ਗੁਰਦਾਸਪੁਰ, 19 ਜੂਨ ( ਸਰਬਜੀਤ ਸਿੰਘ) – ਜੂਨ ਦਾ ਮਹੀਨਾ ਬਹੁਤ ਗਰਮ ਮਹੀਨਾ ਹੁੰਦਾ ਹੈ ਅਤੇ ਇਸ ਮੌਸਮ ਵਿੱਚ ਸ਼ਹਿਦ ਦੀਆਂ ਮੱਖੀਆਂ ਨੂੰ ਗਰਮੀ ਤੋਂ ਬਚਾਉਣ ਲਈ ਮੱਖੀਆਂ ਦੇ ਡੱਬਿਆਂ ਨੂੰ ਸੰਘਣੀ ਛਾਂ ਹੇਠ ਰੱਖਣ ਦਾ ਵਿਸ਼ੇਸ਼ ਪ੍ਰਬੰਧ ਕਰਨਾ ਚਾਹੀਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਜੀਤ ਸਿੰਘ ਬੱਲ ਨੇ ਦੱਸਿਆ ਕਿ ਪਾਣੀ ਦੀ ਵਧੀ ਹੋਈ ਜ਼ਰੂਰਤ ਨੂੰ ਪੂਰਾ ਕਰਨ ਲਈ ਟਿਊਬਵੈੱਲ ਦੇ ਪਾਣੀ ਵਾਲੇ ਟੈਂਕ ਵਿਚ ਦਰਖ਼ਤਾਂ ਦੀਆਂ ਛੋਟੀਆਂ-ਛੋਟੀਆਂ ਟਹਿਣੀਆਂ ਜਾਂ ਫੱਟੀਆਂ ਦੇ ਟੁਕੜੇ ਸੁੱਟ ਦੇਣ ਚਾਹੀਦੇ ਹਨ, ਜਿਨ੍ਹਾਂ ਉੱਪਰ ਬੈਠ ਕੇ ਸ਼ਹਿਦ ਮੱਖੀਆਂ ਪਾਣੀ ਲੈ ਸਕਣ। ਉਨ੍ਹਾਂ ਕਿਹਾ ਕਿ ਪਾਣੀ ਦੀ ਜ਼ਰੂਰਤ ਡੱਬਿਆਂ ਹੇਠ ਰੱਖੇ ਸਟੈਂਡਾਂ ਦੇ ਪਾਵਿਆਂ ਹੇਠ ਪਾਣੀ ਦੇ ਠੂਹਲੇ ਰੱਖ ਕੇ ਵੀ ਪੂਰੀ ਕੀਤੀ ਜਾ ਸਕਦੀ ਹੈ, ਜਿਸ ਦਾ ਇੱਕ ਹੋਰ ਫ਼ਾਇਦਾ ਮੱਖੀ ਦਾ ਕੀੜੀਆਂ ਤੋਂ ਬਚਾਓ ਵੀ ਹੈ। ਡੱਬਿਆਂ ਨੂੰ ਹਵਾਦਾਰ ਬਣਾਉਣ ਲਈ ਬੌਟਮ ਬੋਰਡ ਤੇ ਬਰੂਡ ਚੈਂਬਰ ਦੇ ਵਿਚਕਾਰ ਅਤੇ ਬਰੂਡ ਚੈਂਬਰ ਤੇ ਸੁਪਰ ਚੈਂਬਰ ਵਿਚਕਾਰ ਪਤਲੇ-ਪਤਲੇ ਡੱਕੇ ਰੱਖ ਕੇ ਝੀਥ ਬਣਾਈ ਜਾ ਸਕਦੀ ਹੈ, ਜਿਸ ਵਿੱਚੋਂ ਹਵਾ ਤਾਂ ਨਿਕਲ ਸਕੇ ਪ੍ਰੰਤੂ ਸ਼ਹਿਦ ਮੱਖੀ ਨਾ ਲੰਘ ਸਕੇ।
ਡਿਪਟੀ ਡਾਇਰੈਕਟਰ ਬਾਗ਼ਬਾਨੀ ਬੱਲ ਨੇ ਦੱਸਿਆ ਕਿ ਬਰੂਡ ਚੈਂਬਰ ਨੂੰ ਬੌਟਮ ਬੋਰਡ ਤੋਂ ਥੋੜ੍ਹਾ ਹਿਲਾ ਕੇ ਅਤੇ ਇਸੇ ਤਰਾਂ ਸੁਪਰ ਚੈਂਬਰ ਨੂੰ ਬਰੂਡ ਚੈਂਬਰ ਤੋਂ ਥੋੜ੍ਹਾ ਹਿਲਾ ਕੇ ਡੱਬਿਆਂ ਨੂੰ ਹਵਾਦਾਰ ਬਣਾਉਣ ਲਈ ਬਰੀਕ ਮੱਖੀ-ਟਾਈਟ ਝੀਥ ਬਣਾਈ ਜਾ ਸਕਦੀ ਹੈ। ਇਸ ਮੌਸਮ ਦੌਰਾਨ ਸੂਰਜਮੁਖੀ ਫ਼ਸਲ ਦਾ ਪੱਕਿਆ ਹੋਇਆ ਸ਼ਹਿਦ ਕੁਟੰਬਾਂ ਦੇ ਬਰੂਡਰਹਿਤ ਛੱਤਿਆਂ ਵਿੱਚੋਂ, ਤਰਜ਼ੀਹ ਦੇ ਤੌਰ ਤੇ ਸੁਪਰ ਚੈਂਬਰ ਵਿੱਚੋਂ, ਕੱਢ ਲੈਣਾ ਚਾਹੀਦਾ ਹੈ। ਨੈਕਟਰ ਦੀ ਆਮਦ ਦੌਰਾਨ ਬਰੂਡ ਚੈਂਬਰ ਅਤੇ ਸੁਪਰ ਚੈਂਬਰ ਵਿਚਾਲੇ ਲੇਟਵੀਂ ਰਾਣੀ ਨਿਖੇੜੂ ਜਾਲੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰੌਬਿੰਗ (ਮੱਖੀਆਂ ਦੁਆਰਾ ਖ਼ੁਰਾਕ ਦੀ ਲੁੱਟ) ਦੀ ਸਮੱਸਿਆ ਤੋਂ ਬਚਣ ਲਈ ਸ਼ਹਿਦ ਕੱਢਣ ਦੌਰਾਨ ਅਤੇ ਉਪਰੰਤ ਸਾਰੇ ਸਬੰਧਿਤ ਲੋੜੀਂਦੇ ਇਹਤਿਆਤ ਅਤੇ ਢੰਗ ਜ਼ਰੂਰ ਵਰਤਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਉਪਰੋਕਤ ਸਾਵਧਾਨੀਆਂ ਵਰਤ ਕੇ ਅਸੀਂ ਸ਼ਹਿਦ ਦੀਆਂ ਮੱਖੀਆਂ ਨੂੰ ਅੱਤ ਦੀ ਗਰਮੀ ਤੋਂ ਬਚਾ ਸਕਦੇ ਹਾਂ।