ਕਿਸਾਨਾਂ ਨੂੰ ਖੇਤੀ ਦੇ ਨਵੇਂ ਗੁਰ ਸਿਖਾ ਗਿਆ ਗੁਰਦਾਸਪੁਰ ਦਾ ਕਿਸਾਨ ਮੇਲਾ

ਪੰਜਾਬ

ਖੇਤੀਬਾੜੀ ਵਿਭਾਗ ਹੁਣ ਕਿਸਾਨਾਂ ਨੂੰ ਸੁੱਧਰੇ ਬੀਜ਼ ਅਤੇ ਸਬਜੀਆਂ ਦੀ ਪਨੀਰੀ ਵੀ ਖੁੱਦ ਦੇਣਗੇ-ਰਮਨ ਬਹਿਲ
ਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀ ਨਾਲ ਸਬੰਧਤ ਵਿਸ਼ੇਸ਼ ਤਕਨੀਕਾਂ ਨੂੰ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਵਿਚਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਲਗਾਏ ਗਏ ਕਿਸਾਨ ਮੇਲਾ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਹਲਕਾ ਦੀਨਾਨਗਰ ਤੋਂ ਸੀਨੀਅਰ ਆਪ ਆਗੂ ਸ਼ਮਸ਼ੇਰ ਸਿੰਘ, ਡੇਰਾ ਬਾਬਾ ਨਾਨਕ ਤੋਂ ਸ. ਗੁਰਦੀਪ ਸਿੰਘ ਰੰਧਾਵਾ ਅਤੇ ਸ. ਹਰਦਿਆਲ ਸਿੰਘ ਗਜਨੀਪੁਰ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਚੇਅਰਮੈਨ ਰਮਨ ਬਹਿਲ ਨੇ ਆਪਣੇ ਭਾਸ਼ਣ ਵਿਚ ਖੋਜ ਕੇਂਦਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਬਜੀ ਦੀ ਪਨੀਰੀ ਵੀ ਖੁੱਦ ਤਿਆਰ ਕਰਕੇ ਦੇਣ ਅਤੇ ਸੁੱਧਰੇ ਬੀਜ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਦਿੱਤੇ ਜਾਣ ਨਾ ਕਿ ਪ੍ਰਾਇਵੇਟ ਸੈਕਟਰ ਵਿੱਚ ਜਾਣ। ਅਜਿਹੇ ਕਿਸਾਨ ਮੇਲੇ ਇਲਾਕੇ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਸਹਾਈ ਹੋਣਗੇ। ਇਸਦੇ ਨਾਲ ਹੀ ਉਨਾਂ ਕਿਸਾਨਾਂ ਨੂੰ ਸਬਜ਼ੀ, ਫਲ ਤੇ ਦਾਲਾਂ ਪੈਦਾ ਕਰਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਯੂਨੀਵਰਸਿਟੀ ਦਾ ਇਹ ਖੇਤਰੀ ਖੋਜ ਕੇਂਦਰ ਨਾ ਸਿਰਫ਼ ਖੇਤਰ ਲਈ ਢੁੱਕਵੀਆਂ ਤਕਨੀਕਾਂ ਦੇ ਵਿਕਾਸ ਵਿੱਚ, ਸਗੋਂ ਕਿਸਾਨਾਂ ਤੱਕ ਇਨਾਂ ਤਕਨੀਕਾਂ ਦੇ ਪ੍ਰਸਾਰ ਲਈ ਵੀ ਸ਼ਾਨਦਾਰ ਕੰਮ ਕਰ ਰਿਹਾ ਹੈ, ਜਿਸ ਦਾ ਸਬੂਤ ਇਥੇ ਕਿਸਾਨਾਂ ਦੇ ਵੱਡੇ ਇਕੱਠ ਤੋਂ ਮਿਲ ਰਿਹਾ ਹੈ।


ਸ੍ਰੀ ਰਮਨ ਬਹਿਲ ਨੇ ਅੱਗੇ ਕਿਹਾ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਕਿਸਾਨੀ ਦਾ ਜੀਵਨ ਪੱਧਰ ਉੱਚਾ ਚੱੁਕਣ ਲਈ ਯਤਨ ਲਗਾਤਾਰ ਜਾਰੀ ਹਨ। ਉਨਾਂ ਕਿਹਾ ਕਿ ਇਸ ਵਾਰ ਝੋਨੇ ਦੇ ਸੀਜ਼ਨ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਟਿਊਬਵੈਲਾਂ ਵਾਸਤੇ 10-10 ਘੰਟੇ ਤੋਂ ਵੱਧ ਬਿਜਲੀ ਮਿਲੀ ਹੈ। ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਭਲਾਈ ਲਈ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸ੍ਰੀ ਰਮਨ ਬਹਿਲ ਨੇ ਖੇਤੀ ਮਾਹਿਰਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੁਰਦਾਸਪੁਰ ਵਿਖੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਇੱਕ ਨਰਸਰੀ ਵਿਕਸਤ ਕਰਨ ਤਾਂ ਜੋ ਆਸ-ਪਾਸ ਦੇ ਇਲਾਕੇ ਦੇ ਲੋਕ ਸਬਜ਼ੀਆਂ ਦੀ ਕਾਸ਼ਤ ਵੱਲ ਪ੍ਰੇਰਤ ਹੋਣ।


ਕਿਸਾਨਾਂ ਦਾ ਮੇਲੇ ਵਿਚ ਸਵਾਗਤ ਕਰਦਿਆ ਨਿਰਦੇਸ਼ਕ ਪਸਾਰ ਸਿੱਖਿਆ ਡਾ.ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀ.ਏ.ਯੂ ਦਾ ਮਕਸਦ ਹਰ ਹਾਲ ਨਵੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨਾ ਹੈ। ਉਨਾਂ ਕਿਹਾ ਕਿ ਦੋ ਸਾਲ ਦੇ ਵਕਫੇ ਤੋਂ ਬਾਅਦ ਭਰਵੇਂ ਕਿਸਾਨ ਮੇਲੇ ਦਾ ਲੱਗਣਾ ਕਿਸਾਨਾਂ ਦਾ ਯੂਨੀਵਰਸਿਟੀ ਨਾਲ ਪਿਆਰ ਅਤੇ ਮੇਲੇ ਪ੍ਰਤੀ ਉਤਸ਼ਾਹ ਦਰਸਾਉਂਦਾ ਹੈ। ਉਨਾਂ ਦੱਸਿਆ ਕਿ ਖੇਤਰੀ ਖੋਜ ਕੇਂਦਰਾਂ ਅਤੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਤੋਂ ਵੱਖ ਵੱਖ ਤਰਾਂ ਦੀਆਂ ਸਿਖਲਾਈਆਂ ਲੈ ਕੇ ਕਿਸਾਨ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ। ਡਾ. ਅਸ਼ੋਕ ਕੁਮਾਰ ਨੇ ਆਉਂਦੇ ਦਿਨੀਂ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਵੀ ਕਿਸਾਨਾਂ ਨੂੰ ਅਪੀਲ ਕੀਤੀ। ਉਨਾਂ ਕਿਹਾ ਕਿ ਖੇਤਬਾੜੀ ਦੀ ਜਾਣਕਾਰੀ ਲਈ ਖੇਤੀ ਸਾਹਿਤ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਮੇਲੇ ਕਿਸਾਨਾਂ ਕੋਲੋਂ ਵਿਗਿਆਨੀਆਂ ਅਤੇ ਵਿਗਿਆਨੀਆਂ ਕੋਲੋਂ ਕਿਸਾਨਾਂ ਦੇ ਸਿੱਖਣ ਦਾ ਮਾਧਿਅਮ ਹਨ। ਉਨਾਂ ਕਿਹਾ ਕਿ ਪੀ.ਏ.ਯੂ ਦੇ ਮੇਲਿਆਂ ਵਿਚ ਖੇਤੀ ਬੀਜ, ਸਾਹਿਤ ਅਤੇ ਮਸ਼ੀਨਰੀ ਦੀ ਨਵੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਵਾਹੁਣਾ ਬਿਹਤਰ ਹੈ ਇਸ ਨਾਲ ਜ਼ਮੀਨ ਦੀ ਗੁਣਵੱਤਾ ਤਾਂ ਸੁਧਰਦੀ ਹੀ ਹੈ ਅਤੇ ਨਾਲ ਹੀ ਵਾਤਾਵਰਨ ਵੀ ਠੀਕ ਰਹਿੰਦਾ ਹੈ। ਡਾ. ਗੋਸਲ ਨੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੂੰ ਮੰਨਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨਾਂ ਨੇ ਕਿਸਾਨੀ ਪਰਿਵਾਰਾਂ ਨੂੰ ਦੁੱਧ, ਦਾਲਾਂ, ਫਲਾਂ, ਸਬਜ਼ੀਆਂ ਆਦਿ ਲਈ ਸਵੈ ਨਿਰਭਰ ਹੋਣ ਲਈ ਵੀ ਕਿਹਾ। ਖੇਤੀ ਮਸ਼ੀਨਰੀ ਦੇ ਮਾਮਲੇ ਵਿਚ ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਸਾਂਝੇ ਯਤਨਾਂ ਲਈ ਪ੍ਰੇਰਦੀਆਂ ਖੇਤੀ ਖਰਚਿਆਂ ਦੇ ਨਾਲ ਪਰਿਵਾਰਕ ਖਰਚੇ ਘਟਾਉਣ ਦੀ ਅਪੀਲ ਕੀਤੀ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਖੋਜਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨਾਂ ਦੱਸਿਆ ਕਿ ਹੁਣ ਤੱਕ ਯੂਨੀਵਰਸਿਟੀ ਨੇ 900 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਹਨ ਅਤੇ ਮਸ਼ੀਨਰੀ ਦੇ ਖੇਤਰ ਵਿਚ ਵੀ ਉੱਘਾ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯੂ. 826 ਕਾਸ਼ਤ ਲਈ ਜਾਰੀ ਕੀਤੀ ਗਈ ਹੈ ਜੋ ਪਿਛਲੇ ਦਿਨੀਂ ਰਾਸ਼ਟਰੀ ਪੱਧਰ ਤੇ ਪਛਾਣੀ ਗਈ ਹੈ। ਇਹ ਕਿਸਮ ਕਲਕੱਤੇ ਤੋਂ ਅੰਮਿ੍ਰਤਸਰ ਤੱਕ ਪਰਖੀ ਤੇ ਖਰੀ ਪਾਈ ਗਈ ਹੈ। ਇਸਦਾ ਝਾੜ 24 ਕੁਇੰਟਲ ਤੱਕ ਆ ਜਾਂਦਾ ਹੈ। ਨਾਲ ਹੀ ਦਾਲਾਂ ਵਿਚ ਮਸਰਾਂ ਅਤੇ ਜਵੀ ਦੀ ਨਵੀਂ ਕਿਸਮ ਓ.ਐੱਲ. 16 ਦਾ ਜ਼ਿਕਰ ਕੀਤਾ ਜੋ ਦੋ ਕਟਾਈਆਂ ਦਿੰਦੀ ਹੈ। ਪਹਿਲੀ ਕਟਾਈ ਹਰੇ ਚਾਰੇ ਵਜੋਂ ਅਤੇ ਦੂਜੀ ਕਟਾਈ ਦਾਣਿਆਂ ਦੀ ਵਰਤੋਂ ਲਈ ਬੀਜੀ ਜਾ ਸਕਦੀ ਹੈ। ਬਰਸੀਮ ਤੋਂ ਇਲਾਵਾ ਉਨਾਂ ਹੋਰ ਫ਼ਸਲਾਂ ਦੀਆਂ ਸਿਫਾਰਸ਼ ਕਿਸਮਾਂ ਬਾਰੇ ਵੀ ਦੱਸਿਆ। ਖੇਤੀ ਜੰਗਲਾਤ ਵਿਚ ਡੇਕ ਦੀਆਂ ਨਵੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਡਾ. ਢੱਟ ਨੇ ਦਿੱਤੀ। ਇਸ ਤੋਂ ਬਿਨਾਂ ਡਾ. ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਉਨਾਂ ਦੱਸਿਆ ਕਿ ਪਰਾਲੀ ਨੂੰ ਖੇਤ ਵਿਚ ਵਾਹੁਣ ਨਾਲ ਮਿੱਟੀ ਵਿੱਚ ਜੈਵਿਕ ਮਾਦੇ ਦੇ ਵਾਧੇ ਦੇ ਨਮੂਨੇ ਸਾਹਮਣੇ ਆਏ ਹਨ। ਪਾਣੀ ਬਚਾਉਣ ਦੀਆਂ ਤਕਨੀਕਾਂ ਵਿਚ ਤੁਪਕਾ ਸਿੰਚਾਈ ਵਿਸ਼ੇਸ਼ ਕਰਕੇ ਮੱਕੀ ਵਿਚ ਇਸ ਵਿਧੀ ਦੀ ਸਿਫਾਰਿਸ਼ ਵੀ ਨਿਰਦੇਸ਼ਕ ਖੋਜ ਵਲੋਂ ਕੀਤੀ ਗਈ। ਇਸ ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ ਤੇ ਆਪਣੇ ਖੇਤਰ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਨਾਂ ਕਿਸਾਨਾਂ ਵਿਚ ਬਲਦੇਵ ਸਿੰਘ ਮਹਿੰਦੀਪੁਰ, ਰਾਮ ਸਿੰਘ ਭੰਗਵਾਂ, ਸੁਖਜਿੰਦਰ ਸਿੰਘ ਸਹਿਬਪੁਰਾ, ਗੁਰਦਿਆਲ ਸਿੰਘ ਸੱਲੋਪੁਰ, ਕੰਵਲਜੀਤ ਸਿੰਘ ਲਾਲੀ, ਗੁਰਵਿੰਦਰ ਸਿੰਘ ਜੀਵਨਚੱਕ, ਜਗਪਾਲ ਸਿੰਘ ਪਨਿਆੜ, ਕਰਤਾਰ ਸਿੰਘ, ਸਰਬਜੀਤ ਸਿੰਘ ਝੰਡਾ ਲੁਬਾਣਾ, ਹਰਜੀਤ ਸਿੰਘ ਚੰਦੂ ਵਡਾਲਾ, ਗੁਰਮੁਖ ਸਿੰਘ ਰੰਗੀਲਪੁਰ, ਬਿਕਰਮਜੀਤ ਸਿੰਘ ਮੀਰਪੁਰ, ਰਾਜੀਵ ਕੁਮਾਰ ਨੰਗਲ ਬ੍ਰਾਹਮਣਾ, ਸਵੈ ਸੇਵੀ ਸਮੂਹਾਂ ਵਿਚ ਸ੍ਰੀਮਤੀ ਸੁਖਵਿੰਦਰ ਕੌਰ ਪ੍ਰਮੁੱਖ ਸਨ। ਸਨਮਾਨਿਤ ਵਿਗਿਆਨੀਆਂ ਵਿਚ ਡਾ ਐੱਸ ਐੱਸ ਪਾਲ, ਡਾ ਪਰਮਿੰਦਰ ਕੌਰ ਘੁੰਮਣ, ਡਾ ਭੁਪਿੰਦਰ ਸਿੰਘ, ਡਾ ਸੁਮੇਸ ਚੋਪੜਾ ਆਦਿ ਨੂੰ ਯਾਦ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਮੇਲੇ ਵਿਚ ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਦੀਆਂ ਸਟਾਲਾਂ ਅਤੇ ਖੇਤੀ ਪ੍ਰਦਰਸ਼ਨੀਆ ਮੁੱਖ ਅਕਰਸਨ ਦਾ ਕੇਂਦਰ ਰਹੇ। ਅੰਤ ਵਿੱਚ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਨਿਰਦੇਸ਼ਕ ਡਾ ਭੁਪਿੰਦਰ ਸਿੰਘ ਢਿਲੋਂ ਨੇ ਕਿਸਾਨਾਂ ਦਾ ਮੇਲੇ ਵਿਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਅਤੇ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *