ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਭਾਉਣਾ-ਹਰਮਨਦੀਪ ਗਿੱਲ

ਗੁਰਦਾਸਪੁਰ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਮੈਂ ਹਰ ਰੋਜ ਲੋਕਾਂ ਵਿੱਚ ਵਿਚਰਦਾ ਹੋਇਆ ਆਪਣੇ ਨਜ਼ਰੀਏ ਤੋਂ ਬਦਲਦੇ ਸਮਾਜਿਕ ਰਾਜਨੀਤਕ ਸਮੀਕਰਣ ਦੇਖਦਾ ਹਾਂ। ਸਮਾਜ ਦਿਨ ਬ ਦਿਨ ਨਿਘਾਰ ਵੱਲ ਨੂੰ ਜਾ ਰਿਹਾ ਹੈ। ਲੋਕਾਂ ਦੇ ਚਿਹਰੇ ਦੇ ਰੰਗ ਫਿੱਕੇ ਪੈ ਰਹੇ ਹਨ ਪਰ ਸਰਮਾਏ ਦੀ ਚਮਕ ਦਮਕ ਹੋਰ ਵੀ ਵਧ ਰਹੀ ਹੈ। ਕਾਮਿਆਂ ਦੀ ਪਾਰਟੀ ਕਹਾਈ ਜਾਣ ਵਾਲੀ ਲੇਬਰ ਪਾਰਟੀ ਨੇ ਵੀ ਰਾਜਸ਼ਾਹੀ ਦੀ ਨੰਗੀ ਚਿੱਟੀ ਮਦਦ ਕੀਤੀ ਐ। ਸਾਡਾ ਪ੍ਰਧਾਨ ਮੰਤਰੀ ਉਹਨਾਂ ਲੋਕਾਂ ਦੀ ਅਗਵਾਈ ਕਰਨ ਵਿੱਚ ਨਿੱਤਰ ਆਇਆ ਐ ਜੋ ਰਾਜਸ਼ਾਹੀ ਨਾਲ ਅਥਾਹ ਪਿਆਰ ਕਰਦੇ ਹਨ । ਮੈਂ ਕਹਾਂਗਾ ਉਹ ਉਹਨਾਂ ਚੋਂ ਇੱਕ ਐ। ਕੰਮ ਕਰਕੇ ਜਿਉਣ ਵਾਲਿਆਂ ਦੀ ਜਿੰਦਗੀ ਹੋਰ ਵੀ ਨਰਕ ਭਰੀ ਬਣ ਰਹੀ ਐ ।
ਧਨਾਢਾਂ ਦਾ ਢਿੱਡ ਭਰਨ ਲਈ ਸੌਆਂ ਬਿਲੀਅਨ ਡਾਲਰ ਦਾ ਖਰਚ ਕੀਤਾ ਜਾ ਰਿਹਾ ਐ। ਉਹ ਪੈਸਾ ਕੰਮ ਕਰਨ ਵਾਲਿਆਂ ਦੀ ਦੇਣ ਹੈ। ਉਹਨਾਂ ਦੀ ਚੁਰਾਈ ਗਈ ਕਿਰਤ ਹੈ ਜਿਸਨੂੰ ਸਮਾਜ ਵਿੱਚ ਹੀ ਵਰਤਣ ਦਾ ਵਾਅਦਾ ਕੀਤਾ ਜਾਂਦਾ ਹੈ। ਇਸੇ ਹਿੱਸੇਦਾਰੀ ਨਾਲ ਹੀ ਲੋਕਾਂ ਨੂੰ ਸਿਹਤ ਸਹੂਲਤਾਂ , ਸਿਖਿਆ, ਟਰਾਂਸਪੋਰਟ ਸਹੂਲਤਾਂ ਤੇ ਹੋਰ ਤਰਾਂ ਦੀ ਸਮਾਜਿਕ ਸੁਰੱਖਿਆ ਮੁਹੱਈਆ ਕਰਨ ਦਾ ਲਾਰਾ ਲਾਇਆ ਜਾਂਦਾ ਹੈ। ਉਹ ਸੌਆਂ ਬਿਲੀਅਨ ਡਾਲਰ ਲਈ ਦੇਸ਼ ਨੂੰ ਦੁਨੀਆ ਦੀ ਵੱਡੀ ਬੈਂਕ ਤੋਂ ਕਰਜਾ ਚੁੱਕਣਾ ਪੈਂਦਾ ਹੈ। ਉਹੀ ਕਰਜ ਕੰਮ ਕਰਨ ਵਾਲੇ ਲੋਕਾਂ ਤੋਂ ਉਹਨਾਂ ਘਰਾਂ ਦੇ ਕਰਜਿਆਂ ਦੇ ਵਿਆਜ ਦੇ ਰੂਪ ਵਿੱਚ ਵਸੂਲ ਕੀਤਾ ਜਾਂਦਾ ਹੈ।
ਅੱਜ ਸਥਿਤੀ ਇਹ ਹੈ ਕਿ ਲੋਕ ਉਹਨਾਂ ਕਰਜਿਆਂ ਨੂੰ ਚੁਕਾਉਣ ਤੋਂ ਅਸਮਰਥ ਹੁੰਦੇ ਜਾ ਰਹੇ ਹਨ। ਸਾਰੀ ਸਾਰੀ ਉਮਰ ਪੂਰਾ ਪਰਿਵਾਰ ਇਕ ਘਰ ਦਾ ਕਰਜ ਮਸਾਂ ਉਤਾਰ ਪਾਉਂਦਾ ਹੈ। 50 ਤੋਂ 65 ਸਾਲ ਦੇ ਕੰਮ ਕਰਨ ਮਗਰੋਂ ਉਸ ਦੇ ਹਿੱਸੇ ਸਿਰਫ ਕਿਰਤ ਦੀ ਬੇਹਿਸਾਬ ਕਰਾਈ ਗਈ ਲੁੱਟ ਹੀ ਆਉਂਦੀ ਹੈ। ਜਿਸ ਕਿਰਤ ਦੀ ਲੁੱਟ ਨੂੰ, ਸਰਮਾਏਦਾਰ ਸਮਾਜ ਵਿੱਚ ਲੁੱਟ ਸਮਝਿਆ ਹੀ ਨਹੀਂ ਜਾਂਦਾ। ਸਗੋਂ ਇਸ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਹਰ ਇਨਸਾਨ ਕਿਰਤ ਦੀ ਲੁੱਟ ਕਰਨ ਵਿੱਚ ਹਿੱਸੇਦਾਰੀ ਕਰੇ। ਜੇ ਉਹ ਕਿਰਤ ਦੀ ਲੁੱਟ ਵਿੱਚ ਹਿੱਸੇਦਾਰੀ ਨਹੀਂ ਕਰਦਾ ਤਾਂ ਉਹ ਐਨਾ ਕੁ ਖੱਜਲ ਖੁਆਰ ਕੀਤਾ ਜਾਂਦਾ ਹੈ ਕਿ ਲੋਕਾਂ ਲਈ ਮਜਾਕ ਦਾ ਪਾਤਰ ਬਣ ਜਾਂਦਾ ਹੈ। ਖਾਸ ਕਰਕੇ ਉਹ ਇਨਸਾਨ ਜਿਸ ਨੂੰ ਸਰਮਾਏ ਦੇ ਭੂਤਰੇ ਦੈਂਤ ਨਾਲ ਲੜਨ ਲਈ ਦੂਜਿਆਂ ਨੂੰ ਜੱਥੇਬੰਦ ਕਰਨ ਦੀ ਸੋਝੀ ਨਹੀਂ ਹੁੰਦੀ ਪਰ ਸਿਧਾਂਤ ਦੀ ਮੋਟੀ ਮੋਟੀ ਸਮਝ ਹੁੰਦੀ ਹੈ। ਜੋ ਅਗਵਾਈ ਨਹੀਂ ਕਰ ਸਕਦਾ ਪਰ ਕਿਰਤ ਦੀ ਲੁੱਟ ਵਿੱਚ ਭਾਗੀਦਾਰ ਵੀ ਨਹੀਂ ਬਣਨਾ ਚਾਹੁੰਦਾ।
ਮੈਂ ਇਕ ਅਜਿਹੀ ਇੰਡਸਟ੍ਰੀ ਦਾ ਹਿੱਸਾ ਹਾਂ ਜਿੱਥੇ ਕੰਮ ਕਰਨ ਵਾਲੇ ਕਿਸੇ ਸਮੇਂ ਐਨੇ ਕੁ ਜੱਥੇਬੰਦ ਤੇ ਆਗੂ ਐਨੇ ਕੁ ਚੇਤਨ ਸਨ ਕਿ ਉਹ ਹਰ ਵਕਤ ਸਰਮਾਏਦਾਰੀ ਦੇ ਹਮਲੇ ਵਿਰੁੱਧ ਲੜਨ ਲਈ ਤਿਆਰ ਰਹਿੰਦੇ ਸਨ। ਇਕ ਵਕਤ ਆਇਆ ਕਿ ਲੇਬਰ ਪਾਰਟੀ ਦੇ ਰਾਜਸ਼ਾਹੀ ਪ੍ਰੇਮੀਆਂ ਨੇ ਤਾਨਾਸ਼ਾਹ ਲਿਬਰਲ ਪਾਰਟੀ ਦੇ ਕਾਰਕੁੰਨਾਂ ਨਾਲ ਰਲ ਕੇ ਉਸ ਆਗੂ ਨੂੰ ਢਾਹ ਲਿਆ ਤੇ ਲੜਾਕੂ ਕਾਮਿਆਂ ਨੂੰ ਮਾਲਕ ਦੀ ਮਿਲੀ ਭੁਗਤ ਨਾਲ ਇੰਡਸਟ੍ਰੀ ਵਿੱਚੋਂ ਹੌਲੀ ਬਾਹਰ ਕਰਨਾ ਸ਼ੁਰੂ ਕੀਤਾ ਤੇ ਉੱਚ ਮੱਧ ਵਰਗ ਦੇ ਲੋਕਾਂ ਨੂੰ ਇਸ ਇੰਡਸਟਰੀ ਵਿੱਚ ਵਾੜਨਾ। ਇਸ ਨਾਲ ਰਾਜਸ਼ਾਹੀ ਪ੍ਰੇਮੀਆਂ ਦੀ ਗਿਣਤੀ ਵਿੱਚ ਇਥੇ ਵੀ ਵਾਧਾ ਹੋ ਗਿਆ ਤੇ ਸਘੰਰਸ਼ ਵਿੱਚ ਯਕੀਨ ਨਾ ਰੱਖਣ ਵਾਲੇ ਲੋਕਾਂ ਦਾ ਬੋਲਬਾਲਾ। ਠੀਕ ਦਸ ਸਾਲ ਬਾਅਦ ਮੈਂ ਇਥੇ ਪੈਰ ਪਾਉਂਦਾ ਹਾਂ। ਮੈਂ ਹਰ ਕਾਮੇ ਦੇ ਰੌਂਅ ਨੂੰ ਸਮਝਣ ਦੀ, ਜਾਨਣ ਦੀ ਕੋਸ਼ਿਸ਼ ਵਿੱਚ ਲਗਾਤਾਰ ਪੰਜ ਸੱਤ ਸਾਲ ਕੰਮ ਕੀਤਾ। ਉਹਨਾ ਵਿੱਚ ਹੌਲੀ ਹੌਲੀ ਰੁਹਾਨੀ ਤਾਕਤ ਭਰੀ ਪਰ ਜਮਾਤੀ ਸਘੰਰਸ਼ ਵਾਲੀ ਗੱਲ ਨੂੰ ਉਹ ਸੁਣਨ ਤੋਂ ਭਾਵੇਂ ਕਤਰਾਉਣ ਪਰ ਤਜਰਬੇ ਕਰਨ ਤੋਂ ਮੁਨਕਰ ਨਹੀਂ ਹੋਣਗੇ। ਮੈਂ ਉਹਨਾਂ ਦੇ ਹਿਤਾਂ ਲਈ ਲੜਦਿਆਂ ਜਮਾਤੀ ਸਘੰਰਸ਼ ਦੀ ਸਮਝ ਵਿੱਚ ਵਾਧਾ ਕਰਨਾ ਸ਼ੁਰੂ ਕੀਤਾ। ਮੇਰਾ ਸਭ ਤੋਂ ਵੱਡਾ ਵਿਰੋਧ ਲੇਬਰ ਪਾਰਟੀ ਦੇ ਯੂਨੀਅਨ ਆਗੂਆਂ ਨੇ ਕੀਤਾ। ਉਹਨਾਂ ਨੂੰ ਜਮਾਤੀ ਸਘੰਰਸ਼ ਦੇ ਸ਼ਬਦ ਤੋਂ ਹੀ ਡਰ ਆਉਂਦਾ ਹੈ। ਉਹ ਨਹੀਂ ਚਾਹੁੰਦੇ ਕਿ ਕਿਰਤ ਕਰਨ ਵਾਲਿਆਂ ਦੇ ਹੱਥ ਰਾਜ ਹੋਵੇ। ਉਹ ਚਾਹੁੰਦੇ ਹਨ ਰਾਜ ਬੁਰਜੂਆਜ਼ੀ ਹੀ ਕਰੇ। ਜੇ ਰਾਜ ਬੁਰਜੂਆਜੀ ਹੀ ਕਰਦੀ ਹੈ ਤਾਂ ਕਿਰਤ ਦੀ ਲੁੱਟ ਖਤਮ ਹੋਣਾ ਮੁਮਕਿਨ ਹੀ ਨਹੀਂ । ਮਤਲਬ ਕਿ ਉਹ ਕਿਰਤ ਧਿਰ ਦੀ ਅਗਵਾਈ ਸਰਮਾਏਦਾਰੀ ਦੇ ਵਿਰੁੱਧ ਲੜਨ ਲਈ ਨਹੀ ਕਰ ਰਹੇ ਸਗੋਂ ਸਰਮਾਏਦਾਰ ਪ੍ਰਬੰਧ ਵਿਰੁੱਧ ਕੋਈ ਲਹਿਰ ਨਾ ਖੜ੍ਹੀ ਹੋਵੇ ਜਾਂ ਕਾਮੇ ਸਤਾ ਪ੍ਰਾਪਤ ਕਰਨ ਵੱਲ ਨਾ ਤੁਰ ਪੈਣ ਤਾਂ ਕਿਰਤ ਧਿਰ ਨੂੰ ਇਸ ਜਾਬਤੇ ਵਿੱਚ ਰੱਖਣ ਲਈ ਉਥੇ ਹਨ । ਉਹ ਹਰ ਉਸ ਆਗੂ ਤੇ ਕਾਮੇ ਦੇ ਵਿਰੁੱਧ ਪ੍ਰਚਾਰ ਅਰੰਭ ਕਰ ਦਿੰਦੇ ਹਨ ਕਿ ਇਸ ਤੋਂ ਖਤਰਾ ਐ। ਇਸੇ ਸੇਧ ਵਿੱਚ ਉਹ ਕਮਿਊਨਿਸਟ ਦੇਸ਼ , ਪਾਰਟੀ ਤੇ ਚੀਨ ਦਾ ਵਿਰੋਧ ਕਰਦੇ ਹਨ ਜਾਂ ਇਸ ਪਰਚਾਰ ਨੂੰ ਇਥੋਂ ਦੀ ਕਮਿਊਨਿਸਟ ਪਾਰਟੀ ਦੇ ਵਿਰੋਧ ਵਜੋਂ ਵਰਤਦੇ ਹਨ , ਜੋ ਕਿਰਤੀਆਂ ਨੂੰ ਜਮਾਤੀ ਸਘੰਰਸ਼ ਲਈ ਜੱਥੇਬੰਦ ਕਰਦੇ ਹਨ। ਇਸ ਕਰਕੇ ਜਦੋਂ ਮੈਂ ਆਪਣੀ ਇੰਡਸਟ੍ਰੀ ਵਿੱਚ ਕਾਮਿਆਂ ਨੂੰ ਜੱਥੇਬੰਦ ਕਰਨ ਦਾ ਕੰਮ ਆਪਣੇ ਹੱਥ ਵਿੱਚ ਲਿਆ ਤਾਂ ਭਾਵੇਂ ਉਹ ਸਭ ਤੋਂ ਹੇਠਲੇ ਪੱਧਰ ਉੱਪਰ ਹੀ ਐ , ਪਰ ਉਹ ਇਸ ਕੰਮ ਨੂੰ ਇੱਕ ਜੁਰਮ ਵਜੋਂ ਪਰਚਾਰਦੇ ਹਨ। ਉਹ ਮੈਨੂੰ ਮੁਜਰਿਮ ਕਹਿ ਕੇ ਮੇਰੇ ਵਿਰੁੱਧ ਪ੍ਰਚਾਰ ਸ਼ੁਰੂ ਕਰ ਦਿੰਦੇ ਹਨ। ਮੈਂ ਲਗਾਤਾਰ ਇਸ ਵਿੱਚ ਲੱਗਿਆ ਹੋਇਆ ਹਾਂ ਕਿ ਲੋਕਾਂ ਨੂੰ ਉਹਨਾਂ ਦੀਆਂ ਜੰਜੀਰਾਂ ਦਾ ਅਹਿਸਾਸ ਹੋਵੇ, ਉਹ ਆਪਣੇ ਦੁਸ਼ਮਣ ਨੂੰ ਪਹਿਚਾਨਣ ਤਾਂ ਕਿ ਉਹ ਨਿੱਜੀ ਮੁਫਾਦਾਂ ਵਿੱਚ ਨਾ ਉਲਝਣ ਤੇ ਜਮਾਤੀ ਸਘੰਰਸ਼ ਵਿੱਚ ਕੁੱਦਣ। ਜੇ ਇਹ ਜੁਰਮ ਵੀ ਹੈ ਤਾਂ ਮੈਂ ਇਹ ਜੁਰਮ ਕਰਨ ਲਈ ਖਿੜੇ ਮੱਥੇ ਤਿਆਰ ਹਾਂ। ਸਰਮਾਏਦਾਰੀ ਤੇ ਉਹਦੇ ਉਪਾਸ਼ਕ ਸੁਧਾਰਵਾਦੀਆਂ ਲਈ ਜੇ ਮੈਂ ਮੁਜਰਿਮ ਹਾਂ ਤਾਂ ਕੋਈ ਗੱਲ ਨਹੀਂ , ਮੈਂ ਆਪਣੇ ਲੋਕਾਂ ਲਈ ਸਹੀ ਹੋਵਾਂਗਾ।
ਲੱਖ ਧਨਾਢ ਇਕੱਠੇ ਹੋ ਕੇ ਮੇਰਾ ਸਮਾਜਿਕ ਬਾਈਕਾਟ ਕਰ ਸਕਦੇ ਹਨ ਜੋ ਅਗਲਿਆਂ ਕੀਤਾ ਵੀ ਹੋਇਐ , ਲੱਖ ਵਾਰ ਮੌਕਾਪ੍ਰਸਤ ਲੋਕ ਮੇਰੇ ਵਿਰੋਧ ਵਿੱਚ ਉਹਨਾ ਦੇ ਹੱਥ ਠੋਕੇ ਬਣ ਕੇ ਮੇਰੇ ਵਿਰੁੱਧ ਪ੍ਰਚਾਰ ਕਰਨ ਪਰ ਮੈਨੂੰ ਪਤਾ ਹੈ ਕਿ ਕਿਰਤੀ ਲੋਕ ਆਪਣੇ ਹਿਤਾਂ ਦੇ ਵਿਰੁੱਧ ਨਹੀਂ ਜਾ ਸਕਦੇ ਬਸ਼ਰਤੇ ਕਿ ਉਹ ਆਪਣੇ ਹਿਤਾਂ ਨੂੰ ਪਹਿਚਾਣਦੇ ਹੋਣ । ਉਹ ਲਾਜਮੀ ਇਸ ਲੜਾਈ ਵਿੱਚ ਅੱਜ ਨਹੀਂ ਤਾਂ ਕੱਲ੍ਹ ਮੇਰੇ ਨਾਲ ਹੋਣਗੇ।
ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਰਹਿਨਾ ਕਿੱਥੇ ਹਾਂ ? ਮੈਂ ਬੱਸ ਐਥੇ ਹੀ ਰਹਿੰਦਾ ਹਾਂ। ਉਸ ਇਨਸਾਨ ਦੀ ਕਹਾਣੀ ਸੁਣ ਰਿਹਾ ਹੁੰਦਾ ਹਾਂ ਜੋ 52 ਘੰਟੇ ਹਫਤੇ ਦੇ ਕੰਮ ਕਰਕੇ ਇਕ ਵਾਰ ਡਾਕਟਰ ਦੇ ਜਾਣ ਲਈ ਪੈਸੇ ਨਹੀਂ ਲਾਉਣ ਜੋਗਾ। ਜੋ ਸਾਰਾ ਹਫਤਾ ਕੰਮ ਕਰਨ ਤੋਂ ਬਾਅਦ ਵੀ ਆਪਣੇ ਪਰਿਵਾਰ ਨਾਲ ਖੁਸ਼ੀਆ ਮਨਾਉਣ ਲਈ ਸੌ ਵਾਰ ਹਿਸਾਬ ਕਿਤਾਬ ਲਾਉਂਦਾ ਹੈ ਕਿ ਉਹ ਪੈਸਿਆਂ ਦਾ ਪ੍ਰਬੰਧ ਕਿਵੇਂ ਕਰੇ ? ਮੈਂ ਉਸ ਇਨਸਾਨ ਨਾਲ ਬੈਠਾ, ਉਸ ਦੀ ਕਹਾਣੀ ਸੁਣ ਰਿਹਾ ਹੁੰਦਾ ਹਾਂ ਜੋ ਸਾਰੇ ਪਰਿਵਾਰ ਸਮੇਤ ਹਰ ਰੋਜ ਹੋਰਾਂ ਲੋਕਾਂ ਦੀ ਸੇਵਾ ਕਰਦਾ ਹੈ ਪਰ ਉਸਦੇ ਮਾਪੇ ਉਸ ਤੋਂ ਐਥੇ ਰੱਖਣੇ ਮੁਮਕਿਨ ਨਹੀਂ ਹੁੰਦੇ। ਮੈਂ ਹਰ ਉਸ ਔਰਤ ਦੀ ਕਹਾਣੀ ਸੁਣ ਰਿਹਾ ਹੁੰਦਾ ਹਾਂ ਜੋ ਸਰਮਾਏਦਾਰੀ ਪ੍ਰਬੰਧ ਅਧੀਨ ਬੱਚਾ ਜੰਮਣ ਦਾ ਹੀਆ ਇਸ ਲਈ ਨਹੀਂ ਕਰਦੀ ਕਿਉਂਕਿ ਉਸ ਲਈ ਜਨੇਪੇ ਵਿੱਚ ਕੰਮ ਬੰਦ ਕਰਨਾ ਮੁਮਕਿਨ ਨਹੀਂ , ਉਹ ਬੇਘਰ ਹੋ ਜਾਵੇਗੀ । ਮੈਂ ਉਸ ਪਰਿਵਾਰ ਦੀ ਕਹਾਣੀ ਸੁਣ ਰਿਹਾ ਹੁੰਦਾ ਹਾਂ ਜੋ ਇਸ ਲਈ ਬੱਚੇ ਪੈਦਾ ਨਹੀਂ ਕਰ ਪਾ ਰਿਹਾ ਕਿਉਂਕਿ ਉਹਨਾ ਕੋਲ ਉਹਨਾਂ ਨੂੰ ਪਾਲਣ ਪੋਸ਼ਣ ਦਾ ਸਮਾਂ ਨਹੀਂ ਕੱਢ ਪਾ ਰਹੇ। ਇਸੇ ਨੂੰ ਉਜਰਤੀ ਗੁਲਾਮੀ ਕਹਿੰਦੇ ਹਨ।
ਮੈਂ ਇਸ ਸਭ ਨੂੰ ਸਰਮਾਏਦਾਰੀ ਨਿਜਾਮ ਦਾ ਕੋਹੜ ਕਹਿੰਦਾ ਹਾਂ। ਭਾਵੇਂ ਸਰਮਾਏਦਾਰ ਪ੍ਰਬੰਧ ਨੇ ਨਵਾਂ ਤੇ ਉਚੇਰਾ ਰੂਪ ਧਾਰ ਲਿਆ ਪਰ ਕਿਰਤੀ ਲੋਕਾਂ ਗੁਲਾਮੀ ਤੋਂ ਨਿਜਾਤ ਨਹੀਂ ਮਿਲੀ। ਇਹ ਗੁਲਾਮੀ ਦਾ ਹੀ ਨਵਾਂ ਰੂਪ ਹੈ। ਇਹ ਹਰ ਕਿਰਤ ਦੀ ਲੁੱਟ ਕਰਨ ਵਿੱਚ ਮਾਹਰ ਹੋਣ ਵਾਲਿਆਂ ਦਾ ਸਮਾਜ ਹੈ। ਦੂਜਿਆਂ ਦੀ ਕਿਰਤ ਉੱਪਰ ਪਲਣ ਵਾਲਿਆਂ ਦਾ ਸਮਾਜ ਬਣ ਕੇ ਰਹਿ ਗਿਆ ਹੈ। ਕਿਰਤ ਕਰਕੇ ਜਿਉਣ ਵਿੱਚ ਵਿਸ਼ਵਾਸ ਰੱਖਣ ਵਾਲੇ ਗੁਲਾਮ ਹਨ ਉਹ ਹਰ ਸਰਮਾਏਦਾਰ ਸਮਾਜਿਕ ਪ੍ਰਬੰਧ ਵਿੱਚ ਇਸੇ ਤਰਾਂ ਰਹਿਣਗੇ। ਉਹਨਾਂ ਕੋਲ ਇਕੋ ਇਕ ਰਸਤਾ ਐ ਕਿ ਜਮਾਤੀ ਸਘੰਰਸ਼ ਰਾਹੀਂ ਬੁਰਜੂਆਜ਼ੀ ਦਾ ਤਖਤਾ ਪਲਟ ਕਰਕੇ ਸੱਤਾ ਪ੍ਰਾਪਤ ਕਰਨ, ਗੁਲਾਮੀ ਤੋਂ ਨਿਜਾਤ ਪਾਉਣ। ਪਰ ਇਹ ਐਨਾ ਸਿੱਧਾ ਨਹੀਂ ਜਿਨਾ ਸੌਖਿਆਂ ਮੈਂ ਲਿਖ ਦਿੱਤਾ ਐ ਸ਼ਾਇਦ ਅਜੇ ਇਹ ਤੁਹਾਡੇ ਵੀ ਗਲ਼ ਵਿੱਚ ਦੀ ਨਾ ਉਤਰੇ। ਪਰ ਇਹੋ ਹੱਲ ਐ।
ਬਾਬੇ ਨਾਨਕ ਨੇ ਮਲਕ ਭਾਗੋ ਦੀ ਰੋਟੀ ਵਿੱਚੋਂ ਕੰਮ ਕਰਨ ਵਾਲਿਆਂ ਦਾ ਨਚੋੜਿਆ ਲਹੂ ਕੱਢਿਆ ਸੀ ਕਿਉਂਕਿ ਮਲਕ ਭਾਗੋ ਕਿਰਤ ਦੀ ਲੁੱਟ ਕਰਨ ਵਾਲਿਆਂ ਵਿੱਚੋਂ ਇੱਕ ਸੀ। ਅਸੀਂ ਮਲਕ ਭਾਗੋ ਨੂੰ ਇਕ ਘਿਨਾਉਣਾ ਇਨਸਾਨ ਮੰਨਦੇ ਹਾਂ । ਉਹ ਸਿਰਫ ਇਨਸਾਨ ਦੀ ਹੀ ਉਦਾਹਰਣ ਨਹੀਂ ਸੀ। ਉਸ ਉਦਾਹਰਣ ਵਿੱਚ ਬਾਬੇ ਦਾ ਜਮਾਤੀ ਪੱਖ ਪਿਆ ਹੈ। ਹਰ ਕਿਰਤ ਦੀ ਲੁੱਟ ਕਰਨ ਵਾਲੇ ਤੇ ਉਸ ਵਿੱਚ ਹਿੱਸੇਦਾਰ ਬਣੇ ਹੋਏ ਦੀ ਰੋਟੀ ਵਿੱਚ ਕਿਰਤੀਆਂ ਦਾ ਨਚੋੜਿਆ ਲਹੂ ਪਿਆ ਹੈ। ਮਾਰਕਸ ਲਿਖਦਾ ਹੈ “ਸਰਮਾਇਆ ਸਿਰ ਤੋਂ ਪੈਰਾਂ ਤੱਕ ਕਿਰਤੀਆਂ ਦੇ ਲਹੂ ਨਾਲ ਲਿਬੜਿਆ ਹੋਇਆ ਐ”। ਪਰ ਇਹ ਸਮਾਜ ਉਸ ਤੋਂ ਵੀ ਲੱਚਰ ਇਹ ਹੈ ਕਿ ਉਹ ਲਹੂ ਨਚੋੜਨਾ ਕਨੂੰਨੀ ਤੌਰ ਉੱਤੇ ਕਬੂਲ ਕਰਦਾ ਹੈ ਤਾਂ ਹੀ ਤੁਸੀਂ ਸੁਣ ਰਹੇ ਹੁੰਦੇ ਹੋ ਕਿ “ਮੈਂ ਆਪਣੀ ਮਿਹਨਤ ਨਾਲ ਤਿੰਨ ਜਾਂ ਪੰਜ ਘਰ , ਟਰੱਕ, ਟੈਕਸੀਆਂ, ਦੁਕਾਨਾਂ ਆਦਿ ਲੈ ਲਏ।” ਪਰ ਮੇਰਾ ਬਾਬਾ ਨਾਨਕ ਕਹਿੰਦਾ ਐ “ਪਾਪਾ ਬਾਝਹੁ ਹੋਵੈ ਨਾਹੀ” ਭਾਵ ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ। ਹੁਣ ਮੈਂ ਬਾਬੇ ਨੂੰ ਗਲਤ ਕਹਾਂ ? ਇਹ ਮੁਮਕਿਨ ਨਹੀਂ ਤੇ ਮਲਕ ਭਾਗੋਆਂ ਨੂੰ ਨਸ਼ਰ ਨਾ ਕਰਾਂ ਇਹ ਭਾਈ ਲਾਲੋਆਂ ਦੇ ਆਗੂ, ਮੇਰੇ ਨਾਨਕ ਨੂੰ ਨਹੀਂ ਭਾਉਣਾ।

Leave a Reply

Your email address will not be published. Required fields are marked *