ਘੋੜਿਆਂ ਤੇ ਸਵਾਰ ਨੌਜਵਾਨ ਲੈ ਕੇ ਨਿਕਲੇ ਨਸ਼ਾ ਅਤੇ ਪ੍ਰਦੂਸ਼ਣ ਮੁਕਤ ਸਮਾਜ ਸਿਰਜਣ ਦਾ ਸੁਨੇਹਾ

ਗੁਰਦਾਸਪੁਰ

ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ 16 ਕਲਾਂ ਸੰਪੂਰਨ ਹੈ ਸਾਡਾ ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ

ਕਹਿੰਦੇ ,ਗੁਰੂਆਂ ਦੀ ਪਰੰਪਰਾ ਹੈ ਘੋੜ ਸਵਾਰੀ

ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)– ਫਰੈਂਡਸ ਹੋਰਸ ਕਲੱਬ ਵੱਲੋਂ ਨਸ਼ਾ ਰਹਿਤ ਸਮਾਜ ਅਤੇ ਵਾਤਾਵਰਨ ਦੀ ਸੁਰੱਖਿਆ ਦਾ ਸੁਨੇਹਾ ਲੈ ਕੇ ਅੱਜ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਕਲੱਬ ਨਾਲ ਜੁੜੇ ਨੌਜਵਾਨਾਂ ਵੱਲੋਂ ਇੱਕ ਘੋੜਿਆਂ ਦੀ ਮੈਰਾਥਨ ਦੋੜ ਦਾ ਆਯੋਜਨ ਕੀਤਾ ਗਿਆ ਜੋ ਨਸ਼ੇ ਲਈ ਬਦਨਾਮ ਪਿੰਡ ਜੋੜਾ ਛਤਰਾਂ ਤੋਂ ਸ਼ੁਰੂ ਹੋਈ ਅਤੇ ਲਗਭਗ 12 ਕਿਲੋਮੀਟਰ ਦਾ ਸਫਰ ਤੈ ਕਰਦੀ ਹੋਈ ਵੱਖ ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਮੁੜ ਜੋੜਾਂ ਛਤਰਾਂ ਵਿਖੇ ਹੀ ਖਤਮ ਹੋਈ। ਘੋੜਿਆਂ ਤੇ ਚੜੇ ਨੌਜਵਾਨ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਨਸ਼ਾ ਛੱਡਣ ਅਤੇ ਲੋਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਨਜ਼ਰ ਆਏ।ਐਸਐਸਪੀ ਗੁਰਦਾਸਪੁਰ ਦਾਅਮਾ ਹਰੀਸ਼ ਕੁਮਾਰ ਵੀ ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਗਈ ਇਸ ਵੱਖਰੀ ਤਰ੍ਹਾਂ ਦੀ ਮੁਹਿੰਮ ਵਿੱਚ ਸ਼ਾਮਿਲ ਹੋਏ।

ਗੱਲਬਾਤ ਦੌਰਾਨ ਐਸਐਸਪੀ ਦਾਅਮਾ ਹਰੀਸ਼ ਕੁਮਾਰ ਨੇ ਫਰੈਂਡਸ ਹੋਰਸ ਕਲੱਬ ਦੇ ਨੌਜਵਾਨਾਂ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਦੱਸਿਆ ਕਿ ਨਸ਼ੇ ਲਈ ਬਦਨਾਮ ਪਿੰਡ ਜੌੜਾ ਛਤਰਾਂ ਵਿੱਚ ਪਿੰਡ ਨੂੰ ਗੋਦ ਲੈ ਕੇ ਪੁਲਿਸ ਵੱਲੋਂ ਵੀ ਸੈਮੀਨਾਰ ਲਗਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣ ਦੇ ਉਪਰਾਲੇ ਕੀਤੇ ਗਏ ਹਨ ਅਤੇ ਹੁਣ ਇਹ ਪਿੰਡ ਨਸ਼ੇ ਦੀ ਗ੍ਰਿਫਤ ਤੋਂ ਲਗਭਗ ਨਿਕਲ ਚੁੱਕਿਆ ਹੈ । ਜਿਲਾ ਗੁਰਦਾਸਪੁਰ ਪੁਲਿਸ ਦਾ ਮੁੱਖ ਉਦੇਸ਼ ਗੁਰਦਾਸਪੁਰ ਜਿਲੇ ਨੂੰ ਨਸ਼ਾ ਮੁਕਤ ਕਰਨਾ ਹੈ ਜਿਸ ਲਈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਘੋੜ ਸਵਾਰੀ ਜਿਹੇ ਮਜੇਦਾਰ ਸ਼ੌਂਕ ਨੂੰ ਖੇਡ ਦੇ ਤੌਰ ਤੇ ਅਪਣਾ ਕੇ ਤੰਦਰੁਸਤ ਵੀ ਰਹਿ ਸਕਦੇ ਹਨ ਅਤੇ ਨਸ਼ਾ ਮੁਕਤ ਵੀ।
ਇਸ ਮੌਕੇ ਤੇ ਸ਼ਹਿਰ ਧਾਰੀਵਾਲ ਦੇ ਨੌਜਵਾਨ ਆਗੂ ਅਮਨ ਚਾਹਲ ਨੇ ਕਿਹਾ ਕਿ ਫਰੈਂਡਸ ਕਲੱਬ ਨਾਲ ਜੁੜੇ ਨੌਜਵਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਘੋੜੀਆਂ ਦੇ ਉੱਪਰ ਬੈਠ ਕੇ ਪਿੰਡ ਪਿੰਡ ਜਾ ਕੇ ਇੱਕ ਨਵੇਕਲੇ ਤਰੀਕੇ ਦੇ ਨਾਲ ਨਸ਼ਾ ਵਿਰੋਧੀ ਅਭਿਆਨ ਚਲਾ ਰਹੇ ਹਨ ਇਸ ਦਾ ਮੁੱਖ ਉਦੇਸ਼ ਪਿੰਡ ਪਹੁੰਚ ਕੇ ਨੌਜਵਾਨਾਂ ਤੱਕ ਪਹੁੰਚ ਕਰਨੀ ਹੈ ਅਤੇ ਉਹਨਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਉਹ ਨਸ਼ੇ ਛੱਡ ਕੇ ਖੇਡਾਂ ਅਤੇ ਆਪਣੀ ਪੁਰਾਤਨ ਵਿਰਾਸਤ ਦੇ ਨਾਲ ਜੁੜਨ। ਉਹਨਾਂ ਕਿਹਾ ਕਿ ਘੋੜ ਸਵਾਰੀ ਇੱਕ ਸ਼ੌਂਕ ਹੀ ਨਹੀਂ ਅਜਿਹੀ ਕਸਰਤ ਵੀ ਹੈ ਜਿਸ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ ਅਤੇ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਵੱਧ ਤੋਂ ਵੱਧ ਨੌਜਵਾਨ ਘੁੜ ਸਵਾਰੀ ਨਾਲ ਜੁੜ ਕੇ ਗੁਰੂਆਂ ਦੀ ਇਸ ਦੇਣ ਨੂੰ ਮੁੜ ਤੋਂ ਅਪਣਾਉਣ ਅਤੇ ਵਧੀਆ ਨਸ਼ਾ ਰਹਿਤ ਅਤੇ ਪ੍ਰਦੂਸ਼ਣ ਮੁਕਤ ਸਮਾਜ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਉਥੇ ਪਿੰਡ ਜੋੜਾ ਤੋਂ ਯੂਥ ਆਗੂ ਵਰਿੰਦਰਜੀਤ ਸਿੰਘ ਗਿੰਦੀ ਨੇ ਦੱਸਿਆ ਕਿ ਫਰੈਂਡਸ ਹੋਰਸ ਕਲੱਬ ਕੋਲ 20 ਘੋੜੇ ਹਨ ਅਤੇ ਉਹ ਨੌਜਵਾਨਾਂ ਨੂੰ ਗੁਰੂਆਂ ਦੀ ਇਸ ਅਨਮੋਲ ਵਿਰਾਸਤ ਨੂੰ ਪੁਨਰ ਜਾਗਰਤ ਕਰਨ ਦੀ ਦਿਸ਼ਾ ਵੱਲ ਨੌਜਵਾਨਾਂ ਨੂੰ ਤੋਰਨ ਦਾ ਕੰਮ ਕਰ ਰਹੇ ਹਨ।

ਵਰਣਯੋਗ ਹੈ ਕਿ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਐਸ.ਐਸ.ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਵੱਲੋਂ ਵੱਡੇ ਉਪਰਾਲੇ ਕੀਤਾ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਲਾਹਨਤ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *