ਚੰਡੀਗੜ੍ਹ, ਗੁਰਦਾਸਪੁਰ, 1 ਫਰਵਰੀ (ਸਰਬਜੀਤ ਸਿੰਘ)— ਦਿੱਲੀ ਪੁਲਸ ਵੱਲੋਂ ਪੰਜਾਬ ‘ਚ ਰਜਿਸਟਰਡ ਇੱਕ ਕਾਰ, ਜਿਸ ‘ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਾ ਹੋਇਆ ਸੀ, ‘ਚੋਂ 8 ਲੱਖ ਰੁਪਏ ਦੀ ਨਕਦੀ, ਸ਼ਰਾਬ ਦੀਆਂ ਬੋਤਲਾਂ ਅਤੇ ‘ਆਪ’ ਦੇ ਪਰਚੇ ਜ਼ਬਤ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਦਿੱਲੀ ‘ਚ ਵੋਟਰਾਂ ਨੂੰ ਪੈਸੇ ਅਤੇ ਸ਼ਰਾਬ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰੀ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਇਸ ਦਾ ਗੰਭੀਰ ਨੋਟਿਸ ਲਵੇ। ਬਾਜਵਾ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਦੀ ਝੰਡਾ ਧਾਰਕ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਇੰਨੇ ਹੇਠਲੇ ਪੱਧਰ ‘ਤੇ ਆ ਗਈ ਹੈ ਕਿ ਉਹ ਚੋਣਾਂ ਜਿੱਤਣ ਲਈ ਕੁਝ ਵੀ ਕਰ ਸਕਦੀ ਹੈ। ਪੰਜਾਬ ਵਿੱਚ ਚੋਣ ਪ੍ਰਕਿਰਿਆ ਦੀ ਉਲੰਘਣਾ ਕਰਨ ਲਈ ਪੰਜਾਬ ਦੀ ‘ਆਪ’ ਸਰਕਾਰ ‘ਤੇ ਵਰ੍ਹਦਿਆਂ ਬਾਜਵਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਹਾਲ ਹੀ ਵਿੱਚ ਹੋਈਆਂ ਮੇਅਰ ਚੋਣਾਂ ਵਿੱਚ ‘ਆਪ’ ਸਰਕਾਰ ਨੇ ਸਰਕਾਰੀ ਮਸ਼ੀਨਰੀ ਅਤੇ ਨੌਕਰਸ਼ਾਹੀ ਦੀ ਦੁਰਵਰਤੋਂ ਕਰਦਿਆਂ ਗੈਰ-ਲੋਕਤੰਤਰੀ ਢੰਗ ਨਾਲ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਚੁਣਿਆ। ਇਸੇ ਤਰ੍ਹਾਂ ਪੰਚਾਇਤੀ ਚੋਣਾਂ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ ‘ਚ ‘ਆਪ’ ਨੇ ਤਾਕਤ ਦਾ ਸਹਾਰਾ ਲਿਆ ਅਤੇ ਪੁਲਿਸ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋਂ ਕੀਤੀ।
ਉਨ੍ਹਾਂ ਕਿਹਾ ਕਿ ਇਹ ਪਹਿਲਾਂ ਹੀ ਸਾਬਤ ਹੋ ਚੁੱਕਾ ਹੈ ਕਿ ਅਖੌਤੀ ਕੱਟੜ ਇਮਾਨਦਾਰ ਪਾਰਟੀ ਅਸਲ ‘ਚ ਇੰਨੀ ਵੀ ਇਮਾਨਦਾਰ ਨਹੀਂ ਹੈ। ਬਾਜਵਾ ਨੇ ਕਿਹਾ ਕਿ ਉਹ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੋਈ ਵੀ ਰਣਨੀਤੀ ਅਪਣਾਉਣ ਤੋਂ ਪਿੱਛੇ ਨਹੀਂ ਹਟਦੀ। ਬਾਜਵਾ ਨੇ ਕਿਹਾ ਕਿ ‘ਆਪ’ ਨਾ ਸਿਰਫ਼ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਭੰਗ ਕਰ ਰਹੀ ਹੈ ਬਲਕਿ ‘ਆਪ’ ਦੀ ਪੰਜਾਬ ਸਰਕਾਰ ਦਿੱਲੀ ਚੋਣਾਂ ‘ਤੇ ਪੰਜਾਬ ਦੇ ਖ਼ਜ਼ਾਨੇ ਨੂੰ ਵੀ ਬਰਬਾਦ ਕਰ ਰਹੀ ਹੈ। ਪੰਜਾਬ ਨੂੰ ਭਗਵਾਨ ਦੇ ਰਹਿਮ ‘ਤੇ ਛੱਡ ਕੇ ਚੋਣ ਪ੍ਰਚਾਰ ਲਈ ਪੰਜਾਬ ਦੀ ਸਮੁੱਚੀ ਕੈਬਨਿਟ ਦਿੱਲੀ ‘ਚ ਡੇਰਾ ਲਾ ਚੁੱਕੀ ਹੈ।