ਚੇਅਰਮੈਨ ਰਮਨ ਬਹਿਲ ਨੇ ਪਿੰਡ ਭੋਪੁਰ ਸੈਦਾਂ ਦੀ ਬਿਜਲੀ ਸਪਲਾਈ ਦਾ ਤੁਰੰਤ ਕੀਤਾ ਹੱਲ

ਪੰਜਾਬ

4.50 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਨਵੇਂ ਟਰਾਂਸਫਾਰਮ ਦਾ ਕੀਤਾ ਉਦਘਾਟਨ

300 ਯੂਨਿਟ ਬਿਜਲੀ ਮੁਆਫ਼ ਹੋਣ ਨਾਲ ਹੁਣ ਖਪਤਕਾਰਾਂ ਦੇ ਜ਼ੀਰੋ ਬਿਜਲੀ ਬਿੱਲ ਆਉਣੇ ਸ਼ੁਰੂ ਹੋਏ – ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਮਹੀਨੇ ਦੇ 300 ਰੁਪਏ ਯੂਨਿਟ ਮੁਆਫ਼ ਕਰਕੇ ਵੱਡਾ ਤੋਹਫ਼ਾ ਦਿੱਤਾ ਹੈ ਅਤੇ ਜਿਸਦੀ ਬਦੌਲਤ ਹੁਣ ਲੱਖਾਂ ਖਪਤਕਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਇਸ ਤੋਂ ਇਲਾਵਾ ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਦੇ ਬਕਾਏ ਬਿੱਲ ਵੀ ਮੁਆਫ਼ ਕਰਕੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਇੱਕ ਹੋਰ ਵੱਡੀ ਰਾਹਤ ਦਿੱਤੀ ਹੈ।

ਇਹ ਪ੍ਰਗਟਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਪਿੰਡ ਭੋਪੁਰ ਸੈਦਾਂ ਵਿਖੇ ਬਿਜਲੀ ਸਪਲਾਈ ਨੂੰ ਬੇਹਤਰ ਬਣਾਉਣ ਲਈ 4.50 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਨਵੇਂ 63 ਕੇ.ਵੀ. ਬਿਜਲੀ ਟਰਾਂਸਫਾਰਮ ਦਾ ਉਦਘਾਟਨ ਕਰਨ ਮੌਕੇ ਹਾਜ਼ਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਭੋਪੁਰ ਸੈਦਾਂ ਦੇ ਲੋਕ ਲੰਮੇ ਸਮੇਂ ਤੋਂ ਨਿਰਵਿਘਨ ਬਿਜਲੀ ਸਪਲਾਈ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਪਿੰਡ ਵਾਲਿਆਂ ਦੇ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੂੰ ਕਿਹਾ ਸੀ। ਸ੍ਰੀ ਬਹਿਲ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਇਸ ਸਮੱਸਿਆ ਨੂੰ ਪਾਵਰਕਾਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਪਾਵਰਕਾਮ ਵੱਲੋਂ ਪਿੰਡ ਵਿੱਚ ਨਵਾਂ ਟਰਾਂਸਫਾਰਮ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਟਰਾਂਸਫਾਰਮ ਲਗਾਉਣ ਲਈ ਪਿੰਡ ਵਾਸੀਆਂ ਕੋਲੋਂ ਇੱਕ ਨਵਾਂ ਪੈਸਾ ਵੀ ਨਹੀਂ ਲਿਆ ਗਿਆ ਅਤੇ 4.50 ਲੱਖ ਰੁਪਏ ਦੀ ਸਾਰੀ ਰਾਸ਼ੀ ਪਾਵਰਕਾਮ ਵੱਲੋਂ ਖਰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵਾਂ ਟਰਾਂਸਫਾਰਮ ਲੱਗਣ ਨਾਲ ਹੁਣ ਪਿੰਡ ਵਿੱਚ ਨਿਰਵਿਘਨ ਬਿਜਲੀ ਸਪਲਾਈ ਸੰਭਵ ਹੋ ਸਕੇਗੀ। ਉਨ੍ਹਾਂ ਕਿਹਾ ਕਿ ਪਿੰਡ ਦੇ ਕੁਝ ਘਰਾਂ ਉਪਰੋਂ ਹਾਈਵੋਲਟੇਜ ਤਾਰਾਂ ਲੰਘਦੀਆਂ ਹਨ, ਉਨ੍ਹਾਂ ਨੂੰ ਵੀ ਪਾਵਰਕਾਮ ਵੱਲੋਂ ਆਪਣੇ ਖਰਚੇ ’ਤੇ ਸ਼ਿਫ਼ਟ ਕੀਤਾ ਜਾਵੇਗਾ।

ਵਿਕਾਸ ਦੀ ਗੱਲ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਹਮਦਰਦ ਸਰਕਾਰ ਹੈ ਅਤੇ ਲੋਕਾਂ ਦੀ ਕੀ ਲੋੜਾਂ ਅਤੇ ਮੁਸ਼ਕਲਾਂ ਹਨ ਉਸਨੂੰ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਹਰ ਫੈਸਲਾ ਲੋਕਾਂ ਦੀ ਭਲਾਈ ਤੇ ਹਿੱਤ ਲਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪਾਵਰਕਾਮ ਦੇ ਐਸ.ਈ. ਅਰਵਿੰਦਰਜੀਤ ਸਿੰਘ ਬੋਪਾਰਾਏ, ਐਕਸੀਅਨ ਬਾਜਵਾ, ਪਿੰਡ ਭੋਪੁਰ ਸੈਦਾਂ ਦੇ ਸਰਪੰਚ ਰਾਜ ਕੁਮਾਰ, ਸਤਿੰਦਰ ਸਿੰਘ, ਰਣਜੀਤ ਸਿੰਘ, ਰਮੇਸ਼ ਸਿੰਘ, ਜਸਬੀਰ ਸਿੰਘ, ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਮੋਹਤਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *