ਸ਼ੁਕਰਵਾਰ ਨੂੰ ਡਰਾਈ ਡੇਅ ਵਜੋਂ ਅਪਨਾਉਣਾ ਬੇਹੱਦ ਜ਼ਰੂਰੀ
ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)–ਡੇਂਗੂ ਤੋਂ ਬਚਾਅ ਲਈ ਆਪਣਾ ਆਲਾ-ਦੁਆਲਾ ਸਵੱਛ ਰੱਖਣਾ ਬੇਹੱਦ ਜ਼ਰੂਰੀ ਹੈ। ਮੌਸਮ ਬਦਲਣ ਦੇ ਨਾਲ-ਨਾਲ ਡੇਂਗੂ ਦਾ ਖਤਰਾ ਮੰਡਰਾਉਣ ਲੱਗ ਪੈਂਦਾ ਹੈ ਅਤੇ ਇਨ੍ਹੀਂ ਦਿਨੀਂ ਡੇਂਗੂ ਦੇ ਬੁਖਾਰ ਦਾ ਕਹਿਰ ਬੜੀ ਤੇਜ਼ੀ ਨਾਲ ਫੈਲਦਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਮੈਡੀਸਨ ਦੇ ਮਾਹਿਰ ਡਾਕਟਰ ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਡੇਂਗੂ ਦਾ ਬੁਖਾਰ ਏਡੀਜ਼ ਮੱਛਰ ਦੇ ਕੱਟਣ ਨਾਲ਼ ਹੁੰਦਾ ਹੈ, ਜਿਸ ਨੂੰ ਠੀਕ ਹੋਣ ਵਿੱਚ ਕਾਫੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਭਗ 3-4 ਦਿਨਾਂ ਬਾਅਦ ਡੇਂਗੂ ਬੁਖਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਹਨਾਂ ਦਾ ਸਮੇਂ ਤੇ ਇਲਾਜ਼ ਹੋਣ ਨਾਲ ਹਾਲਾਤ ਕਾਬੂ ਵਿੱਚ ਰਹਿ ਸਕਦੇ ਹਨ, ਨਹੀਂ ਤਾਂ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ।
ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਡੇਂਗੂ ਦਾ ਬੁਖਾਰ ਹੋਣ ਤੇ ਤੇਜ਼ ਠੰਡ ਲੱਗਦੀ ਹੈ, ਇਸ ਦੇ ਨਾਲ਼ ਹੀ ਸਿਰ ਦਰਦ, ਕਮਰ ਦਰਦ, ਅੱਖਾਂ ਵਿੱਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਜੋੜਾਂ ਵਿੱਚ ਦਰਦ ਤੋਂ ਇਲਾਵਾ ਉਲਟੀਆਂ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਡੇਂਗੂ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਹੱਥਾਂ ਪੈਰਾਂ ਵਿੱਚ ਦਰਦ, ਭੁੱਖ ਨਾ ਲੱਗਣਾ, ਉਲਟੀ ਆਉਣਾ, ਅੱਖਾਂ ਵਿੱਚ ਦਰਦ, ਸਿਰਦਰਦ, ਕਮਜ਼ੋਰੀ ਆਦਿ ਲੱਛਣ ਆਮ ਹੁੰਦੇ ਹਨ। ਪਰ ਜੇ ਸਮੇਂ ਸਿਰ ਸਥਿਤੀ `ਤੇ ਕਾਬੂ ਨਾ ਪਾਇਆ ਜਾਵੇ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਬਰਸਾਤੀ ਸੀਜ਼ਨ ਦੌਰਾਨ ਅਕਸਰ ਹੀ ਸਾਡੇ ਘਰਾਂ ਦੀਆਂ ਛੱਤਾਂ `ਤੇ ਪਏ ਪੁਰਾਣੇ ਸਮਾਨ, ਟਾਇਰਾਂ, ਬਰਤਨਾਂ ਆਦਿ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਜਿਸ ਤੋਂ ਡੇਂਗੂ ਦਾ ਲਾਰਵਾ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਘਰਾਂ ਦੇ ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ ਆਦਿ ਨੂੰ ਵੀ ਹਰ ਹਫ਼ਤੇ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮੱਛਰ ਨੂੰ ਫੈਲਣ ਤੋਂ ਰੋਕਣ ਲਈ ਹਰ ਹਫ਼ਤੇ ਸ਼ੁਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਂਦੇ ਹੋਏ ਆਪਣੇ ਘਰਾਂ ਵਿੱੱਚ ਕੂਲਰਾਂ, ਫਰਿੱਜਾਂ ਦੀ ਟਰੇਆਂ, ਗਮਲਿਆਂ ਆਦਿ ਵਿੱਚ ਖੜ੍ਹੇ ਪਾਣੀ ਨੂੰ ਸਾਫ਼ ਕੀਤਾ ਜਾਵੇ। ਡਾ. ਭਾਗੋਵਾਲੀਆ ਨੇ ਕਿਹਾ ਕਿ ਅਜਿਹੀਆਂ ਸਾਵਧਾਨੀਆਂ ਵਰਤ ਕੇ ਡੇਂਗੂ ਦੇ ਪ੍ਰੋਕਪ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ।