ਮੈਡੀਕਲ ਕੈਂਪਾਂ ਦੌਰਾਨ ਸਰਹੱਦੀ ਪਿੰਡਾਂ ਦੇ ਵਸਨੀਕਾਂ ਦੇ ਯੂ.ਡੀ.ਆਈ.ਡੀ. ਕਾਰਡ, ਪ੍ਰਧਾਨ ਮੰਤਰੀ ਮੁਦਰਾ ਧੰਨ ਪੈਨਸ਼ਨ ਯੋਜਨਾ ਅਤੇ ਈ-ਸ਼ਰੱਮ ਬੀਮਾ ਯੋਜਨਾ ਦੇ ਫਾਰਮ ਵੀ ਭਰੇ ਜਾਣਗੇ – ਡੀ.ਸੀ.
ਗੁਰਦਾਸਪੁਰ, 29 ਅਕਤੂਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਭਾਰਤ-ਪਕਿਸਤਾਨ ਸਰਹੱਦ ਨਾਲ ਲੱਗਦੇ ਦੂਰ-ਦੁਰਾਡੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਉਨਾਂ ਦੇ ਘਰ ਦੇ ਕੋਲ ਸਿਹਤ ਸੇਵਾਵਾਂ ਦੇਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਰਹੱਦੀ ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਇਥੋਂ ਦੇ ਵਸਨੀਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਅਗਲੇ ਹਫ਼ਤੇ ਸਰਹੱਦ ਨਾਲ 30 ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ। ਉਨਾਂ ਦੱਸਿਆ 31 ਅਕਤੂਬਰ ਨੂੰ ਸਰਹੱਦੀ ਪਿੰਡ ਭਗਤਾਣਾ ਤੁੱਲੀਆਂ, ਭਗਤਾਣਾ ਬੋਹੜਵਾਲਾ, ਮੇਤਲਾ, ਅਗਵਾਨ ਅਤੇ ਹਰੂਵਾਲ ਵਿਖੇ ਮੈਡੀਕਲ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਮਿਤੀ 1 ਨਵੰਬਰ ਨੂੰ ਪਿੰਡ ਚੌੜਾ ਬਾਜਵਾ, ਕਾਹਲਾਂਵਾਲੀ, ਚੰਦੂ ਨੰਗਲ, ਪੱਖੋਕੇ ਟਾਹਲੀ, ਸਾਧਾਂਵਾਲੀ, 2 ਨਵੰਬਰ ਨੂੰ ਖਾਸਾਂਵਾਲੀ, ਪੱਲੇ ਨੰਗਲ, ਵੈਰੋਕੇ, ਠੇਠਰਕੇ, ਨਿੱਕਾ ਠੇਠਰਕੇ, 3 ਨਵੰਬਰ ਨੂੰ ਘਣੀਏ-ਕੇ-ਬੇਟ, ਧਰਮਕੋਟ ਰੰਧਾਵਾ, ਧਰਮਕੋਟ ਪੱਤਣ, ਰੱਤੜ-ਛੱਤੜ, ਗੋਲਾ-ਢੋਲਾ, 4 ਨਵੰਬਰ ਨੂੰ ਪੱਖੋਕੇ ਮਹਿਮਾਰਾ, ਖੋਦੇ ਬੇਟ, ਪੱਤੀ ਹਵੇਲੀਆਂ, ਜੌੜੀਆਂ ਖੁਰਦ ਅਤੇ ਰੱਤਾ, 5 ਨਵੰਬਰ ਨੂੰ ਪਿੰਡ ਡਾਲਾ, ਮੰਗੀਆ, ਖੰਨਾ ਚਮਾਰਾ, ਨਿਕੋ ਸਰਾਏਂ ਅਤੇ ਸ਼ਾਹਪੁਰ ਜਾਜਨ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸਦੇ ਨਾਲ ਹੀ ਮੈਡੀਕਲ ਕੈਂਪ ਦੌਰਾਨ ਉਪਰਕਤ ਪਿੰਡਾਂ ਦੇ ਵਸਨੀਕਾਂ ਦੇ ਯੂ.ਡੀ.ਆਈ.ਡੀ. ਕਾਰਡ, ਪ੍ਰਧਾਨ ਮੰਤਰੀ ਮੁਦਰਾ ਧੰਨ ਪੈਨਸ਼ਨ ਯੋਜਨਾ ਅਤੇ ਈ-ਸ਼ਰੱਮ ਬੀਮਾ ਯੋਜਨਾ ਦੇ ਫਾਰਮ ਵੀ ਭਰੇ ਜਾਣਗੇ। ਉਨਾਂ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਇਨਾਂ ਮੈਡੀਕਲ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।