ਵਿਚਾਰ ਗੋਸ਼ਟੀ ਵਿੱਚ 3 ਵਿਚਾਰ ਉਤੇਜਿਤ ਪਰਚੇ ਪੜੇ–ਕੇਂਦਰੀ ਕਮੇਟੀ ਮੈਂਬਰ ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ
ਭਾਰਤ ਦੇ ਫੈਡਰੇਸ਼ਨ ਢਾਂਚੇ ਨੂੰ ਮਜਬੂਤ ਕਰਨ ਤੇ ਜੋਰ ਦਿੱਤਾ-ਮਾਲਵਿੰਦਰ ਸਿੰਘ ਮਾਲੀ
ਮਾਨਸਾ, ਗੁਰਦਾਸਪੁਰ, 29 ਅਕਤੂਬਰ (ਸਰਬਜੀਤ ਸਿੰਘ)– ਅੱਜ ਇਥੇ ਬੱਚਤ ਭਵਨ ਵਿਖੇ ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵੱਲੋਂ ਸਾਂਝੇ ਤੌਰ ਤੇ ਪ੍ਰੋਫੈਸਰ ਅਜਾਇਬ ਸਿੰਘ ਟਿਵਾਣਾ ਦੀ ਇਤਿਹਾਸਕ ਅਹਿਮੀਅਤ ਵਾਲੀ ਕਿਤਾਬ ‘ਪੰਜਾਬ ਸਟੂਡੈਂਟ ਯੂਨੀਅਨ ਇਤਿਹਾਸ ਦੀਆਂ ਝਲਕਾਂ’ ਉਤੇ ਇਕ ਭਰਵੀਂ ਵਿਚਾਰ ਗੋਸ਼ਟੀ ਕਰਵਾਈ ਗਈ।
ਪ੍ਰੋ. ਬਾਵਾ ਸਿੰਘ, ਕੰਵਲਜੀਤ ਖੰਨਾ, ਮਾਲਵਿੰਦਰ ਸਿੰਘ ਮਾਲੀ, ਸੁਖਦੇਵ ਸਿੰਘ ਪਾਂਧੀ, ਅਜਾਇਬ ਸਿੰਘ, ਡਾ ਕੁਲਦੀਪ ਸਿੰਘ ਤੇ ਡਾ ਮੇਘਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਚਾਰ ਗੋਸ਼ਟੀ ਵਿੱਚ ਪੀਐਸਯੂ ਦੀਆਂ ਵੱਖ ਵੱਖ ਧਿਰਾਂ ਅਤੇ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਔਰਤ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਭਰਵੀ ਹਾਜ਼ਰੀ ਲਵਾਈ। ਗੋਸ਼ਟੀ ਦੇ ਆਰੰਭ ਵਿੱਚ ਪ੍ਰਬੰਧਕਾਂ ਵੱਲੋਂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਸਾਰੇ ਪਹੁੰਚੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਇਸ ਵਿਚਾਰ ਗੋਸ਼ਟੀ ਦੇ ਮਕਸਦ ਬਾਰੇ ਦੱਸਿਆ। ਵਿਚਾਰ ਗੋਸ਼ਟੀ ਵਿੱਚ ਤਿੰਨ ਵਿਚਾਰ ਉੱਤੇਜਿਕ ਪਰਚੇ ਪੜੇ ਗਏ। ਪ੍ਰੋਫੈਸਰ ਕੁਲਦੀਪ ਸਿੰਘ ਨੇ ਆਪਣੇ ਪਰਚੇ ਵਿੱਚ ਕਿਹਾ ਕਿ ਜੇਕਰ ਵਿਦਿਆਰਥੀ ਜਥੇਬੰਦੀਆਂ ਵੱਲੋਂ ਆਪਣੀਆਂ ਸਰਗਰਮੀਆਂ ਸਿੱਖਿਆ ਨੀਤੀਆਂ ਉਤੇ ਕੇਂਦਰਿਤ ਨਹੀਂ ਕੀਤੀਆਂ ਜਾਂਦੀਆਂ, ਤਾਂ ਉਹਨਾਂ ਚੋਂ ਨਿਕਲਣ ਵਾਲੀ ਰਾਜਨੀਤੀ ਵੀ ਸਾਰਥਿਕ ਸਿੱਟੇ ਪੇਸ਼ ਨਹੀਂ ਕਰ ਸਕੇਗੀ। ਉਹਨਾਂ ਸੰਸਾਰ ਦੀਆਂ ਵੱਖ ਵੱਖ ਵਿਦਿਆਰਥੀ ਲਹਿਰਾਂ ਦੀਆਂ ਮਿਸਾਲਾਂ ਦੇ ਕੇ ਕਿਹਾ ਕਿ ਰਾਜਨੀਤੀ ਅਤੇ ਵਿਦਿਆਰਥੀਆਂ ਦਾ ਅਟੁੱਟ ਰਿਸ਼ਤਾ ਹੈ। ਡਾਕਟਰ ਮੇਘਾ ਸਿੰਘ ਨੇ ਆਪਣੇ ਪਰਚੇ ਵਿੱਚ ਕਿਤਾਬ ਬਾਰੇ ਬਹੁਤ ਸਾਰਥਿਕ ਢੰਗ ਨਾਲ ਜਾਣ ਪਛਾਣ ਕਰਵਾਈ। ਸਾਬਕਾ ਵਿਦਿਆਰਥੀ ਆਗੂ ਜਗਦੇਵ ਸਿੰਘ ਜੱਗਾ ਨੇ ਵਿਦਿਆਰਥੀਆਂ ਇੱਕੋ ਇੱਕ ਸਾਂਝੀ ਜਥੇਬੰਦੀ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਤੋਂ ਬਾਅਦ ਕਿਤਾਬ ਅਤੇ ਪੜ੍ਹੇ ਗਏ ਪੇਪਰਾਂ ਉੱਪਰ ਗੰਭੀਰ ਵਿਚਾਰ ਵਟਾਂਦਰਾ ਹੋਇਆ। ਸੰਵਾਦ ਦਾ ਆਰੰਭ ਸਾਬਕਾ ਵਿਦਿਆਰਥੀ ਆਗੂ ਕੰਵਲਜੀਤ ਖੰਨਾ ਨੇ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਵਿੱਚ ਰਾਜਨੀਤੀ ਦਾ ਪ੍ਰਵੇਸ਼ ਜਰੂਰੀ ਅਤੇ ਸੁਭਾਵਿਕ ਹੈ ਜੇਕਰ ਸਮਾਜ ਵਿੱਚ ਵੱਖੋ ਵੱਖਰੀਆਂ ਪਾਰਟੀਆਂ ਅਤੇ ਗਰੁੱਪ ਕੰਮ ਕਰ ਰਹੇ ਹਨ ਤਾਂ ਵਿਦਿਆਰਥੀ ਜਥੇਬੰਦੀਆਂ ਦਾ ਵੀ ਵੱਖੋ ਵੱਖਰੇ ਗਰੁੱਪਾਂ ਵਿੱਚ ਵੰਡੇ ਜਾਣਾ ਸੁਭਾਵਿਕ ਹੈ। ਮਾਲਵਿੰਦਰ ਸਿੰਘ ਮਾਲੀ ਨੇ ਭਾਰਤ ਦੇ ਫੈਡਰਲ ਢਾਂਚੇ ਨੂੰ ਮਜਬੂਤ ਕਰਨ ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਭਾਰਤ ਕੌਮੀਅਤਾਂ ਦਾ ਜੇਲਖਾਨਾ ਹੈ ਸਾਨੂੰ ਸਿਰਫ ਸੰਸਾਰ ਦੇ ਇਤਿਹਾਸ ਤੋਂ ਹੀ ਨਹੀਂ ਪੰਜਾਬ ਦੇ ਇਤਿਹਾਸ ਤੋਂ ਵੀ ਬਹੁਤ ਕੁਝ ਸਿੱਖਣਾ ਚਾਹੀਦਾ ਹੈ। ਸੁਖਦੇਵ ਪਾਂਧੀ ਨੇ ਆਪਣੀ ਗੱਲਬਾਤ ਵਿੱਚ ਜਗਦੇਵ ਸਿੰਘ ਜੱਗਾ ਦੇ ਪਰਚੇ ਦੀ ਹਮਾਇਤ ਕੀਤੀ। ਸਾਬਕਾ ਵਿਦਿਆਰਥੀ ਆਗੂ ਡਾਕਟਰ ਅਵਤਾਰ ਨੇ ਵਿਚਾਰਧਾਰਕ ਵਖਰੇਵਿਆਂ ਨੂੰ ਨਾਲ ਲੈ ਕੇ ਚਲਦਿਆਂ ਵੀ ਸੰਵਾਦ ਜਾਰੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਵਿਚਾਰ ਚਰਚਾ ਵਿੱਚ ਬਲਵਿੰਦਰ ਚਹਿਲ, ਪੀਆਰਐਸਯੂ ਦੇ ਰਸ਼ਪਿੰਦਰ ਜਿੰਮੀ, ਪੀਐੱਸਯੂ (ਲਲਕਾਰ) ਦੇ ਗੁਰਵਿੰਦਰ, ਆਇਸਾ ਦੇ ਸਾਬਕਾ ਆਗੂ ਹਰਮਨਦੀਪ ਹਿੰਮਤਪੁਰਾ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਹਰਦੀਪ ਸਿੰਘ ਘੁੱਦਾ, ਜਸਪਾਲ ਖੋਖਰ, ਲਕਸ਼ਮੀ ਨਰਾਇਣ ਭੀਖੀ, ਸੁਖਦੇਵ ਸਿੰਘ ਭੂੰਦੜੀ, ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ, ਡਾ. ਹਰਿੰਦਰ ਸਿੰਘ ਜੀਰਾ, ਸੁਰਜੀਤ ਦੌਧਰ ਨੇ ਵੀ ਸ਼ਿਰਕਤ ਕੀਤੀ।
ਵਿਚਾਰ ਚਰਚਾ ਦੇ ਆਖੀਰ ਵਿਚ ਕਿਤਾਬ ਦੇ ਲੇਖਕ ਪ੍ਰੋਫੈਸਰ ਅਜਾਇਬ ਸਿੰਘ ਟਿਵਾਣਾ ਨੇ ਕਿਹਾ ਕਿ ਰੂਸ ਤੇ ਚੀਨ ਵਿਚ ਸਮਾਜਵਾਦੀ ਨਿਜ਼ਾਮ ਨੂੰ ਧੱਕਾ ਲੱਗਣਾ ਤੋਂ ਬਾਅਦ ਜਿੰਨਾ ਵੱਡਾ ਸੰਕਟ ਸਾਡੇ ਸਾਹਮਣੇ ਦਰਪੇਸ਼ ਹੈ, ਅਸੀਂ ਉਹਨਾਂ ਸੰਕਟਾਂ ਦਾ ਸਾਹਮਣਾ ਕਰਨ ਲਈ ਅਜੇ ਪੂਰੀ ਤਰ੍ਹਾਂ ਗੰਭੀਰ ਨਹੀਂ ਹੋਏ। ਸਾਨੂੰ ਅਜਿਹੀਆਂ ਬੇਸ਼ੁਮਾਰ ਗੋਸ਼ਟੀਆਂ ਦੀ ਜਰੂਰਤ ਹੈ ਅਤੇ ਸਾਨੂੰ ਆਪਣੇ ਇਤਿਹਾਸ ਦੀ ਪੜਚੋਲ ਵਿਗਿਆਨਿਕ ਢੰਗ ਨਾਲ ਅਤੇ ਆਪਣੀਆਂ ਗਲਤੀਆਂ ਨੂੰ ਮੰਨ ਕੇ ਕਰਨੀ ਚਾਹੀਦੀ ਹੈ। ਅੰਤ ਵਿਚ ਪ੍ਰੋਫੈਸਰ ਬਾਵਾ ਸਿੰਘ ਨੇ ਬਹਿਸ ਨੂੰ ਸਮੇਟਦਿਆਂ ਅਜਿਹਾ ਸਾਰਥਕ ਸੰਵਾਦ ਜਾਰੀ ਰੱਖਣ ਅਤੇ ਫਾਸ਼ੀਵਾਦ ਨੂੰ ਹਰਾਉਣ ਲਈ ਇਕਜੁੱਟ ਹੋ ਕੇ ਜਦੋਜਹਿਦ ਕਰਨ ਦੀ ਜ਼ਰੂਰਤ ਉਤੇ ਜ਼ੋਰ ਦਿੱਤਾ। ਅਜਮੇਰ ਅਕਲੀਆ ਤੇ ਸੁਖਵਿੰਦਰ ਸਿੰਘ ਭਾਗੀਵਾਂਦਰ ਨੇ ਅਪਣੇ ਗਾਏ ਇਨਕਲਾਬੀ ਗੀਤਾਂ ਨਾਲ ਗੋਸ਼ਟੀ ਨੂੰ ਵੱਖਰਾ ਸਾਹਿਤਕ ਰੰਗ ਦਿੱਤਾ। ਇਸ ਗੋਸ਼ਟੀ ਨੂੰ ਜਥੇਬੰਦ ਕਰਨ ਵਿੱਚ ਸੁਖਦਰਸ਼ਨ ਸਿੰਘ ਨੱਤ, ਅਮੋਲਕ ਡੇਲੂਆਣਾ, ਰਾਜਵਿੰਦਰ ਮੀਰ, ਹਰਗਿਆਨ ਢਿੱਲੋ ਅਤੇ ਜਸਪਾਲ ਖੋਖਰ ਦੀ ਟੀਮ ਨੇ ਸਖਤ ਮਿਹਨਤ ਕੀਤੀ।ਮੰਚ ਸੰਚਾਲਨ ਦੀ ਜਿੰਮੇਵਾਰੀ ਰਾਜਵਿੰਦਰ ਮੀਰ ਨੇ ਨਿਭਾਈ।