ਬਾਈਪਾਸ ਦੀ ਸੜਕ ਉੱਪਰ ਪ੍ਰੀਮਿਕਸ ਪੈਣ ਦਾ ਕੰਮ ਸ਼ੁਰੂ ਹੋਇਆ
ਹੁਣ ਵਿਕਾਸ ਦੇ ਕੰਮ ਨਿਰਵਿਘਨ ਰਹਿਣਗੇ ਜਾਰੀ-ਬਹਿਲ
ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)— ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਵਾਸੀਆਂ ਦੀ ਇੱਕ ਪੁਰਾਣੀ ਸਮੱਸਿਆ ਨੂੰ ਹੱਲ ਕਰਦਿਆਂ ਅੱਜ ਬੱਬਰੀ ਬਾਈਪਾਸ ਤੋਂ ਤ੍ਰਿਮੋ ਰੋਡ ਬਾਈਪਾਸ ਗੁਰਦਾਸਪੁਰ ਦੀ ਸੜਕ ਉੱਪਰ ਪ੍ਰੀਮਿਕਸ ਪਵਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। 5.97 ਕਿਲੋਮੀਟਰ ਲੰਬੀ ਇਸ ਸੜਕ ਉੱਪਰ ਕੁੱਲ ਲਾਗਤ 3.21 ਕਰੋੜ ਰੁਪਏ ਆਵੇਗੀ ਜਦਕਿ ਪੰਜ ਸਾਲ ਇਸਦੀ ਮੇਂਟੀਨੈਂਸ ਉੱਪਰ 34.90 ਲੱਖ ਰੁਪਏ ਖਰਚ ਕੀਤੇ ਜਾਣਗੇ।
ਗੁਰਦਾਸਪੁਰ ਦੇ ਬਾਈਪਾਸ ’ਤੇ ਪ੍ਰੀਮਿਕਸ ਪਵਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸੜਕ ਦਾ ਇਹ ਕੰਮ ਬੜੇ ਚਿਰਾਂ ਤੋਂ ਰੁਕਿਆ ਹੋਇਆ ਸੀ ਅਤੇ ਲੋਕਾਂ ਵੱਲੋਂ ਲਗਾਤਾਰ ਇਸ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਸ੍ਰੀ ਬਹਿਲ ਨੇ ਕਿਹਾ ਕਿ ਲੋਕਾਂ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ ਅਤੇ ਅੱਜ ਸੜਕ ਬਣਨ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਾਈਪਾਸ ਦੀ ਸੜਕ ਬਣਨ ਨਾਲ ਹੁਣ ਗੁਰਦਾਸਪੁਰ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਰਾਹਗੀਰਾਂ ਨੂੰ ਵੱਡੀ ਸਹੂਲਤ ਮਿਲੇਗੀ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ। ਲੋਕ ਭਲਾਈ ਸਕੀਮਾਂ ਜਰੀਏ ਹਰ ਵਰਗ ਦਾ ਖਿਆਲ ਰੱਖਿਆ ਜਾ ਰਿਹਾ ਹੈ। ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੂਬੇ ਦਾ ਅਵਾਮ ਪੂਰੀ ਤਰ੍ਹਾਂ ਸੰਤੁਸ਼ਟ ਹੈ। ਇਸ ਮੌਕੇ ਉਨ੍ਹਾਂ ਨਾਲ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਲਵਜੀਤ ਸਿੰਘ, ਜੇ.ਈ. ਲਖਬੀਰ ਸਿੰਘ, ਸਤਨਾਮ ਸਿੰਘ, ਮਾਸਟਰ ਮੁਖਤਾਰ ਸਿੰਘ ਨਬੀਪੁਰ, ਤੇਜਬੀਰ ਸਿੰਘ ਆਲੇਚੱਕ, ਦਰਸ਼ਨ ਸਿੰਘ ਪਿੰਡ ਸਰਾਵਾਂ, ਬਰਿਜ ਕਾਲੀਆ ਅਤੇ ਨਰਿੰਦਰ ਸਿੰਘ ਨਬੀਪੁਰ ਸਮੇਤ ਹੋਰ ਇਲਾਵਾ ਨਿਵਾਸੀ ਹਾਜ਼ਰ ਸਨ।