ਡਿਪਟੀ ਕਮਿਸ਼ਨਰ ਵੱਲੋਂ ਡੀਏਪੀ ਖਾਦ ਦੀ ਸਪਲਾਈ ਸਬੰਧੀ ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ, ਇਫਕੋ, ਮਾਰਕਫੈੱਡ ਅਤੇ ਪ੍ਰਾਈਵੇਟ ਖਾਦ ਵਿਕਰੇਤਾ ਨਾਲ ਮੀਟਿੰਗ

ਗੁਰਦਾਸਪੁਰ

ਕਿਸਾਨਾਂ ਨੂੰ ਡੀਏਪੀ ਖਾਦ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ

ਗੁਰਦਾਸਪੁਰ,11 ਅਕਤੂਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਜਿਲ੍ਹੇ ਵਿੱਚ ਡੀਏਪੀ ਖਾਦ ਦੀ ਸਪਲਾਈ ਸਬੰਧ ਵਿੱਚ ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ, ਇਫਕੋ, ਮਾਰਕਫੈੱਡ ਅਤੇ ਪ੍ਰਾਈਵੇਟ ਖਾਦ ਵਿਕਰੇਤਾ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਸੁਰਿੰਦਰਪਾਲ ਸਿੰਘ ਅਤੇ ਸਬੰਧਤ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਵਲੋਂ ਡੀਏਪੀ ਖਾਦ ਦੀ ਸਪਲਾਈ ਸਬੰਧ ਵਿੱਚ ਮੀਟਿੰਗ ਵਿੱਚ ਮੌਜੂਦ ਸਹਿਕਾਰੀ ਸੁਸਾਇਟੀਆਂ, ਇਫਕੋ, ਮਾਰਕਫੈੱਡ ਅਤੇ ਪ੍ਰਾਈਵੇਟ ਖਾਦ ਵਿਕਰੇਤਾ ਕੋਲੋ ਵਿਸਥਾਰ ਵਿੱਚ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਅੱਜ ਮੀਟਿੰਗ ਕਰਨ ਦਾ ਮੁੱਖ ਮੰਤਵ ਇਹੀ ਹੈ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੌਰਾਨ ਡੀਏਪੀ ਖਾਦ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਮੀਟਿੰਗ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਡੀਏਪੀ ਖਾਦ ਤਹਿ ਰੇਟ ਉਪਰ ਉਪਲਬਧ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਜੇਕਰ ਕੋਈ ਵੀ ਖਾਦ ਡੀਲਰ ਕਿਸਾਨਾਂ ਨੂੰ ਤਹਿ ਰੇਟ ਤੋ ਜ਼ਿਆਦਾ ਡੀਏਪੀ ਖਾਦ ਵੇਚਦਾ ਹੈ ਅਤੇ ਡੀਏਪੀ ਨਾਲ ਕਿਸੇ ਹੋਰ ਵਸਤੂ ਦੀ ਸੇਲ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪ੍ਰਾਈਵੇਟ ਖਾਦ ਵਿਕਰੇਤਾ ਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਮਾਨਵਤਾ ਦੀ ਭਲਾਈ ਲਈ ਪਰਾਲੀ/ਨਾੜ ਨੂੰ ਅੱਗ ਨਾ ਲਾਉਣ।

Leave a Reply

Your email address will not be published. Required fields are marked *