ਗੁਰਦਾਸਪੁਰ,4 ਜਨਵਰੀ (ਸਰਬਜੀਤ ਸਿੰਘ)– ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਮਮਤਾ ਖੁਰਾਣਾ ਸੇਠੀ ਵੱਲੋਂ ਅੱਜ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਬੁਲਖੈਰ, ਸਰਕਾਰੀ ਮਿਡਲ ਸਕੂਲ ਧਾਰੋਚੱਕ, ਸਰਕਾਰੀ ਪ੍ਰਾਇਮਰੀ ਸਕੂਲ ਧਾਰੋਚੱਕ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਰਿਆਰ ਦੇ ਨਿਰੀਖਣ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਚੈੱਕ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਮਿਡ ਡੇਅ ਮੀਲ ਬਣਾਉਣ ਵਾਲੀਆਂ ਰਸੋਈਆਂ ਦੀ ਸਾਫ਼-ਸਫ਼ਾਈ ਦਾ ਨਿਰੀਖਣ ਵੀ ਕੀਤਾ। ਆਪਣੇ ਦੌਰੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਮਿਸ਼ਨ ਸਮਰੱਧ ਤਹਿਤ ਵਿਦਿਆਰਥੂਆਂ ਦੇ ਪੜ੍ਹਨ ਪੱਧਰ ਨੂੰ ਦੇਖਿਆ।
ਇਸ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਨੇ ਦੱਸਿਆ ਕਿ ਮਾਣਯੋਗ ਸਕੱਤਰ, ਸਕੂਲ ਸਿੱਖਿਆ ਵਿਭਾਗ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ਤਹਿਤ ਸਕੂਲਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਨਾਲ ਹੀ ਸਕੂਲਾਂ ਵਿੱਚ ਜੋ ਘਾਟਾਂ ਹਨ ਉਨ੍ਹਾਂ ਨੂੰ ਨੋਟ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ।