ਨੌਸ਼ਹਿਰਾ ਮੱਝਾ ਸਿੰਘ ਵਿਖੇ ਭਰਵੀਂ ਚੋਣ ਰੈਲੀ ਦੇ ਨਾਲ ਅਕਾਲੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਚੋਣ ਮੁਹਿੰਮ ਦਾ ਬਿਗੁਲ ਵਜਾਇਆ

ਗੁਰਦਾਸਪੁਰ

ਲੋਕ ਸਭਾ ‘ਚ ਜਾ ਕੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਰਬਪੱਖੀ ਵਿਕਾਸ, ਵਿਰਾਸਤੀ ਥਾਵਾਂ ‘ਤੇ ਸੈਰ-ਸਪਾਟਾ ਉਦਯੋਗ ਪ੍ਰਫੁਲਤ ਕਰਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੋਵੇਗਾ ਮੁੱਖ ਏਜੰਡਾ- ਡਾ. ਚੀਮਾ

ਬਿਕਰਮ ਸਿੰਘ ਮਜੀਠੀਆ ਨੇ ਡਾ. ਚੀਮਾ ਦੀ ਚੋਣ ਮੁਹਿੰਮ ਦੇ ਆਗਾਜ਼ ਵਿਚ ਕੀਤੀ ਸ਼ਮੂਲੀਅਤ, ਗੁਰਦਾਸਪੁਰ ਤੇ ਪਠਾਨਕੋਟ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਡਾ. ਚੀਮਾ ਦੇ ਹੱਕ ‘ਚ ਚੱਟਾਨ ਵਾਂਗ ਡਟਣ ਦਾ ਕੀਤਾ ਦਾਅਵਾ
ਨੌਸ਼ਹਿਰਾ ਮੱਝਾ ਸਿੰਘ, ਗੁਰਦਾਸਪੁਰ, 17 ਅਪ੍ਰੈਲ (ਸਰਬਜੀਤ ਸਿੰਘ)– ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਨੌਸ਼ਹਿਰਾ ਮੱਝਾ ਸਿੰਘ ਵਿਖੇ ਲੋਕ ਸਭਾ ਹਲਕੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਨਾਲ ਲੈ ਕੇ ਇਕ ਭਰਵੀਂ ਚੋਣ ਮੀਟਿੰਗ ਕਰਨ ਤੋਂ ਬਾਅਦ ਚੋਣ ਮੁਹਿੰਮ ਦਾ ਬਿਗੁਲ ਵਜਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਰਮਨਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਡਾ. ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਲਈ ਅੱਜ ਦੀ ਚੋਣ ਮੀਟਿੰਗ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਆਉਂਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਹਾਜ਼ਰ ਸੀ।
ਨੌਸ਼ਹਿਰਾ ਮੱਝਾ ਸਿੰਘ ਦੇ ਚੇਨਈ ਐਕਸਪ੍ਰੈੱਸ ਪੈਲੇਸ ਵਿਚ ਡਾ. ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ ਦੇ ਆਗਾਜ਼ ਲਈ ਹੋਈ ਭਰਵੀਂ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਉਚੇਚੇ ਤੌਰ ‘ਤੇ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਇਹ ਲੋਕ ਸਭਾ ਚੋਣ ਪੰਜਾਬ ਦੀ ਅਣਖ ਦੀ ਲੜਾਈ ਹੈ, ਕਿਉਂਕਿ ਇਕ ਪਾਸੇ ਜਿੱਥੇ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੇ ਵਪਾਰ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਦਾ ਮਸਲਾ ਹੈ, ਉੱਥੇ ਦਿੱਲੀ ਤੋਂ ਪੰਜਾਬ ਨੂੰ ਰਿਮੋਟ ਨਾਲ ਚਲਾਉਣ ਵਾਲੀ ਆਮ ਆਦਮੀ ਪਾਰਟੀ ਦੇ ਹੰਕਾਰ ਨੂੰ ਤੋੜਨਾ ਵੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਉੱਤੇ ਜਿਹੜਾ ਜਬਰ ਕੀਤਾ ਹੈ, ਉਸ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਆਖਿਆ ਕਿ ਹੁਣ ਤੱਕ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਧੋਖਾ ਹੀ ਹੁੰਦਾ ਆਇਆ ਹੈ, ਕਿਉਂਕਿ ਪੈਰਾਸ਼ੂਟ ਰਾਹੀਂ ਆਏ ਲੋਕ ਸਭਾ ਮੈਂਬਰਾਂ ਨੇ ਜਿੱਤਣ ਤੋਂ ਬਾਅਦ ਕਦੇ ਵੀ ਹਲਕੇ ਵਿਚ ਆਪਣਾ ਮੂੰਹ ਨਹੀਂ ਦਿਖਾਇਆ। ਮਜੀਠੀਆ ਨੇ ਦਾਅਵੇ ਨਾਲ ਆਖਿਆ ਕਿ ਡਾ. ਦਲਜੀਤ ਸਿੰਘ ਚੀਮਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਹੀ ਜੰਮਪਲ ਪੜ੍ਹੇ-ਲਿਖੇ ਉਮੀਦਵਾਰ ਹਨ, ਜਿਨ੍ਹਾਂ ਨੂੰ ਲੋਕ ਸਭਾ ਵਿਚ ਭੇਜਣਾ ਸਰਹੱਦੀ ਹਲਕਾ ਗੁਰਦਾਸਪੁਰ ਅਤੇ ਸਮੁੱਚੇ ਪੰਜਾਬ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਅਜਿਹੀ ਸਿਆਸੀ ਪਾਰਟੀ ਹੈ, ਜਿਹੜੀ ਪੰਜਾਬ ਦੀ ਕਿਸਾਨੀ, ਵਪਾਰ, ਉਦਯੋਗ ਅਤੇ ਭਾਈਚਾਰਕ ਏਕਤਾ ਦੀ ਜਾਮਨ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸ਼ੁਰੂਆਤੀ ਇਕੱਠ ਨੇ ਡਾ. ਚੀਮਾ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ, ਬੱਸ ਐਲਾਨ ਹੀ ਬਾਕੀ ਹੈ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਗੁਰਦਾਸਪੁਰ ਜ਼ਿਲ੍ਹੇ ਤੋਂ ਹੀ ਕੀਤੀ ਸੀ ਅਤੇ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਅੱਜ ਲੋਕ ਸਭਾ ਵਿਚ ਗੁਰਦਾਸਪੁਰ ਦੀ ਨੁਮਾਇੰਦਗੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੇਵਾ ਦਾ ਮੌਕਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਮੁੱਖ ਏਜੰਡਾ ਲੋਕ ਸਭਾ ‘ਚ ਜਾ ਕੇ ਸਰਹੱਦੀ ਹਲਕੇ ਗੁਰਦਾਸਪੁਰ ਦਾ ਸਰਬਪੱਖੀ ਵਿਕਾਸ ਕਰਨਾ, ਬਟਾਲਾ ਦੀ ਖ਼ਤਮ ਹੋ ਚੁੱਕੀ ਲੋਹਾ ਸਨਅਤ ਨੂੰ ਮੁੜ ਸੁਰਜੀਤ ਕਰਨਾ, ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਸਥਿਤ ਅਣਗੌਲੀਆਂ ਹੋਈਆਂ ਵਿਰਾਸਤੀ ਥਾਵਾਂ ਨੂੰ ਸੰਭਾਲ ਕੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ, ਪਠਾਨਕੋਟ ਜ਼ਿਲ੍ਹੇ ‘ਚ ਕਾਰੋਬਾਰ ਦੇ ਵਿਕਾਸ ਲਈ ਕੇਂਦਰ ਤੋਂ ਯੋਗ ਸਹਾਇਤਾ ਦਿਵਾਉਣੀ, ਰਾਵੀ ਦਰਿਆ ਤੋਂ ਪਾਰਲੇ ਪਿੰਡਾਂ ਦੇ ਲੋਕਾਂ ਤੱਕ ਸਿਹਤ, ਸਿੱਖਿਆ ਅਤੇ ਸੜਕ ਦੀ ਵਿਵਸਥਾ ਮੁਹੱਈਆ ਕਰਵਾਉਣੀ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨਾ ਹੋਵੇਗਾ।
ਇਸ ਮੌਕੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਅਧੀਨ ਆਉਂਦੇ ਸਮੂਹ ਵਿਧਾਨ ਸਭਾ ਹਲਕਿਆਂ; ਗੁਰਦਾਸਪੁਰ ਦੇ ਹਲਕਾ ਇੰਚਾਰਜ਼ ਗੁਰਬਚਨ ਸਿੰਘ ਬੱਬੇਹਾਲੀ, ਫਤਹਿਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ਼ ਲਖਬੀਰ ਸਿੰਘ ਲੋਧੀਨੰਗਲ, ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ਼ ਰਵੀਕਰਨ ਸਿੰਘ ਕਾਹਲੋਂ, ਕਾਦੀਆਂ ਦੇ ਹਲਕਾ ਇੰਚਾਰਜ਼ ਗੁਰਇਕਬਾਲ ਸਿੰਘ ਮਾਹਲ, ਬਟਾਲਾ ਦੇ ਹਲਕਾ ਇੰਚਾਰਜ਼ ਨਰੇਸ਼ ਮਹਾਜਨ, ਦੀਨਾਨਗਰ ਦੇ ਹਲਕਾ ਇੰਚਾਰਜ਼ ਕੰਵਲਜੀਤ ਚਾਵਲਾ, ਭੋਆ ਦੇ ਹਲਕਾ ਇੰਚਾਰਜ਼ ਰਵੀ ਮੋਹਨ, ਪਠਾਨਕੋਟ ਦੇ ਹਲਕਾ ਇੰਚਾਰਜ਼ ਸੁਰਿੰਦਰ ਸਿੰਘ ਮਿੰਟੂ ਅਤੇ ਸੁਜਾਨਪੁਰ ਦੇ ਹਲਕਾ ਇੰਚਾਰਜ਼ ਰਾਜ ਕੁਮਾਰ ਗੁਪਤਾ ਨੇ ਡਾ. ਦਲਜੀਤ ਸਿੰਘ ਚੀਮਾ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਣ ਦਾ ਦਾਅਵਾ ਕੀਤਾ।
ਇਸ ਤੋਂ ਪਹਿਲਾਂ ਡਾ. ਦਲਜੀਤ ਸਿੰਘ ਚੀਮਾ ਦਾ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਆਉਣ ‘ਤੇ ਬਟਾਲਾ ਵਿਖੇ ਵੱਡੀ ਗਿਣਤੀ ਵਿਚ ਹਲਕੇ ਦੀ ਲੀਡਰਸ਼ਿਪ ਅਤੇ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਅਤੇ ਵਿਸ਼ਾਲ ਕਾਫਲੇ ਦੇ ਰੂਪ ਵਿਚ ਨੌਸ਼ਹਿਰਾ ਮੱਝਾ ਸਿੰਘ ਲਿਆਂਦਾ ਗਿਆ। ਇਸ ਮੌਕੇ ਹਾਜ਼ਰ ਅਕਾਲੀ ਲੀਡਰਸ਼ਿਪ ਵਿਚ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਮਰਜੀਤ ਸਿੰਘ ਚਾਵਲਾ, ਸੰਦੀਪ ਸਿੰਘ ਕਲੌਤਾ ਸ੍ਰੀ ਅਨੰਦਪੁਰ ਸਾਹਿਬ, ਪਰਮਜੀਤ ਸਿੰਘ ਮੱਕੜ ਰੂਪਨਗਰ, ਸੁਰਜੀਤ ਸਿੰਘ ਤੁਗਲਵਾਲ, ਜਸਬੀਰ ਸਿੰਘ ਘੁੰਮਣ, ਰਣਧੀਰ ਸਿੰਘ ਘੁੰਮਣ, ਲਖਵਿੰਦਰ ਸਿੰਘ ਘੁੰਮਣ, ਗੁਰਦੇਵ ਸਿੰਘ ਕਲੇਰ ਕਲਾਂ, ਸਰਵਣ ਸਿੰਘ ਤਤਲਾ, ਪਾਲ ਸਿੰਘ ਕਲੇਰ, ਮੇਜਰ ਸਿੰਘ ਮੂਲਿਆਂਵਾਲ, ਮਨਜੀਤ ਸਿੰਘ ਸੁਚੇਤਗੜ੍ਹ, ਲਖਵਿੰਦਰ ਸਿੰਘ ਘੁੰਮਣ, ਕੁਲਵੰਤ ਸਿੰਘ ਚੀਮਾ, ਕਸ਼ਮੀਰ ਸਿੰਘ ਬਰਿਆਰ, ਨਰਿੰਦਰ ਸਿੰਘ ਵਾੜਾ, ਸੋਨੂੰ ਔਲਖ, ਗੁਰਜੀਤ ਸਿੰਘ ਬਿਜਲੀਵਾਲ, ਤਰਸੇਮ ਸਿੰਘ ਚੌਧਰਪੁਰ, ਬੀਬੀ ਸ਼ਰਨਜੀਤ ਕੌਰ ਜੀੰਦੜ, ਜੋਗਰਾਜ ਸਿੰਘ ਬੀ.ਸੀ. ਵਿੰਗ, ਸਰਬਜੀਤ ਸਿੰਘ ਲਾਲੀਆ, ਦਲਬੀਰ ਸਿੰਘ, ਸੁਖਬੀਰ ਸਿੰਘ ਵਾਹਲਾ, ਗੁਰਜੀਤ ਸਿੰਘ ਬਿਜਲੀਵਾਲ, ਗੁਰਿੰਦਰ ਸਿੰਘ ਖਹਿਰਾ, ਹਰਨੇਕ ਸਿੰਘ ਦਾਬਾਂਵਾਲ, ਮਲਕੀਤ ਸਿੰਘ ਮਧਰਾ, ਗਗਨ ਚੀਮਾ, ਹਰਪ੍ਰੀਤ ਸਿੰਘ ਬਾਜਵਾ, ਜੈਦੀਪ ਸਿੰਘ ਬੋਪਾਰਾਏ ਅਤੇ ਤਰਲੋਕ ਸਿੰਘ ਬਾਠ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *