੀ ਅਰਥਾਂ ‘ਚ ‘ਸ਼ਾਂਤੀ ਅਤੇ ਤਰੱਕੀ’ ਹੈ ਤਾਂ ਉਨ੍ਹਾਂ ਨੂੰ ਕਰੋੜਾਂ ਰੁਪਏ ਪ੍ਰਚਾਰ ‘ਤੇ ਖ਼ਰਚ ਕਰਨ ਦੀ ਕੀ ਲੋੜ ਹੈ?
ਵਿਰੋਧੀ ਧਿਰ ਦੇ ਨੇਤਾ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਵੱਧ ਰਹੇ ਅਪਰਾਧਾਂ ਨੂੰ ਠੱਲ੍ਹ ਪਾਉਣ ਦਾ ‘ਐਡਵਰਟੋਰੀਅਲ’ ਇੱਕ ਅਖ਼ਬਾਰ ਵਿੱਚ ਛਪਿਆ ਜਦੋਂ ਇੱਕ ਹੋਰ ਅਖ਼ਬਾਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿੰਗ ਦੇ ਸੀ.ਆਈ.ਡੀ ਦਫ਼ਤਰ ਵਿੱਚ ਚੋਰੀ ਹੋਈ ਹੈ। ਇਹ ਘਟਨਾ ਕੱਲ ਹੀ ਵਾਪਰੀ ਹੈ ਜਿਸ ਵਿੱਚ ਪੁਲਿਸ ਆਪਣੇ ਦਫ਼ਤਰ ਨੂੰ ਸਾਂਭਣ ਵਿੱਚ ਅਸਫ਼ਲ ਰਹੀ ਹੈ।
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਇਸੇ ਇਸ਼ਤਿਹਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਵਾਲਾ ਦਿੱਤਾ ਗਿਆ ਸੀ ਕਿ “ਗੈਂਗਸਟਰ ਕਲਚਰ ਬਾਰੇ ਬੋਲਣਾ – ਇਹ ਪਿਛਲੇ ਸੱਤ-ਅੱਠ ਮਹੀਨਿਆਂ ਵਿੱਚ ਹੀ ਵਿਕਸਤ ਨਹੀਂ ਹੋਇਆ।
ਬਾਜਵਾ ਨੇ ਅੱਗੇ ਕਿਹਾ, “ਇਹ (ਗੈਂਗਸਟਰ ਕਲਚਰ) ਭਾਵੇਂ ਪਿਛਲੇ ਸੱਤ-ਅੱਠ ਮਹੀਨਿਆਂ ਦੌਰਾਨ ਵਿਕਸਤ ਨਹੀਂ ਹੋਇਆ ਹੋਵੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਦਾਅਵਾ ਹੈ, ਪਰ ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ, ਪਿਛਲੇ 10 ਮਹੀਨਿਆਂ ਦੌਰਾਨ ਇਹ ਜ਼ਰੂਰ ਵਧਿਆ ਹੈ। ਆਪ ਦੀ ਸਰਕਾਰ ਬਣਨ ਤੋਂ ਬਾਅਦ 2022 ‘ਚ ਗੈਂਗਸਟਰ ਕਲਚਰ ਨਾਲ ਸਬੰਧਿਤ ਜੁਰਮਾਂ ਦੀ ਗੰਭੀਰਤਾ ਵੱਲ ਇੱਕ ਨਜ਼ਰ ਤਾਂ ਮਾਰੀਏ। ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਕਤਲ, ਰੈਪਰ ਸਿੱਧੂ ਮੂਸੇਵਾਲਾ ਦੀ ਬੇਰਹਿਮੀ ਨਾਲ ਹੱਤਿਆ, ਪੁਲਿਸ ਹਿਰਾਸਤ ਵਿੱਚੋਂ ਗੈਂਗਸਟਰਾਂ ਦਾ ਭੱਜਣਾ, ਕਾਰੋਬਾਰੀਆਂ ਨੂੰ ਫਿਰੌਤੀ ਮੰਗਣ ਅਤੇ ਆਰਪੀਜੀ ਹਮਲੇ, ਇਹ ਸਭ ਆਪ ਦੇ ਸ਼ਾਸਨ ਦੌਰਾਨ ਹੀ ਹੋਇਆ ਹੈ।”
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀਤੇ ਗਏ ਵੱਡੇ-ਵੱਡੇ ਦਾਅਵਿਆਂ ਅਤੇ ਵਾਅਦਿਆਂ ਦੇ ਬਾਵਜੂਦ ‘ਆਪ’ ਦੇ 10 ਮਹੀਨਿਆਂ ਦੇ ਸ਼ਾਸਨ ਦੌਰਾਨ ਸੂਬੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਵਧੀ ਹੈ। ਸੂਬੇ ਵਿੱਚ ਨਾ ਤਾਂ ਸ਼ਾਂਤੀ ਹੈ ਅਤੇ ਨਾ ਹੀ ਤਰੱਕੀ। ਸੂਬੇ ਦੇ ਸਨਅਤਕਾਰ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਕਾਰਨ ਦੂਜੇ ਸੂਬਿਆਂ ਵਿੱਚ ਚਲੇ ਗਏ ਹਨ।