ਨਕਸਲਬਾੜੀ ਦੇ ਰਾਹ ’ਤੇ ਆਖ਼ਰੀ ਸਾਹਾਂ ਤੱਕ ਡਟੇ ਰਹੇ ਇਨਕਲਾਬੀ ਲੇਖਕ ਅਤੇ ਬੁੱਧੀਜੀਵੀ ਕਾਮਰੇਡ ਬਾਰੂ ਸਤਵਰਗ ਨੂੰ ਲਾਲ ਸਲਾਮ।
ਉਹ ਸਹੀ ਮਾਅਨਿਆਂ ਵਿੱਚ ਆਪਣੀ ਕਹਿਣੀ ਤੇ ਕਰਨੀ ਵਿੱਚ ਲੋਕਾਂ ਦੇ ਬੁੱਧੀਜੀਵੀ ਸਨ।
ਉਹ ਦੱਬੇ –ਕੁਚਲੇ ਵਰਗਾਂ ਲਈ ਸਿਰਫ਼ ਲਿਖਦੇ ਹੀ ਨਹੀਂ ਸਨ,
ਉਨ੍ਹਾਂ ਦੇ ਸੰਘਰਸ਼ਾਂ ਦੀ ਅਗਵਾਈ ਵੀ ਕਰਦੇ ਸਨ।
ਬਠਿੰਡਾ, ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)– ਕਾਮਰੇਡ ਬਾਰੂ ਸਤਵਰਗ ਦਾ ਜਨਮ 13 ਅਕਤੂਬਰ 1945 ਨੂੰ ਪੰਜਾਬ ਦੇ ਸਭ ਤੋਂ ਵੱਡੇ ਪਿੰਡਾਂ ਵਿਚੱ ਇਕੱ ਮਹਿਰਾਜ, ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ ਫੂਲ ਵਿੱਚ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਢਿਲਵਾਂ ਮੌੜ ਸੀ। ਉਨ੍ਹਾਂ ਦੀ ਮਾਤਾ ਦਾ ਨਾਮ ਭਗਵਾਨ ਕੌਰ ਅਤੇ ਪਿਤਾ ਦਾ ਨਾਮ ਭਗਤ ਸਿੰਘ ਸੀ। 25 ਅਗਸਤ 2023 ਨੂੰ ਉਹ ਇਨਕਲਾਬੀ ਲਹਿਰ ਨੂੰ ਆਖਰੀ ਸਲਾਮ ਕਹਿ ਕੇ ਸਦਾ ਲਈ ਅਲਵਿਦਾ ਆਖ ਗਏ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਪੰਜਾਹ ਵਰ੍ਹੇ ਨਕਸਲਬਾੜੀ ਲਹਿਰ ਦੇ ਲੇਖੇ ਲਾਏ। ਉਨ੍ਹਾਂ ਵੱਲੋਂ ਲਿਖੀਆਂ ਕਹਾਣੀਆਂ, ਕਵਿਤਾਵਾਂ, ਨਾਵਲ, ਰਸਾਲੇ ਅਤੇ ਲੇਖ ਹਮੇਸ਼ਾ ਦੱਬੇ-ਕੁਚਲੇ ਲੋਕਾਂ ਨੂੰ ਲਮਕਵੇਂ ਲੋਕ-ਯੁੱਧ ਲਈ ਪ੍ਰੇਰਿਤ ਕਰਦੇ ਰਹਿਣਗੇ।
ਉਹ ਸਿਰਫ਼ ਇੱਕ ਸਾਹਿਤਕਾਰ ਹੀ ਨਹੀਂ ਸਨ, ਉਹ ਕਮਿਊਨਿਸਟ ਇਨਕਲਾਬੀ ਸਨ ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਦੀ ਲੇਖਣੀ ’ਤੇ ਸ਼ੁਰੂ ਤੋਂ ਹੀ ਯੇਨਾਨ ਕਲਾ ਗੋਸ਼ਟੀ ਵਿੱਚ ਕਾਮਰੇਡ ਮਾਓ ਵੱਲੋਂ ਦਿੱਤੇ ਗਏ ਭਾਸ਼ਣ ਦਾ ਅਸਰ ਸੀ। ਉਮਰ ਦੇ ਆਖ਼ਰੀ ਪੜਾਅ ’ਤੇ ਵੀ ਉਹ ਕਦੇ ਨਵੇਂ ਲੇਖਕ ਨੂੰ ਉਸ ਦੀ ਮਹੱਤਤਾ ਦੱਸਣ ਤੋਂ ਨਹੀਂ ਖੁੰਝੇ। ਯੇਨਾਨ ਕਲਾ ਗੋਸ਼ਟੀ ਦੇ ਭਾਸ਼ਣ ਦਾ ਸਾਰ ਇਹ ਹੈ ਕਿ- ਇਨਕਲਾਬ ਨੂੰ ਸਾਹਿਤਕਾਰਾਂ ਦੀ ਨਹੀਂ, ਇਨਕਲਾਬੀ ਸਾਹਿਤਕਾਰਾਂ ਦੀ ਲੋੜ ਹੈ। ਜੋ ਸਾਹਿਤ ਲੋਕਾਂ ਨੂੰ ਹਥਿਆਰਬੰਦ ਲੋਕ-ਯੁੱਧ ਲਈ ਪ੍ਰੇਰਿਤ ਕਰੇ। ਦੂਸਰਾ, ਸਾਹਿਤਕਾਰ ਨੂੰ ਇਨਕਲਾਬੀ ਲੋਕਾਂ ਅਤੇ ਇਨਕਲਾਬੀ ਲੋਕ ਲਹਿਰਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ ਤਾਂ ਹੀ ਉਹ ਲੋਕਾਂ ਦਾ ਸਾਹਿਤਕਾਰ ਅਤੇ ਇਨਕਲਾਬੀ ਸਾਹਿਤਕਾਰ ਬਣ ਸਕਦਾ ਹੈ।
ਕਾਮਰੇਡ ਬਾਰੂ ਸਤਵਰਗ ਨੇ ਸਾਰੀ ਉਮਰ ਇਸ ਗੱਲ ਨੂੰ ਆਪਣੇ ਪੱਲੇ ਨਾਲ ਬੰਨ੍ਹੀਂ ਰੱਖਿਆ। ਉਹ ਕਾਮਰੇਡ ਚਾਰੂ ਮਜ਼ੂਮਦਾਰ ਦੀ ਅਗਵਾਈ ਹੇਠ ਉੱਠੀ ਨਕਸਲਬਾੜੀ ਲਹਿਰ ਨਾਲ ਸਿੱਧੇ ਤੌਰ ’ਤੇ ਜੁੜੇ, ਇਸ ਦੇ ਕਾਰਕੁਨ ਬਣੇ, ਅਤੇ ਇਸ ਦੀ ਅਗਵਾਈ ਕਰਨ ਵਾਲੇ ਦਸਤੇ ਵਿੱਚ ਸ਼ਾਮਲ ਹੋਏ। ਉਹ ਇੱਕ ਕਾਰਕੁਨ ਵਜੋਂ ਹਮੇਸ਼ਾ ਤਿਆਰ ਰਹੇ। ਉਹ ਮਜ਼ਦੂਰ ਲਹਿਰ ਦੇ ਆਗੂ ਵੀ ਬਣੇ ਅਤੇ ਦੂਜੇ ਹੱਥ ਵਿੱਚ ਕਲਮ ਫੜ ਕੇ ਸਾਹਿਤਕਾਰ ਵੀ ਬਣੇ। ਇੱਕ ਪਾਸੇ ਉਹ ਮਜ਼ਦੂਰਾਂ ਦੀ ਕਹਾਣੀ ਲਿਖ ਰਹੇ ਸਨ, ਦੂਜੇ ਪਾਸੇ ਕਿਰਤੀ ਮਜ਼ਦੂਰ ਯੂਨੀਅਨ ਬਣਾ ਕੇ ਉਨ੍ਹਾਂ ਦੇ ਸੰਘਰਸ਼ਾਂ ਦੀ ਅਗਵਾਈ ਵੀ ਕਰਦੇ ਸਨ।
ਕਾਮਰੇਡ ਬਾਰੂ ਸਤਵਰਗ 1964-65 ਵਿੱਚ ਆਪਣੇ ਸਕੂਲ ਦੇ ਦਿਨਾਂ ਦੌਰਾਨ ਅਗਾਂਹਵਧੂ ਰਾਜਨੀਤੀ ਦੇ ਸੰਪਰਕ ਵਿੱਚ ਆਏ। ਆਪਣੇ ਅਧਿਆਪਕਾਂ ਤੋਂ ਪ੍ਰੇਰਿਤ ਹੋ ਕੇ ਅਗਾਂਹਵਧੂ ਸਾਹਿਤ ਪੜ੍ਹਨਾ ਸ਼ੁਰੂ ਕੀਤਾ। ਖੁਦ ਵੀ ਕਲਮ ਵਾਹੁਣੀ ਸ਼ੁਰੂ ਕੀਤੀ। ਸ਼ਹੀਦ ਭਗਤ ਸਿੰਘ ਦੇ ਜਮਾਤੀ ਮਾਸਟਰ ਗੁਰਨਾਮ ਉਨ੍ਹਾਂ ਦਾ ਅਧਿਆਪਕ ਸੀ। ਸੀ.ਪੀ.ਐਮ ਵੱਲੋਂ ਖੁਸ਼ਹੈਸੀਅਤ ਟੈਕਸ ਖਿਲਾਫ਼ ਚਲਾਏ ਅੰਦੋਲਨ ਦੌਰਾਨ ਕਾਮਰੇਡ ਬਾਰੂ ਸਤਵਰਗ ਦਾ ਮੁੱਖ ਅਧਿਆਪਕ ਗ੍ਰਿਫਤਾਰ ਹੋ ਗਿਆ ਸੀ। ਜਦੋਂ ਜੇਲ੍ਹ ਤੋਂ ਰਿਹਾਅ ਕੇ ਆਇਆ ਉਨ੍ਹਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਹ ਉਨ੍ਹਾਂ ਦਾ ਪਹਿਲਾ ਪ੍ਰਦਰਸ਼ਨ ਸੀ।
ਕਾਮਰੇਡ ਬਾਰੂ ਸਤਵਰਗ ਨੇ ਆਪਣੇ ਸਕੂਲੀ ਦਿਨਾਂ ਦੌਰਾਨ ਹੀ ਕਹਾਣੀਆਂ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦੇ ਅਧਿਆਪਕ ਕਾਮਰੇਡ ਗੁਰਨਾਮ ਨੇ ਸਕੂਲ ਵਿੱਚ ਬੱਚਿਆਂ ਲਈ ਇੱਕ ਹੱਥ ਲਿਖਤ ਮੈਗਜ਼ੀਨ ਸ਼ੁਰੂ ਕੀਤਾ ਸੀ। ਕਾਮਰੇਡ ਬਾਰੂ ਨੂੰ ਉਸ ਮੈਗਜ਼ੀਨ ‘ਜੋਤੀ’ ਦਾ ਸੰਪਾਦਕ ਬਣਾਇਆ ਗਿਆ। ਉਸ ਸਮੇਂ ਉਹ 10ਵੀਂ ਜਮਾਤ ਵਿੱਚ ਪੜ੍ਹਦੇ ਸਨ।
ਜੇਬੀਟੀ ਕਰਨ ਤੋਂ ਬਾਅਦ ਉਹ ਅਧਿਆਪਕ ਬਣ ਗਏ। ਜਦੋਂ ਕਾਮਰੇਡ ਸਤਵਰਗ ਪਿੰਡ ਰਾਏਪੁਰ ਵਿੱਚ ਅਧਿਆਪਕ ਸਨ ਤਾਂ ਨਕਸਲਬਾੜੀ ਤੋਂ ਪ੍ਰੇਰਿਤ ਕਾਮਰੇਡ ਬੰਤ ਰਾਏਪੁਰੀ ਅਤੇ ਪ੍ਰੋ. ਹਰਭਜਨ ਸੋਹੀ ਦੇ ਸੁਨੇਹੇ ’ਤੇ ਉਹ ਬਾਬਾ ਬੂਝਾ ਸਿੰਘ ਵੱਲੋਂ ਲਈ ਗਈ ਕਲਾਸ ਵਿੱਚ ਸ਼ਾਮਲ ਹੋਣ ਲਈ ਬਠਿੰਡਾ ਗਏ। ਇਸ ਤੋਂ ਬਾਅਦ ਉਹ ਅਖ਼ੀਰ ਤੱਕ ਨਕਸਲਬਾੜੀ ਲਹਿਰ ਨਾਲ ਜੁੜੇ ਰਹੇ। ਉੱਥੇ ਉਨ੍ਹਾਂ ਦੀ ਦੋਸਤੀ ਕਾਮਰੇਡ ਭੋਲਾ ਸਿੰਘ ਗੁਰੂਸਰ ਨਾਲ ਹੋਈ ਸੀ। ਸੀ.ਪੀ.ਆਈ.(ਐਮ.ਐਲ.) ਦੀ ਸੂਬਾ ਕਮੇਟੀ ਵਿੱਚ ਕਾਮਰੇਡ ਭੋਲਾ ਸਿੰਘ ਸਭ ਤੋਂ ਘੱਟ ਉਮਰ ਦੇ ਸਾਥੀ ਸਨ। ਭੋਲਾ ਸਿੰਘ 1971 ਵਿੱਚ ਸ਼ਹੀਦ ਹੋ ਗਿਆ ਸੀ।
ਪਾਰਟੀ ਬਣਾਉਣ ਦੇ ਸਵਾਲ ’ਤੇ ਬਠਿੰਡਾ ਜ਼ਿਲ੍ਹਾ ਕਾਨਫਰੰਸ ਵਿੱਚ ਫੁੱਟ ਪੈ ਗਈ। ਪ੍ਰੋ. ਹਰਭਜਨ ਸੋਹੀ ਸੀਪੀਆਈ (ਐਮਐਲ) ਬਣਾਉਣ ਦੇ ਹੱਕ ਵਿੱਚ ਨਹੀਂ ਸਨ। ਕਈ ਲੋਕ ਕਾਨਫਰੰਸ ਛੱਡ ਕੇ ਚਲੇ ਗਏ। ਪਰ ਕਾਮਰੇਡ ਬਾਰੂ ਸਤਵਰਗ ਪਾਰਟੀ ਬਣਾਉਣ ਦੇ ਹਾਮੀ ਸਨ ਅਤੇ ਉਹ ਪਾਰਟੀ ਨਾਲ ਖੜ੍ਹੇ ਹੋ ਗਏ। ਤਾਉਮਰ ਕਾਮਰੇਡ ਬਾਰੂ ਸਤਵਰਗ ਨਕਸਲਬਾੜੀ ਲਾਈਨ ਅਤੇ ਸੀਪੀਆਈ (ਐਮਐਲ), ਫਿਰ ਸੀਪੀਆਈ (ਐਮਐਲ) ਸੀਓਸੀ ਚਾਰੂ ਗਰੁੱਪ, ਫਿਰ ਸੀਪੀਆਈ (ਐਮਐਲ) (ਪਾਰਟੀ ਯੂਨਿਟੀ), ਫਿਰ ਸੀਪੀਆਈ (ਐਮਐਲ) (ਪੀਡਬਲਯੂ) ਅਤੇ ਅਖ਼ੀਰ ਵਿੱਚ ਮਾਓਵਾਦੀ ਪਾਰਟੀ ਦੀ ਵਿਚਾਰਧਾਰਾ ’ਤੇ ਡਟੇ ਰਹੇ। ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਹਮੇਸ਼ਾ ਆਧੁਨਿਕ ਸੋਧਵਾਦ ਵਿਰੁੱਧ ਸਟੈਂਡ ਲਿਆ।
1970-80 ਦੇ ਦਹਾਕੇ ਤੱਕ ਹਮੇਸ਼ਾ ਗ੍ਰਿਫਤਾਰੀਆਂ, ਝੂਠੇ ਮੁਕਾਬਲਿਆਂ, ਜੇਲ੍ਹਾਂ ਵਿੱਚ ਡੱਕਣ ਦਾ ਖ਼ਤਰਾ ਰਹਿੰਦਾ ਸੀ। ਉਨ੍ਹਾਂ ਨਾਲ ਕੰਮ ਕਰਨ ਵਾਲੇ ਦਰਜਨਾਂ ਸਾਥੀ ਸ਼ਹੀਦ ਹੋ ਗਏ। ਪਰ ਕਾਮਰੇਡ ਬਾਰੂ ਦ੍ਰਿੜ ਇਰਾਦੇ ਨਾਲ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਅਡੋਲ ਚੱਲਦੇ ਰਹੇ।
ਕਾਮਰੇਡ ਬਾਰੂ ਸਤਵਰਗ ਸ਼ੁਰੂ ਤੋਂ ਹੀ ਨਕਸਲਬਾੜੀ ਰਾਜਨੀਤੀ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲੇ ਰਸਾਲਿਆਂ ਦੇ ਸੰਪਾਦਕੀ ਕਾਰਜਾਂ ਵਿੱਚ ਜੁੱਟ ਗਏ ਸਨ। ਉਨ੍ਹਾਂ ਨੇ 1977 ਤੋਂ 2017 ਤੱਕ ਵੱਖ-ਵੱਖ ਇਨਕਲਾਬੀ ਰਸਾਲਿਆਂ ਦਾ ਸੰਪਾਦਨ ਕੀਤਾ ਜਾਂ ਇਨ੍ਹਾਂ ਦੇ ਸੰਪਾਦਕੀ ਬੋਰਡ ਵਿੱਚ ਰਹੇ। ਇਨ੍ਹਾਂ ਵਿੱਚੋਂ ਪ੍ਰਮੁੱਖ ਹਨ, 1975 ਯਾਨੀ ਐਮਰਜੈਂਸੀ ਤੱਕ ‘ਕਿਰਤੀ ਕਿੱਸਾ’, ‘ਕਿਰਤੀ ਯੁੱਗ’, ‘ਮਸ਼ਾਲ’ (1977-78), ‘ਪ੍ਰਚੰਡ ਲਹਿਰ’ ਅਤੇ ‘ਪ੍ਰਚੰਡ’ (1981 ਤੋਂ 1983), ਅਗਨਵਾਣ (ਕਾਵਿ-ਸੰਗ੍ਰਹਿ), ‘ਸਮਕਾਲੀ ਦਿਸ਼ਾ’ (1991 ਤੋਂ 1996), ‘ਸੁਲਗ਼ਦੇ ਪਿੰਡ’ ਅਤੇ ਲੋਕ ਕਾਫ਼ਲਾ (2012 ਤੋਂ 2017)। ਇਸ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਲਿਖਤਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਜਦੋਂ ਵੀ ਕਲਮ ਚੱਲੀ ਤਾਂ ਨਕਸਲਬਾੜੀ ਅੰਦੋਲਨ ਉਨ੍ਹਾਂ ਦੀਆਂ ਲਿਖਤਾਂ ਦਾ ਕੇਂਦਰ ਰਿਹਾ।
ਨਕਸਲਬਾੜੀ ਵਿਚਾਰਧਾਰਾ ’ਤੇ ਆਧਾਰਿਤ ਪਹਿਲਾ ਪੰਜਾਬੀ ਸਾਹਿਤਕ ਮੈਗਜ਼ੀਨ ‘ਕਿਰਤੀ ਕਿੱਸਾ’ ਛਪਣਾ ਸ਼ੁਰੂ ਹੋਇਆ। ਇਹ 1970 ਤੋਂ ਪਹਿਲਾਂ ਦੀ ਗੱਲ ਹੈ। ਕਾਮਰੇਡ ਸੰਤ ਰਾਮ ਉਦਾਸੀ ਇਸ ਦੇ ਪ੍ਰੇਰਨਾ ਸਰੋਤ ਸਨ। ਉਨ੍ਹਾਂ ਦਾ ਸੁਝਾਅ ਸੀ ਕਿ ਬਹੁਤ ਸਾਰੇ ਨਵੇਂ-ਨਵੇਂ ਕਾਮਰੇਡ ਗੀਤ ਅਤੇ ਕਵਿਤਾਵਾਂ ਲਿਖ ਰਹੇ ਹਨ। ਇਸ ਲਈ ਉਨ੍ਹਾਂ ਲਈ ਕੋਈ ਨਾ ਕੋਈ ਪਲੇਟਫਾਰਮ ਬਣਾਉਣਾ ਚਾਹੀਦਾ ਹੈ। ਇਸ ਤੋਂ ਬਾਅਦ 1970 ਵਿਚ ਜਬਰ ਕਾਰਨ, ਇਸ ਮੈਗਜ਼ੀਨ ਦਾ ਨਾਂ ਬਦਲ ਕੇ ‘ਕਿਰਤੀ ਯੁੱਗ’ ਕਰ ਦਿੱਤਾ ਗਿਆ। ਹਰਿਆਣਾ ਤੋਂ ਇਸ ਦਾ ਰਜਿਸਟ੍ਰੇਸ਼ਨ ਕਰਵਾਇਆ ਗਿਆ। ਪਿੰਡ ਅਧੋਈ, ਤਹਿਸੀਲ ਬਰਾੜਾ, ਜ਼ਿਲ੍ਹਾ ਅੰਬਾਲਾ ਦੇ ਸੰਤੋਖ ਸਿੰਘ ਬਾਜਵਾ ਇਸ ਦੇ ਪਹਿਲੇ ਸੰਪਾਦਕ ਅਤੇ ਬਾਰੂ ਸਤਵਰਗ ਇਸ ਦੇ ਉਪ ਸੰਪਾਦਕ ਬਣੇ। ਕਈ ਸਾਲਾਂ ਤੱਕ ਇਹ ਅਧੋਈ ਪਿੰਡ ਤੋਂ ਛਪਦਾ ਰਿਹਾ।
ਇਸ ਵਿੱਚ ਲਾਲ ਸਿੰਘ ਦਿਲ, ਪਾਸ਼, ਉਦਾਸੀ, ਬੋਘੜ ਸਿੰਘ, ਬਾਰੂ ਸਤਵਰਗ, ਦਰਸ਼ਨ ਖਟਕੜ, ਸੁਰਜੀਤ ਅਰਮਾਨੀ ਆਦਿ ਦੀਆਂ ਰਚਨਾਵਾਂ ਲਗਾਤਾਰ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ਇਸ ਮੈਗਜ਼ੀਨ ਨੇ ਨਵੀਆਂ ਕਲਮਾਂ ਨੂੰ ਉਭਾਰਨ ਵਿੱਚ ਬਹੁਤ ਮਦਦ ਕੀਤੀ।
ਕਾਮਰੇਡ ਬਾਰੂ ਸਤਵਰਗ ਨੇ ਆਪਣੇ ਨਾਵਲਾਂ ਵਿੱਚ ਨਕਸਲਬਾੜੀ ਲਹਿਰ ਵਿੱਚ ਸ਼ਹੀਦ ਹੋਏ ਆਪਣੇ ਸਾਥੀਆਂ ਦੇ ਜੀਵਨ ਅਤੇ ਸੰਘਰਸ਼ ਨੂੰ ਕਲਮਬੱਧ ਕੀਤਾ। ਲੋਕਾਂ ’ਤੇ ਹੋ ਰਹੇ ਅੱਤਿਆਚਾਰਾਂ ਦਾ ਟਾਕਰਾ ਕਰਨ ਲਈ ਆਵਾਜ਼ ਦਿੱਤੀ। ਉਨ੍ਹਾਂ ਨੇ ਆਪਣੇ ਨਾਵਲਾਂ ਰਾਹੀਂ ਨਵੀਂ ਪੀੜ੍ਹੀ ਨੂੰ ਨਕਸਲਬਾੜੀ ਲਹਿਰ ਦੀਆਂ ਕਹਾਣੀਆਂ ਉਸੇ ਤਰ੍ਹਾਂ ਸੁਣਾਈਆਂ ਜਿਵੇਂ ਬਜ਼ੁਰਗ ਬਾਤਾਂ ਪਾਉਂਦੇ ਹਨ। ਉਨ੍ਹਾਂ ਦੇ ਨਾਵਲ ਸਿਰਫ਼ ਕਹਾਣੀਆਂ ਹੀ ਨਹੀਂ ਸਗੋਂ ਸਿਆਸੀ ਦਸਤਾਵੇਜ਼ ਵੀ ਹਨ। ਉਹ ਕਹਾਣੀ ਦੇ ਨਾਲ ਨਾਲ ਉਸ ਸਮੇਂ ਲਹਿਰ ਵਿੱਚ ਉੱਠੀਆਂ ਬਹਿਸਾਂ ਨੂੰ ਬੇਝਿਜਕ ਸਥਾਨ ਦਿੰਦੇ ਹਨ ਅਤੇ ਲਹਿਰ ਨੂੰ ਸਮਝਣ ਵਿੱਚ ਮਦਦ ਕਰਦੇ ਹਨ।
ਸ਼ਹੀਦਾਂ ਦੀ ਯਾਦ ਵਿੱਚ ਉਨ੍ਹਾਂ ਦਾ ਪਲੇਠਾ ਨਾਵਲ ਅਪ੍ਰੈਲ 1979 ਵਿੱਚ ‘ਲਹੂ ਪਾਣੀ ਨਹੀਂ ਬਣਿਆ’ ਪ੍ਰਕਾਸ਼ਿਤ ਹੋਇਆ ਸੀ। ਇਹ ਨਾਵਲ ਸੱਚੀ ਘਟਨਾ ’ਤੇ ਆਧਾਰਿਤ ਸੀ, ਜਿਸ ਵਿੱਚ ਪਿੰਡ ਦੇ ਜ਼ਿਮੀਂਦਾਰ, ਗੁੰਡੇ ਅਤੇ ਪੁਲੀਸ ਮਿਲ ਕੇ ਦੋ ਕਾਮਰੇਡਾਂ ਨੂੰ ਘੇਰ-ਘੇਰ ਕੇ ਫੜਦੇ ਹਨ ਅਤੇ ਮਾਰ ਦਿੰਦੇ ਹਨ। ਇਸ ਵਿੱਚ ਉਨ੍ਹਾਂ ਦੇ ਸੁਪਨਿਆਂ ਨੂੰ ਅੱਗੇ ਲੈ ਕੇ ਚੱਲਣ ਦੀ ਪ੍ਰੇਰਨਾ ਹੈ। ਫਿਰ ਅਪ੍ਰੈਲ 1990 ਵਿੱਚ ਦੂਜਾ ਨਾਵਲ ‘ਨਿੱਘੀ ਬੁੱਕਲ’ ਛਪਿਆ। ਇਸ ਵਿੱਚ ਦਿਖਾਇਆ ਗਿਆ ਕਿ ਪੰਜਾਬ ਦੇ ਲੋਕ ਨਕਸਲਬਾੜੀ ਪਾਰਟੀ ਅਤੇ ਇਸ ਦੇ ਕਾਰਕੁਨਾਂ ਨੂੰ ਕਿੰਨਾ ਪਿਆਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਤੈਅ ਨਿਸ਼ਾਨੇ ਲਈ ਇਨਕਲਾਬੀਆਂ ਦੇ ਮਰ ਮਿਟਣ ਦੇ ਜਜ਼ਬੇ ਦਾ ਵੀ ਪ੍ਰਦਰਸ਼ਨ ਕੀਤਾ ਹੈ। ਨਾਵਲ ਵਿੱਚ ‘ਬੁੱਕਲ’ ਦਾ ਅਰਥ ਮਾਰਕਸਵਾਦੀ-ਲੈਨਿਨਵਾਦੀ-ਮਾਓਵਾਦੀ ਵਿਚਾਰਧਾਰਾ ਨੂੰ ਪ੍ਰਣਾਈ ਕਮਿਊਨਿਸਟ ਪਾਰਟੀ ਤੋਂ ਹੈ। ਕਮਿਊਨਿਸਟ ਪਾਰਟੀ ਨੂੰ ਉਸ ਮਾਂ ਵਾਂਗ ਦਿਖਾਇਆ ਗਿਆ ਹੈ ਜੋ ਆਪਣੇ ਕਾਰਕੁਨਾਂ ਨੂੰ ਪਿਆਰ ਕਰਦੀ ਹੈ। ਜਦੋਂ ਉਹ ਬੁੱਕਲ ’ਚੋਂ ਨਿਕਲ (ਪਾਰਟੀ ਛੱਡ) ਜਾਂਦੇ ਹਨ ਤਾਂ ਉਨ੍ਹਾਂ ਨੂੰ ਉਹ ‘ਨਿੱਘ’ ਨਹੀਂ ਮਿਲਦਾ। ਉਨ੍ਹਾਂ ਨੇ ਇਸੇ ਕਲਮ ਤੋਂ ‘ਫੱਟੜ ਸ਼ੀਹਣੀ’ (90 ਦੇ ਦਹਾਕੇ), ‘ਸ਼ਰਧਾ ਦੇ ਫੁੱਲ’ (1990) ਵੀ ਲਿਖੇ। ਉਨ੍ਹਾਂ ਨੇ ਦੋ ਨਾਟਕ ਲਿਖੇ। ਉਨ੍ਹਾਂ ਦੇ ਨਾਟਕ-ਸੰਗ੍ਰਿਹ ‘ਸਜ਼ਾ ਸੱਚ ਨੂੰ’ ’ਚ ਸ਼ਾਮਲ ਨਾਟਕ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਵੱਲੋਂ ਕਈ ਥਾਵਾਂ ’ਤੇ ਖੇਡੇ ਗਏ। ਉਨ੍ਹਾਂ ਦੀ ਕਲਮ ਨੇ ਨਾਵਲ ‘ਪੰਨਾ ਇਕ ਇਤਿਹਾਸ ਦਾ’ (2012) ਵੀ ਲਿਖਿਆ। ‘ਪੰਨਾ ਇਕ ਇਤਿਹਾਸ ਦਾ’ ਪੰਜਾਬ ਦੀ ਨਕਸਲਬਾੜੀ ਲਹਿਰ ਨੂੰ ਲੜੀਬੱਧ ਰੂਪ ਵਿਚ ਸਮਝਣ, ਉਸ ਵਿੱਚ ਪਈਆਂ ਟੁੱਟਾਂ-ਫੁੱਟਾਂ ਨੂੰ ਸਮਝਣ ਲਈ, ਉਸ ਵਿੱਚ ਪੈਦਾ ਹੋਈਆਂ ਰਾਜਨੀਤਕ-ਜਥੇਬੰਦਕ ਬਹਿਸਾਂ ਨੂੰ ਸਮਝਣ ਲਈ ਸਭ ਤੋਂ ਮਹੱਤਵਪੂਰਨ ਨਾਵਲ ਹੈ । 2018 ਵਿੱਚ, ਇਸਦਾ (ਪੰਨਾ ਏਕ ਇਤਿਹਾਸ ਕਾ) ਹਿੰਦੀ ਅਨੁਵਾਦ ਪ੍ਰਕਾਸ਼ਿਤ ਕੀਤਾ ਗਿਆ ਹੈ। ਕਾਮਰੇਡ ਸਤਵਰਗ ਆਪਣੇ ਨਾਵਲਾਂ ਦੇ ਲਿਖਣ ਅਤੇ ਪ੍ਰਕਾਸ਼ਨ ਵਿੱਚ ਉਨ੍ਹਾਂ ਦੇ ਸਾਥੀਆਂ ਵੱਲੋਂ ਦਿੱਤੇ ਗਏ ਸੁਝਾਅ, ਵਿੱਤੀ ਸਹਾਇਤਾ ਅਤੇ ਉਨ੍ਹਾਂ ਦੇ ਸਹਿਯੋਗ ਨੂੰ ਬਿਲਕੁਲ ਨਹੀਂ ਭੁੱਲਦੇ। ਉਹ ਹਰ ਨਾਵਲ ਦੇ ਪਹਿਲੇ ਪੰਨੇ ’ਤੇ ਉਸ ਦਾ ਜ਼ਿਕਰ ਕਰਦੇ ਹਨ। ਕਾਮਰੇਡ ਬਾਰੂ ਸਤਵਰਗ ਪੰਜਾਬ ਦੇ ਅਜਿਹੇ ਇਕਲੌਤੇ ਸਾਹਿਤਕਾਰ ਹਨ ਜਿਨ੍ਹਾਂ ਨੇ ਜਿੰਨੇ ਵੀ ਨਾਵਲ ਲਿਖੇ, ਉਨ੍ਹਾਂ ਦਾ ਵਿਸ਼ਾ-ਵਸਤੂ ਨਕਸਲਬਾੜੀ ਲਹਿਰ ਅਤੇ ਇਸ ਵਿੱਚ ਆਏ ਉਤਰਾਅ-ਚੜ੍ਹਾਅ ਰਹੇ ਹਨ। ਉਨ੍ਹਾਂ ਦੇ ਨਾਵਲ ਹਮੇਸ਼ਾ ਨਕਸਲਬਾੜੀ ਲਾਈਨ ਦੇ ਹੱਕ ਵਿੱਚ ਖੜ੍ਹੇ ਰਹੇ ਹਨ।
ਕਾਮਰੇਡ ਬਾਰੂ ਸਤਵਰਗ ਸੋਧਵਾਦੀ ਤੇ ਬੁਰਜੂਆ ਲੇਖਕ ਜਥੇਬੰਦੀਆਂ ਅਤੇ ਅਕਾਦਮੀਆਂ ਦੇ ਵਰਗ ਸਮਝੌਤਾਵਾਦੀ ਰੁਝਾਨਾਂ ਖਿਲਾਫ਼ ਮਜ਼ਬੂਤੀ ਨਾਲ ਖੜ੍ਹੇ ਹੋਏ। ਉਨ੍ਹਾਂ ਨੇ ਮਜ਼ਦੂਰ-ਕਿਸਾਨ ਜਮਾਤ ਦਾ ਪੱਖ ਚੁਣਿਆ ਅਤੇ ਕਦੇ ਵੀ ਬੁਰਜੂਆ, ਸੋਧਵਾਦੀ ਲੇਖਕਾਂ ਦੀਆਂ ਜਥੇਬੰਦੀਆਂ ਦਾ ਹਿੱਸਾ ਨਹੀਂ ਬਣੇ, ਸਗੋਂ ਉਨ੍ਹਾਂ ਖ਼ਿਲਾਫ਼ ਜੁਝਾਰਵਾਦੀ, ਜੁਝਾਰੂ ਲੇਖਕਾਂ ਦੀ ਜਥੇਬੰਦੀ ਬਣਾਈ, ਜੋ ਦੇਸ਼ ਵਿੱਚ ਚੱਲ ਰਹੀਆਂ ਇਨਕਲਾਬੀ ਹਥਿਆਰਬੰਦ ਲਹਿਰਾਂ ਦੀ ਹਮਾਇਤ ਕਰਦੀ ਸੀ। ਜੋ ਜਗੀਰੂ ਅਤੇ ਸਾਮਰਾਜਵਾਦੀ ਸੱਭਿਆਚਾਰ ਨੂੰ ਨਕਾਰਦੀ ਸੀ। ਉਨ੍ਹਾਂ ਆਪਣੀ ਕਲਮ ਨਵ-ਜਮਹੂਰੀ ਸੱਭਿਆਚਾਰ ਸਿਰਜਣ ਲਈ ਚਲਾਈ।
ਇਸ ਤਰ੍ਹਾਂ ਨਕਸਲਬਾੜੀ ਲਹਿਰ ਵਿਚੋਂ ਉਭਰੇ ਸਾਹਿਤਕਾਰਾਂ ਗੁਰਸ਼ਰਨ ਸਿੰਘ, ਬਾਰੂ ਸਤਵਰਗ, ਸੰਤੋਖ ਸਿੰਘ ਬਾਜਵਾ, ਗੁਰਪ੍ਰੀਤ ਕੌਰ, ਬਾਬਾ ਦੇਵਾ ਸਿੰਘ ਮਾਹਲਾ, ਗੁਰਦਾਸ ਘਾਰੂ (ਉਦਾਸੀ ਦਾ ਭਰਾ), ਰਾਜਿੰਦਰ ਰਾਹੀ, ਕਰਮਜੀਤ ਜੋਗਾ, ਨਰਭਿੰਦਰ, ਡਾ. ਸਾਧੂ ਸਿੰਘ ਆਦਿ ਲੇਖਕਾਂ ਨੇ ਮਿਲ ਕੇ 22 ਅਪ੍ਰੈਲ 1981 ਨੂੰ ਕ੍ਰਾਂਤੀਕਾਰੀ ਸਾਹਿਤ ਸਭਾ ਪੰਜਾਬ ਦਾ ਗਠਨ ਕੀਤਾ। ਨਾਟਕਕਾਰ ਗੁਰਸ਼ਰਨ ਸਿੰਘ ਇਸ ਦੇ ਪ੍ਰਧਾਨ ਅਤੇ ਨਾਵਲਕਾਰ ਬਾਰੂ ਸਤਵਰਗ ਜਨਰਲ ਸਕੱਤਰ ਚੁਣੇ ਗਏ।
ਕੇਂਦਰੀ ਪੱਧਰ ’ਤੇ ਉਹ ਆਲ ਇੰਡੀਆ ਰੈਵੋਲਿਊਸ਼ਨਰੀ ਕਲਚਰਲ ਲੀਗ (ਏਆਈਐਲਆਰਸੀ) ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੇ ਰਹੇ। ਜਿੱਥੇ ਉਨ੍ਹਾਂ ਨੂੰ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਸਾਹਿਤਕਾਰ ਅਤੇ ਸੱਭਿਆਚਾਰਕ ਹਸਤੀਆਂ ਕੇ.ਵੀ.ਆਰ., ਵਰਵਰਾ ਰਾਓ, ਅਨੁਰਾਧਾ ਗਾਂਧੀ, ਗਦਰ ਵਰਗੀਆਂ ਸ਼ਖਸੀਅਤਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਸਾਲ 1984 ਵਿੱਚ ਆਂਧਰਾ ਪ੍ਰਦੇਸ਼ ਕ੍ਰਾਂਤੀਕਾਰੀ ਲੇਖਕ ਸੰਘ ਦੇ ਪ੍ਰਧਾਨ ਕੇ.ਵੀ.ਆਰ. ਵਰਵਰਾ ਰਾਓ, ਗਦਰ, ਬਿਹਾਰ ਤੋਂ ਰਾਜਕਿਸ਼ੋਰ, ਮਹਾਰਾਸ਼ਟਰ ਤੋਂ ਅਨੁਰਾਧਾ ਗਾਂਧੀ, ਬੰਗਾਲ ਤੋਂ ਕੰਚਨ ਕੁਮਾਰ, ਪੰਜਾਬ ਤੋਂ ਬਾਰੂ ਸਤਵਰਗ ਅਤੇ ਗੁਰਸ਼ਰਨ ਆਦਿ ਦੇ ਯਤਨਾਂ ਨਾਲ ਆਲ ਇੰਡੀਆ ਲੀਗ ਫਾਰ ਰੈਵੋਲਿਊਸ਼ਨਰੀ ਕਲਚਰ (ਏਆਈਐਲਆਰਸੀ) ਹੋਂਦ ਵਿੱਚ ਆਈ। ਇਸ ਦੀ ਸਥਾਪਨਾ 1984 ਵਿੱਚ ਦਿੱਲੀ ਅੰਦਰ ਕਰਵਾਏ ਰੰਗਕਰਮੀਆਂ ਅਤੇ ਲੇਖਕਾਂ ਦੇ ਇੱਕ ਸੰਮੇਲਨ ਵਿੱਚ ਕੀਤੀ ਗਈ। ਇਸ ਲੀਗ ਨਾਲ ਭਾਰਤ ਦੀਆਂ ਉਹ ਸਾਰੀਆਂ ਸੱਭਿਆਚਾਰਕ-ਲੇਖਕ ਜਥੇਬੰਦੀਆਂ ਜੁੜੀਆਂ, ਜੋ ਨਕਸਲਬਾੜੀ ਦੀ ਰਾਜਨੀਤੀ ਦਾ ਸਮਰਥਨ ਕਰਦੀਆਂ ਸਨ। ਜੋ ਸਾਮਰਾਜਵਾਦੀ-ਜਗੀਰੂ ਸੱਭਿਆਚਾਰ ਨੂੰ ਨੇਸਤਨਾਬੂਦ ਕਰਨ ਦਾ ਟੀਚਾ ਰੱਖਦੀਆਂ ਸਨ। ਕਾਮਰੇਡ ਬਾਰੂ ਸਤਵਰਗ ਇਸ ਨਾਲ ਅਖ਼ੀਰ ਤੱਕ ਜੁੜੇ ਰਹੇ।
ਕਾਮਰੇਡ ਬਾਰੂ ਸਤਵਰਗ ਦੀ ਨਿੱਜੀ ਫੋਟੋ ਐਲਬਮ ਜਿਸ ਵਿੱਚ ਕਾਮਰੇਡ ਵਰਵਰਾ ਰਾਓ, ਕੇਵੀਆਰ, ਕੰਚਨ ਕੁਮਾਰ, ਅਨੁਰਾਧਾ ਗਾਂਧੀ, ਗਦਰ, ਗੁਰਸ਼ਰਨ ਸਿੰਘ, ਗੁਰਦਾਸ ਘਾਰੂ, ਮੇਘ ਰਾਜ ਮਿੱਤਰ, ਪ੍ਰੋ. ਮੇਘ ਰਾਜ ਅਤੇ ਹੋਰ ਬਹੁਤ ਸਾਰੇ ਲੇਖਕ, ਕਵੀ, ਸੱਭਿਆਚਾਰਕ ਕਾਰਕੁਨ ਹਾਜ਼ਰ ਹਨ।
ਸਾਹਿਤਕ-ਸੱਭਿਆਚਾਰਕ ਜਥੇਬੰਦੀਆਂ ਤੋਂ ਇਲਾਵਾ ਉਹ ਜਮਹੂਰੀ ਮੋਰਚਾ ਪੰਜਾਬ, ਲੋਕ ਟਾਕਰਾ ਮੰਚ ਪੰਜਾਬ ਦੇ ਆਗੂ ਵੀ ਰਹੇ। ਉਨ੍ਹਾਂ ਨੇ 90ਵਿਆਂ ਵਿੱਚ ਮਜ਼ਦੂਰ ਅੰਦੋਲਨ ਦੀ ਅਗਵਾਈ ਕੀਤੀ। ਉਹ ਕਿਰਤੀ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਹੇ ਅਤੇ ਕਈ ਅੰਦੋਲਨਾਂ ਦੀ ਅਗਵਾਈ ਕੀਤੀ।
ਨਕਸਲਬਾੜੀ ਦੇ ਇਨਕਲਾਬੀ ਵਿਚਾਰਧਾਰਕ-ਰਾਜਨੀਤਕ ਪੱਖ ਕਾਰਨ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਦਬਾਏ ਗਏ ਆਦਿਵਾਸੀ, ਬੇਜ਼ਮੀਨੇ ਦਲਿਤ-ਮਜ਼ਦੂਰ, ਗ਼ਰੀਬ ਕਿਸਾਨ ਆਦਿ ਭਾਰਤੀ ਸਾਹਿਤ ਦੇ ਦ੍ਰਿਸ਼ ’ਤੇ ਉੱਭਰ ਕੇ ਸਾਹਮਣੇ ਆਏ। ਇਨ੍ਹਾਂ ਲੋਕਾਂ ਵਿੱਚ ਇਸ ਅੰਦੋਲਨ ਕਾਰਨ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਲੇਖਕ ਆਦਿ ਪੈਦਾ ਹੋਣੇ ਸ਼ੁਰੂ ਹੋਏ। ਗਦਰ, ਗੁਰਸ਼ਰਨ ਵਰਗੇ ਨਿਰਦੇਸ਼ਕਾਂ ਕਾਰਨ, ਜੋ ਨਕਸਲੀ ਲਹਿਰ ਦੀ ਪੈਦਾਵਾਰ ਸਨ, ਨਾਟਕ ਅਤੇ ਗੀਤ ਪਿੰਡਾਂ ਤੋਂ ਹੁੰਦੇ ਹੋਏ ਸ਼ਹਿਰਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਮਜ਼ਦੂਰ ਬਸਤੀਆਂ ਤੱਕ ਪਹੁੰਚੇ। ਕਾਮਰੇਡ ਬਾਰੂ ਜੀ ਇਨਕਲਾਬੀ ਸੱਭਿਆਚਾਰਕ ਲਹਿਰ ਦਾ ਉਹ ਚਮਕਦਾ ਸਿਤਾਰਾ ਹਨ ਜੋ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾ ਦੱਬੇ-ਕੁਚਲੇ ਲੋਕਾਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ।
ਪਰਿਵਾਰਕ ਜੀਵਨ
ਕਾਮਰੇਡ ਬਾਰੂ ਸਤਵਰਗ ਦਾ ਪਰਿਵਾਰ ਬਹੁਤ ਗਰੀਬ ਸੀ। ਉਨ੍ਹਾਂ ਦੇ ਦਾਦਾ ਜੀ ਜ਼ਿਮੀਂਦਾਰਾਂ ਨਾਲ ਸੀਰੀ ਰਲੇ ਹੋਏ ਸਨ ਯਾਨੀ ਬੰਧੂਆ ਮਜ਼ਦੂਰ ਸਨ। ਪਿਤਾ ਜੀ ਭੇਡਾਂ ਚਾਰਦੇ ਸਨ। ਉਨ੍ਹਾਂ ਦੇ ਤਿੰਨ ਭਰਾ ਤੇ ਇੱਕ ਭੈਣ ਸੀ। ਇੱਕ ਭਰਾ ਸੁਖਦੇਵ ਸਿੰਘ ਅੰਮ੍ਰਿਤ ਛੱਕ ਕੇ ਨਿਹੰਗ ਸਿੰਘ ਸਜ ਗਿਆ ਸੀ। ਅੱਤ ਦੀ ਗ਼ਰੀਬੀ ’ਚੋਂ ਨਿਕਲਣ ਲਈ ਉਨ੍ਹਾਂ ਦੇ ਮਾਤਾ-ਪਿਤਾ ਨੇ ਹਰ ਮੁਸੀਬਤ ਝੱਲ ਕੇ ਕਾਮਰੇਡ ਸਤਵਰਗ ਨੂੰ ਪੜ੍ਹਾਇਆ। ਕਾਮਰੇਡ ਬਾਰੂ ਨੇ ਵੀ ਪੜ੍ਹਾਈ ਵਿੱਚ ਸਖ਼ਤ ਮਿਹਨਤ ਕੀਤੀ ਅਤੇ 10ਵੀਂ ਜਮਾਤ ਤੋਂ ਬਾਅਦ ਜੇ.ਬੀ.ਟੀ. ਕਰਨ ਉਪਰੰਤ ਅਧਿਆਪਕ ਲੱਗ ਗਏ।
ਆਂਧਰਾ, ਬਿਹਾਰ, ਝਾਰਖੰਡ ਆਦਿ ਤੋਂ ਆਉਣ ਵਾਲੀਆਂ ਨਾਟਕ ਮੰਡਲੀਆਂ, ਲੇਖਕ ਅਤੇ ਸਾਹਿਤਕਾਰ ਹਮੇਸ਼ਾ ਉਨ੍ਹਾਂ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਖਾਲਿਸਤਾਨੀ ਦੌਰ ਦੌਰਾਨ, ਇਨਕਲਾਬੀ ਲੇਖਕਾਂ ਅਤੇ ਬੁੱਧੀਜੀਵੀਆਂ ਦੀ ਇੱਕ ਟੀਮ ਇਸ ਲਹਿਰ ਦਾ ਅਧਿਐਨ ਕਰਨ ਲਈ ਪੰਜਾਬ ਆਈ। ਇਸ ਟੀਮ ਵਿੱਚ ਕਾਮਰੇਡ ਵਰਾਵਰਾ ਰਾਓ, ਕੇਵੀਆਰ, ਅਨੁਰਾਧਾ ਗਾਂਧੀ ਸਮੇਤ ਕਈ ਨਾਮਵਰ ਬੁੱਧੀਜੀਵੀ ਸਨ। ਉਹ ਕਾਮਰੇਡ ਬਾਰੂ ਜੀ ਦੇ ਘਰ ਠਹਿਰੇ। ਉਦੋਂ ਤੋਂ ਨਾ ਸਿਰਫ਼ ਬਾਰੂ ਜੀ, ਸਗੋਂ ਪੂਰੇ ਪਰਿਵਾਰ ਦਾ ਰਿਸ਼ਤਾ ਉਨ੍ਹਾਂ ਨਾਲ ਜੁੜ ਗਿਆ।
2018 ਵਿੱਚ ਕਾਮਰੇਡ ਬਾਰੂ ਸਤਵਰਗ ਸਰੀਰਕ ਤੌਰ ‘ਤੇ ਬਹੁਤ ਕਮਜ਼ੋਰ ਹੋ ਗਏ ਅਤੇ ਗੰਭੀਰ ਬਿਮਾਰ ਹੋ ਗਏ। ਹੌਲੀ-ਹੌਲੀ ਉਨ੍ਹਾਂ ਦੀ ਯਾਦਾਸ਼ਤ ਵੀ ਕਮਜ਼ੋਰ ਪੈਣ ਲੱਗੀ। ਬ੍ਰੇਨ ਸਟ੍ਰੋਕ ਹੋਇਆ, ਜਿਸ ਦਾ ਬਾਅਦ ਵਿੱਚ ਪਤਾ ਚੱਲਿਆ। ਸਾਲ 2022 ਦੇ ਅਖੀਰ ਵਿੱਚ ਗੁਰਦੇ ਫੇਲ੍ਹ ਹੋ ਗਏ। ਉਨ੍ਹਾਂ ਦਾ ਅਗਲਾ ਸਾਰਾ ਸਾਲ (2023) ਬਿਸਤਰੇ ਵਿੱਚ ਬੀਤਿਆ। ਰੋਟੀ ਖਾਣੀ ਛੱਡ ਦਿੱਤੀ। ਸਿਰਫ ਤਰਲ ਪਦਾਰਥ ’ਤੇ ਹੀ ਜ਼ਿੰਦਗੀ ਟਿਕੀ ਹੋਈ ਸੀ। ਅਜਿਹੀ ਨਾਜ਼ੁਕ ਸਥਿਤੀ ਵਿਚ ਉਨ੍ਹਾਂ ਦੇ ਪਰਿਵਾਰ, ਖਾਸ ਕਰ ਉਨ੍ਹਾਂ ਦੀ ਵੱਡੀ ਧੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਪੂਰੀ ਸ਼ਿੱਦਤ ਨਾਲ ਦੇਖਭਾਲ ਕੀਤੀ। ਕਈ ਦੋਸਤਾਂ ਨੇ ਵੀ ਕੁੱਝ ਨਾ ਕੁੱਝ ਮਦਦ ਕੀਤੀ। ਲੋਕ ਮਿਲਣ ਲਈ ਆਉਂਦੇ ਸਨ। ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਉਨ੍ਹਾਂ ਦੀ ਕਾਫੀ ਇੱਛਾ ਸੀ। ਉਨ੍ਹਾਂ ਨੂੰ ਭਾਰਤ ਪੱਧਰੀ ਕਈ ਪ੍ਰੋਗਰਾਮਾਂ ਲਈ ਸੱਦਾ-ਪੱਤਰ ਮਿਲੇ ਪਰ ਸਿਹਤ ਖ਼ਰਾਬ ਹੋਣ ਕਾਰਨ ਉਹ ਹਿੱਸਾ ਨਹੀਂ ਲੈ ਸਕੇ। ਪਰ ਉਨ੍ਹਾਂ ਦੀ ਪ੍ਰੋਗਰਾਮਾਂ ਵਿੱਚ ਜਾਣ ਦੀ ਬਹੁਤ ਇੱਛਾ ਹੁੰਦੀ ਸੀ। ਕਿਸਾਨ ਅੰਦੋਲਨ ਵਿੱਚ ਖੁਦ ਨਹੀਂ ਜਾ ਸਕੇ ਪਰ ਉਨ੍ਹਾਂ ਨੇ ਵਿਸ਼ੇਸ਼ ਗੱਡੀ ਦਾ ਪ੍ਰਬੰਧ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਭੇਜਿਆ।
ਉਮਰ ਦੇ ਆਖ਼ਰੀ ਪੜਾਅ ਵਿੱਚ ਉਹ ਆਪਣੀ ਜੀਵਨੀ ਲਿਖਣ ਦਾ ਕੰਮ ਕਰ ਰਹੇ ਸਨ ਪਰ ਸਿਹਤ ਖ਼ਰਾਬ ਹੋਣ ਕਾਰਨ ਉਹ ਪੂਰੀ ਨਹੀਂ ਕਰ ਸਕੇ। ਉਹ ਆਪਣੀ ਜ਼ਿੰਦਗੀ ਦਾ ਸਿਰਫ਼ ਸ਼ੁਰੂਆਤੀ ਹਿੱਸਾ ਹੀ ਲਿਖ ਸਕੇ ਸਨ। ਆਖ਼ੀਰ ਵਿੱਚ ਉਹ ਪੰਜਾਬ ਦੀ ਇਨਕਲਾਬੀ ਲਹਿਰ ਅੰਦਰ ਆਈਆਂ ਕਮਜ਼ੋਰੀਆਂ ਕਾਰਨ ਬਹੁਤ ਦੁਖੀ ਅਤੇ ਚਿੰਤਤ ਸਨ। ਉਨ੍ਹਾਂ ਨੇ ਆਪਣੀ ਇੰਟਰਵਿਊ ਵਿੱਚ ਬਹੁਤ ਸਾਰੇ ਗੰਭੀਰ ਸਿਧਾਂਤਕ ਨੁਕਤਿਆਂ ਨੂੰ ਉਭਾਰਿਆ ਹੈ। ਉਨ੍ਹਾਂ ਦੇ ਦੋ ਲੰਬੇ ਇੰਟਰਵਿਊ ਹੇਠਾਂ ਦਿੱਤੇ ਗਏ ਹਨ। ਛੇਤੀ ਹੀ ਉਨ੍ਹਾਂ ਦੀ ਵੀਡੀਓ ਵੀ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਵੱਲੋਂ ਰਚਿਆ ਸਾਹਿਤ ਸਾਂਭਣ ਲਈ ਵੈੱਬਸਾਈਟ ਬਣਾਈ ਗਈ ਹੈ। ਇਸ ਦਾ ਲਿੰਕ https://barusatwarag.wordpress.com/ ਹੈ। ਕਾਮਰੇਡ ਬਾਰੂ ਸਤਵਰਗ ਲੰਬੀ ਬਿਮਾਰੀ ਮਗਰੋਂ 25 ਅਗਸਤ 2023 ਨੂੰ ਇਨਕਲਾਬੀ ਲਹਿਰ ਤੋਂ ਵਿੱਛੜ ਗਏ। ਉਹ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਮੌਜੂਦ ਨਹੀਂ ਹਨ ਪਰ ਉਨ੍ਹਾਂ ਵੱਲੋਂ ਲਿਖੀਆਂ ਕਵਿਤਾਵਾਂ, ਗੀਤ, ਕਹਾਣੀਆਂ ਅਤੇ ਨਾਵਲ ਨਵੀਂ ਪੀੜ੍ਹੀ ਨੂੰ ਇਨਕਲਾਬੀ ਲਹਿਰ ਨਾਲ ਜੁੜਨ ਲਈ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।