ਸਾਡੀ ਉਮੀਦਵਾਰ ਚੋਣ ਜਾਬਤੇ ਚ ਰਹਿਣਗੇ: ਗਿੱਲ
ਕਾਹਨੂੰਵਾਨ, ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ )— ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਉੰਕਾਰ ਸਿੰਘ ਸੋਨੂੰ ਨੇ ਅੱਜ ਬ੍ਰਹਮ ਗਿਆਨੀ ਬਾਬਾ ਬੀਰਮਦਾਸ ਦੇ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਦਾ ਆਸ਼ੀਰਵਾਦ ਲਿਆ।
ਦੱਸ ਦਈਏ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੀਟ ਤੋਂ ਪਲੇਠੀ ਵਾਰ ਚੋਣ ਲੜਨ ਜਾ ਰਹੇ ਉਂਕਾਰ ਸਿੰਘ ਸੋਨੂੰ ਨੈਸ਼ਨਲ ਯੂਥ ਪਾਰਟੀ ਦੇ ਸੂਬਾਈ ਪ੍ਰਧਾਨ ਸ੍ਰ: ਸਤਨਾਮ ਸਿੰਘ ਗਿੱਲ ਦੀ ਅਗਵਾਈ ਹੇਠ ਧੂਣਾ ਸਾਹਿਬ ਬਾਬਾ ਬੀਰਮ ਦਾਸ ਜੀ ਦੇ ਡੇਰੇ ਵਿਖੇ ਨਤਮਸਤਕ ਹੋਏ। ਬਾਬਾ ਜੀ ਦਾ ਅਸ਼ੀਰਵਾਦ ਲਿਆ ਅਤੇ ਬਾਬਾ ਸਤਨਾਮ ਸਿੰਘ ਦਾ ਥਾਪੜਾ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਸਤਨਾਮ ਸਿੰਘ ਨੇ ਓੰਕਾਰ ਸਿੰਘ ਸੋਨੂੰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਜਿੱਥੇ ਧਾਰਮਿਕ ਸਥਾਨ ਤੋਂ ਸਮੂਹ ਟੀਮ ਨੂੰ ਸਰੋਪੇ ਦੀ ਬਖਸ਼ਿਸ਼ ਹੋਈ। ਧਾਰਮਿਕ ਡੇਰੇ ਤੇ ਸੰਤਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰ: ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸਾਡੀ ਪਾਰਟੀ ਸਮਾਜਿਕ ਸਿਧਾਂਤਾਂ ਦੇ ਅਧਾਰਿਤ ਚੋਣ ਲੜ ਰਹੀ ਹੈ।
ਅਸੀਂ ਪੰਜਾਬ ਦੇ ਬੇਸ਼ਕੀਮਤੀ ਹਿੱਤਾਂ ਅਤੇ ਹੱਕਾਂ ਦੀ ਠੋਸ ਤਰੀਕੇ ਨਾਲ ਪੈਰਵਾਈ ਕਰਨ ਲਈ ਆਪਣੇ ਜਾਂਬਾਜ ਸਿਪਾਹੀਆਂ ਨੂੰ ਚੋਣ ਦੰਗਲ ਚ ਉਤਾਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਸਾਡੀ ਉਮੀਦਵਾਰ ਦੀ ਇਹ ਖਾਸੀਅਤ ਹੋਵੇਗੀ ਕਿ ਇਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਾਬਤੇ ਚ ਰਹਿ ਕੇ ਪਾਰਦਰਸ਼ੀ ਚੋਣ ਦਾ ਸਮਰਥਕ ਹੋਣਗੇ।